ਕਰਨਾਟਕ: ਮੁੱਖ ਮੰਤਰੀ ਬਾਰੇ ਸ਼ਸ਼ੋਪੰਜ ਬਰਕਰਾਰ

ਕਰਨਾਟਕ: ਮੁੱਖ ਮੰਤਰੀ ਬਾਰੇ ਸ਼ਸ਼ੋਪੰਜ ਬਰਕਰਾਰ

ਖੜਗੇ ਦੀ ਰਿਹਾਇਸ਼ ’ਤੇ ਬੈਠਕਾਂ ਦਾ ਸਿਲਸਿਲਾ ਜਾਰੀ
ਨਵੀਂ ਦਿੱਲੀ-ਕਰਨਾਟਕ ਵਿੱਚ ਪੂਰਨ ਬਹੁਮਤ ਹਾਸਲ ਕਰਨ ਦੇ ਬਾਵਜੂਦ ਕਾਂਗਰਸ ਸੂਬੇ ਦੇ ਅਗਲੇ ਮੁੱਖ ਮੰਤਰੀ ਬਾਰੇ ਫੈਸਲਾ ਲੈਣ ’ਚ ਨਾਕਾਮ ਰਹੀ ਹੈ। ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਸ਼ਸ਼ੋਪੰਜ ਅੱਜ ਵੀ ਬਰਕਰਾਰ ਰਿਹਾ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ’ਤੇ ਚੱਲੇ ਬੈਠਕਾਂ ਦੇ ਦੌਰ ਦੌਰਾਨ ਆਗੂਆਂ ਨੂੰ ਮਨਾਉਣ ਦਾ ਸਿਲਸਿਲਾ ਚੱਲਦਾ ਰਿਹਾ। ਪਾਰਟੀ ਆਗੂ ਰਾਹੁਲ ਗਾਂਧੀ ਨੇ ਖੜਗੇ ਨਾਲ ਡੇਢ ਘੰਟੇ ਦੇ ਕਰੀਬ ਬੰਦ ਕਮਰਾ ਮੀਟਿੰਗ ਕੀਤੀ। ਮੁੱਖ ਮੰਤਰੀ ਦੇ ਅਹੁਦੇ ਲਈ ਪ੍ਰਮੁੱਖ ਦਾਅਵੇਦਾਰਾਂ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਤੇ ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀ.ਕੇ.ਸ਼ਿਵਕੁਮਾਰ ਨੇ ਵੀ ਖੜਗੇ ਨਾਲ ਅੱਜ ਵੱਖੋ ਵੱਖਰੀਆਂ ਬੈਠਕਾਂ ਕੀਤੀਆਂ। ਇਸ ਦੌਰਾਨ ਦੱਖਣੀ ਰਾਜ ਵਿੱਚ ਸਰਕਾਰ ਦੇ ਗਠਨ ਨੂੰ ਲੈ ਕੇ ਪੇਸ਼ਬੰਦੀਆਂ ’ਤੇ ਚਰਚਾ ਕੀਤੀ ਗਈ। ਦੋਵਾਂ ਦੇ ਸਾਬਕਾ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਵੀ ਮਿਲਣ ਦੇ ਆਸਾਰ ਹਨ। ਖੜਗੇ-ਰਾਹੁਲ ਦੀ ਬੰਦ ਕਮਰਾ ਮੀਟਿੰਗ ਵਿਚ ਪਾਰਟੀ ਦੇ ਜਨਰਲ ਸਕੱਤਰ ਤੇ ਕਰਨਾਟਕ ਮਾਮਲਿਆਂ ਦੇ ਇੰਚਾਰਜ ਰਣਦੀਪ ਸੁਰਜੇਵਾਲਾ ਤੇ ਏਆਈਸੀਸੀ ਦੇ ਜਨਰਲ ਸਕੱਤਰ (ਜਥੇਬੰਦੀ) ਕੇ.ਸੀ.ਵੇਣੂਗੋਪਾਲ ਵੀ ਮੌਜੂਦ ਸਨ।
ਉਧਰ ਸੋਮਵਾਰ ਨੂੰ ਨਾਸਾਜ਼ ਸਿਹਤ ਦੇ ਹਵਾਲੇ ਨਾਲ ਐਨ ਆਖਰੀ ਮੌਕੇ ਦਿੱਲੀ ਦੀ ਫੇਰੀ ਰੱਦ ਕਰਨ ਵਾਲੇ ਸ਼ਿਵਕੁਮਾਰ ਅੱਜ ਸੁਵਖ਼ਤੇ ਹੀ ਬੰਗਲੂਰੂ ਤੋਂ ਇਥੇ ਪੁੱਜ ਗਏ। ਹਵਾਈ ਅੱਡੇ ਉੱਤੇ ਉਹ ਪੱਤਰਕਾਰਾਂ ਦੇ ਸਵਾਲਾਂ ਨੂੰ ਟਾਲਦੇ ਹੋਏ ਬਾਹਰ ਨਿਕਲ ਗਏ। ਉਹ ਸਿੱਧਾ ਆਪਣੇ ਭਰਾ, ਜੋ ਸੰਸਦ ਮੈਂਬਰ ਵੀ ਹੈ, ਦੀ ਰਿਹਾਇਸ਼ ’ਤੇ ਚਲੇ ਗਏ। ਸ਼ਿਵਕੁਮਾਰ ਸ਼ਾਮ ਪੰਜ ਵਜੇ ਦੇ ਕਰੀਬ ਖੜਗੇ ਦੀ ਰਿਹਾਇਸ਼ ’ਤੇ ਪੁੱਜੇ। ਸ਼ਿਵਕੁਮਾਰ ਅੱਧੇ ਘੰਟੇ ਦੇ ਕਰੀਬ ਉਥੇ ਰੁਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੇ ਬਿਨਾਂ ਹੀ ਉਥੋਂ ਚਲੇ ਗਏ। ਉਨ੍ਹਾਂ ਦੇ ਜਾਂਦੇ ਹੀ ਸਿੱਧਾਰਮਈਆ ਸ਼ਾਮੀਂ 6 ਵਜੇ ਦੇ ਕਰੀਬ ਖੜਗੇ ਦੀ 10, ਰਾਜਾਜੀ ਮਾਰਗ ਸਥਿਤ ਰਿਹਾਇਸ਼ ’ਤੇ ਪੁੱਜੇ। ਦੋਵਾਂ ਆਗੂਆਂ ਨੇ ਅਗਲੇ ਮੁੱਖ ਮੰਤਰੀ ਬਾਰੇ ਵਿਚਾਰ ਵਟਾਂਦਰਾ ਕੀਤਾ। ਸੂਤਰਾਂ ਮੁਤਾਬਕ ਸ਼ਿਵਕੁਮਾਰ ਤੇ ਸਿੱਧਾਰਮਈਆ, ਦੋਵਾਂ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਆਪੋ ਆਪਣੀ ਦਾਅਵੇਦਾਰੀ ਜਤਾਈ ਹੈ। ਇਸ ਦੌਰਾਨ ਦੋਵਾਂ ਆਗੂਆਂ ਦੇ ਸਮਰਥਕ ਆਪੋ ਆਪਣੇ ਆਗੂ ਲਈ ਲੌਬਿੰਗ ਕਰਦੇ ਵੀ ਨਜ਼ਰ ਆਏ। ਕਰਨਾਟਕ ਦੇ ਨਵੇਂ ਚੁਣੇ ਵਿਧਾਇਕ ਇਕ ਲਾਈਨ ਦੇ ਮਤੇ ਰਾਹੀਂ ਖੜਗੇ ਨੂੰ ਕਾਂਗਰਸ ਵਿਧਾਇਕ ਦਲ ਦਾ ਆਗੂ ਚੁਣਨ ਦਾ ਅਧਿਕਾਰ ਸੌਂਪ ਚੁੱਕੇ ਹਨ। ਖੜਗੇ ਵੱਲੋਂ ਨਿਯੁਕਤ ਤਿੰਨ ਕੇਂਦਰੀ ਨਿਗਰਾਨਾਂ ਨੇ ਆਪਣੀ ਰਿਪੋਰਟ ਲੰਘੇ ਦਿਨ ਹੀ ਉਨ੍ਹਾਂ ਨੂੰ ਸੌਂਪ ਦਿੱਤੀ ਸੀ। ਇਨ੍ਹਾਂ ਨਿਗਰਾਨਾਂ ਨੇ ਐਤਵਾਰ ਨੂੰ ਬੰਗਲੂਰੂ ਵਿੱਚ ਨਵੇਂ ਚੁਣੇ ਪਾਰਟੀ ਵਿਧਾਇਕਾਂ ਨਾਲ ਵੱਖਰੋ ਵੱਖਰੀ ਗੱਲਬਾਤ ਕਰਕੇ ਮੁੱਖ ਮੰਤਰੀ ਚਿਹਰੇ ਬਾਰੇ ਉਨ੍ਹਾਂ ਦੀ ਰਾਏ ਜਾਣੀ ਸੀ।