ਕਰਨਾਟਕ: ਮਾਂਡਿਆ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ

ਕਰਨਾਟਕ: ਮਾਂਡਿਆ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ

ਬੰਗਲੂਰੂ/ਮਾਂਡਿਆ- ਕਰਨਾਟਕ ਦੇ ਡੈਮਾਂ ਤੋਂ ਕਾਵੇਰੀ ਦਾ ਪਾਣੀ ਤਾਮਿਲਨਾਡੂ ਵੱਲ ਛੱਡਣ ਦੇ ਵਿਰੋਧ ਵਿੱਚ ਵੱਖ-ਵੱਖ ਕਿਸਾਨਾਂ ਅਤੇ ਕੰਨੜ ਪੱਖੀ ਜਥੇਬੰਦੀਆਂ ਵੱਲੋਂ ‘ਬੰਦ’ ਦੇ ਦਿੱਤੇ ਗਏ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਅੱਜ ਮਾਂਡਿਆ ਵਿੱਚ ਜ਼ਿਆਦਾਤਰ ਦੁਕਾਨਾਂ ਬੰਦ ਰਹੀਆਂ। ਸਿੰਜਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਾਵੇਰੀ ਜਲ ਪ੍ਰਬੰਧਨ ਅਥਾਰਟੀ ਦੇ ਨਿਰਦੇਸ਼ਾਂ ਅਨੁਸਾਰ ਕਰਨਾਟਕ ਵੱਲੋਂ ਗੁਆਂਢੀ ਰਾਜ ਨੂੰ 5,000 ਕਿਊਸਿਕ ਪਾਣੀ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਇੱਥੇ ਮਾਰਚ ਕਰਦਿਆਂ ਨਾਅਰੇਬਾਜ਼ੀ ਕੀਤੀ ਅਤੇ ਮਾਂਡਿਆ ਨਾਲ ਬੇਇਨਸਾਫੀ ਹੋਣ ਦਾ ਦੋਸ਼ ਲਾਇਆ। ਮਾਂਡਿਆ ਵਿੱਚ ਹੀ ਕਾਵੇਰੀ ਨਦੀ ’ਤੇ ਕ੍ਰਿਸ਼ਨਾਰਾਜ ਸਾਗਰ ਡੈਮ ਸਥਿਤ ਹੈ। ਪ੍ਰਦਰਸ਼ਨਕਾਰੀਆਂ ਨੇ ਦੁਕਾਨਦਾਰਾਂ ਅਤੇ ਪੈਟਰੋਲ ਤੇ ਡੀਜ਼ਲ ਪੰਪਾਂ ਸਮੇਤ ਹੋਰ ਵੱਖ-ਵੱਖ ਵਪਾਰਕ ਅਦਾਰਿਆਂ ਦੇ ਮਾਲਕਾਂ ਨੂੰ ਇਸ ਬੰਦ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਦੇ ਮੱਦੇਨਜ਼ਰ ਅੱਜ ਬਹੁਤੀਆਂ ਦੁਕਾਨਾਂ ਬੰਦ ਰਹੀਆਂ ਅਤੇ ਜਿਨ੍ਹਾਂ ਨੇ ਖੋਲ੍ਹੀਆਂ ਸਨ ਉਨ੍ਹਾਂ ਨੇ ਵੀ ਪ੍ਰਦਰਸ਼ਨਕਾਰੀਆਂ ਦੀ ਅਪੀਲ ਤੋਂ ਬਾਅਦ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ। ਇਸ ਦੌਰਾਨ ਮਾਂਡਿਆ ਰਕਸ਼ਾਨਾ ਵੇਦੀਕੇ ਨਾਮ ਦੀ ਜਥੇਬੰਦੀ ਦੇ ਕਾਰਕੁਨਾਂ ਨੇ ਮੋਟਰਸਾਈਕਲ ਮਾਰਚ ਕਰਨ ਤੋਂ ਬਾਅਦ ਸ਼ਹਿਰ ਦੇ ਸੰਜੈ ਸਰਕਲ ਨੇੜੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਨਾਅਰੇਬਾਜ਼ੀ ਕਰਦਿਆਂ ਮਾਂਡਿਆ ਅਤੇ ਕਰਨਾਟਕ ਨਾਲ ਬੇਇਨਸਾਫ਼ੀ ਹੋਣ ਦਾ ਦੋਸ਼ ਲਾਇਆ।