ਕਰਨਾਟਕ ਵਿੱਚ ਮੁੜ ਸਰਕਾਰ ਬਣਾਵੇਗੀ ਭਾਜਪਾ: ਸ਼ਾਹ

ਕਰਨਾਟਕ ਵਿੱਚ ਮੁੜ ਸਰਕਾਰ ਬਣਾਵੇਗੀ ਭਾਜਪਾ: ਸ਼ਾਹ

ਪਣਜੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਕਿਹਾ ਕਿ ਕਰਨਾਟਕ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਮੁੜ ਤੋਂ ਸਰਕਾਰ ਬਣਾਵੇਗੀ। ਦੱਖਣੀ ਗੋਆ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਵੱਲੋਂ ਭਾਜਪਾ ਦੀ ਛੋਟੇ ਸੂਬਿਆਂ ਗੋਆ ਅਤੇ ਉੱਤਰਾਖੰਡ ਵਿੱਚ ਜਿੱਤ ਸਬੰਧੀ ਦਿੱਤੇ ਗਏ ਬਿਆਨ ’ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਪਾਰਟੀ ਲਈ ਪ੍ਰਚਾਰ ਕਰਨ ਦੇ ਬਾਵਜੂਦ ਉੱਤਰ ਪੂਰਬ ਦੀਆਂ ਚੋਣਾਂ ਵਿੱਚ ਕਾਂਗਰਸ ਦਾ ਸਫ਼ਾਇਆ ਹੋ ਗਿਆ ਸੀ। ਸ਼ਾਹ ਨੇ ਕਿਹਾ, ‘‘ਜਦੋਂ ਅਸੀਂ ਗੋਆ ਅਤੇ ਉੱਤਰਾਖੰਡ ਵਿੱਚ ਚੋਣਾਂ ਜਿੱਤੀਆਂ ਤਾਂ ਕਾਂਗਰਸੀ ਨੇਤਾ ਮਲਿਕਾਰੁਜਨ ਖੜਗੇ ਨੇ ਕਿਹਾ ਕਿ ਇਹ ਤਾਂ ਛੋਟੇ ਸੂਬੇ ਹਨ। ਪਰ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਛੋਟੇ ਸੂਬੇ ਦੇਸ਼ ਦਾ ਮਹੱਤਵਪੂਰਨ ਹਿੱਸਾ ਹਨ।’’

ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਇਨ੍ਹਾਂ ਛੋਟੇ ਸੂੁਬਿਆਂ ਪ੍ਰਤੀ ਵੱਡੀਆਂ ਜ਼ਿੰਮੇਵਾਰੀਆਂ ਹਨ ਕਿਉਂਕਿ ਇਹ ਭਾਰਤ ਦਾ ਮਹੱਤਵਪੂਰਨ ਹਿੱਸਾ ਹਨ। ਸ਼ਾਹ ਨੇ ਕਿਹਾ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਨੂੰ ਗੋਆ ਅਤੇ ਉੱਤਰਾਖੰਡ ਵਰਗੇ ਸੂਬਿਆਂ ਵਿੱਚ ਪੂਰਨ ਬਹੁਮਤ ਦੀ ਬਖ਼ਸ਼ਿਸ਼ ਹੈ। ਉਨ੍ਹਾਂ ਕਿਹਾ, ‘‘ਛੋਟੇ ਸੂਬੇ ਦੇਸ਼ ਦੀ ‘ਧਰੋਹਰ’ ਹਨ ਅਤੇ ਉਹ ਵੀ ਵੱਡੇ ਸੂਬਿਆਂ ਵਾਂਗ ਬਰਾਬਰ ਮਹੱਤਵਪੂਰਨ ਹਨ।’’ ਉਨ੍ਹਾਂ ਕਿਹਾ, ‘‘ਭਾਜਪਾ ਕਰਨਾਟਕ ਵਿੱਚ ਮੁੜ ਸਰਕਾਰ ਬਣਾਵੇਗੀ।’’ ਹਾਲ ਹੀ ਵਿੱਚ ਉੱਤਰ ਪੂਰਬ ਚੋਣਾਂ ਵਿੱਚ ਕਾਂਗਰਸ ਦੀ ਹਾਰ ਵੱਲ ਇਸ਼ਾਰਾ ਕਰਦਿਆਂ ਸ਼ਾਹ ਨੇ ਕਿਹਾ ਕਿ ‘ਭਾਰਤ ਜੋੜੋ ਯਾਤਰਾ’ ਦੀ ਅਗਵਾਈ ਕਰਨ ਮਗਰੋਂ ਰਾਹੁਲ ਗਾਂਧੀ ਨੇ ਉੱਤਰ ਪੂਰਬੀ ਚੋਣਾਂ ਵਿੱਚ ਪੂਰੀ ਤਰ੍ਹਾਂ ਨਾਲ ਪ੍ਰਚਾਰ ਕੀਤਾ। ਉਨ੍ਹਾਂ ਕਿਹਾ, ‘‘ਪਰ ਕਾਂਗਰਸ ਦਾ ਇਨ੍ਹਾਂ ਸੂਬਿਆਂ ਵਿੱਚੋਂ ਸਫ਼ਾਇਆ ਹੋ ਗਿਆ ਅਤੇ ਲੋਕਾਂ ਨੇ ਭਾਜਪਾ ਨੂੰ ਬਹੁਮਤ ਨਾਲ ਜਿਤਾਇਆ।’’