ਕਰਨਾਟਕ ਚੋਣ ਨਤੀਜੇ: ਕਾਂਗਰਸ ਅਤੇ ਵਿਰੋਧੀ ਧਿਰਾਂ ਲਈ ਸਬਕ

ਕਰਨਾਟਕ ਚੋਣ ਨਤੀਜੇ: ਕਾਂਗਰਸ ਅਤੇ ਵਿਰੋਧੀ ਧਿਰਾਂ ਲਈ ਸਬਕ

ਸ਼ਿਵ ਇੰਦਰ ਸਿੰਘ

ਗੁਜਰਾਤ ਵਿਧਾਨ ਸਭਾ ਜਿੱਤਣ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਵਿਚ ਵੱਡਾ ਰੋਡ ਸ਼ੋਅ ਕੀਤਾ ਸੀ। ਅਰਥ ਸਾਫ ਸੀ ਕਿ ਹੁਣ ਆਪਣੇ ਨਾਮ ਦਾ ਡੰਕਾ ਕਰੀਬ 5 ਮਹੀਨੇ ਬਾਅਦ ਆਉਂਦੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਵਿਚ ਵਜਾਉਣਾ ਹੈ। ਫਿਰ ਇਹਨਾਂ ਪੰਜਾਂ ਮਹੀਨਿਆਂ ਵਿਚ ਭਾਜਪਾ ਨੇਤਾਵਾਂ ਤੇ ਸਰਕਾਰ ਪੱਖੀ ਝੁਕਾਅ ਰੱਖਣ ਵਾਲੇ ਮੀਡੀਆ ਨੇ ਸੂਬੇ ਵਿਚ ਲਵ ਜਹਾਦ, ਹਿਜਾਬ, ਹਿੰਦੂ-ਮੁਸਲਮਾਨ, ਦੁਬਾਰਾ ਇਤਿਹਾਸ ਲਿਖਣ, ਮੀਟ ਵੇਚਣ ’ਤੇ ਮਨਾਹੀ ਵਰਗੇ ਮੁੱਦੇ ਉਭਾਰ ਕੇ ਆਪਣੀਆਂ ਨਾਲਾਇਕੀਆਂ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ। 2022 ਵਿਚ ਭਾਜਪਾ ਦੀ ਸਰਕਾਰ ਸੂਬੇ ਵਿਚ ਧਰਮ ਪਰਿਵਰਤਨ ਵਿਰੋਧੀ ਕਾਨੂੰਨ ਬਣਾ ਚੁੱਕੀ ਸੀ। ਭਾਜਪਾ ਵੱਲੋਂ ਇਹ ਚੋਣ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਿਹਰੇ ’ਤੇ ਲੜੀ ਗਈ ਸੀ। ਬੀਐੱਸ ਯੇਡੀਯੂਰੱਪਾ ਦੀ ਥਾਂ ਬਣਾਇਆ ਗਿਆ ਮੁੱਖ ਮੰਤਰੀ ਬਸਵਰਾਜ ਬੋਮਈ ਭਾਜਪਾ ਲਈ ਨੁਕਸਾਨਦੇਹ ਸਾਬਿਤ ਹੋਇਆ। ਲਿੰਗਾਇਤ ਭਾਈਚਾਰੇ ਦਾ ਦੀ ਵੱਡੀ ਵੋਟ ਭਾਜਪਾ ਨਾਲੋਂ ਟੁੱਟ ਗਈ। ਲਿੰਗਾਇਤ ਪ੍ਰਭਾਵ ਵਾਲੀਆਂ 67 ਸੀਟਾਂ ਵਿਚੋਂ ਕਾਂਗਰਸ ਨੇ 42 ਸੀਟਾਂ ਉੱਤੇ ਜਿੱਤ ਪ੍ਰਾਪਤ ਕੀਤੀ; ਪਿਛਲੀ ਵਿਧਾਨ ਸਭਾ ਵਿਚ ਭਾਜਪਾ ਨੇ ਇਹਨਾਂ 67 ਸੀਟਾਂ ਵਿਚੋਂ 41 ਸੀਟਾਂ ਜਿੱਤੀਆਂ ਸਨ।

ਮੋਦੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ’ਚ 6 ਵੱਡੇ ਰੋਡ ਸ਼ੋਅ ਕੀਤੇ ਤੇ 19 ਰੈਲੀਆਂ ਨੂੰ ਸੰਬੋਧਨ ਕੀਤਾ ਜਿਸ ਵਿਚ ਉਹਨਾਂ ਸਿਰੇ ਦੀਆਂ ਫਿਰਕੂ, ਸਵੈ-ਕੇਂਦਰਿਤ ਭਾਵੁਕ ਤਕਰੀਰਾਂ ਕੀਤੀਆਂ। ਜਦੋਂ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਬਜਰੰਗ ਦਲ ਅਤੇ ਪੀਐਫਆਈ ਵਰਗੇ ਸੰਗਠਨਾਂ ’ਤੇ ਰੋਕ ਲਾਉਣ ਦੀ ਗੱਲ ਕੀਤੀ ਤਾਂ ਮੋਦੀ ਅਤੇ ਭਾਜਪਾ ਨੇਤਾਵਾਂ ਨੇ ਇਸ ਨੂੰ ਬਜਰੰਗ ਬਲੀ ਦਾ ਅਪਮਾਨ ਦੱਸਣ ਦੀ ਸਿਆਸਤ ਕੀਤੀ। ਲਿੰਗਾਇਤ ਤੇ ਵੋਕਾਲਿਗਾ ਭਾਈਚਾਰੇ ਦੀ ਵੋਟ ਖਿੱਚਣ ਲਈ ਅਮਿਤ ਸ਼ਾਹ ਨੇ ਮੁਸਲਿਮ ਭਾਈਚਾਰੇ ਦਾ ਚਾਰ ਫ਼ੀਸਦੀ ਰਾਖਵਾਂਕਰਨ ਖ਼ਤਮ ਕਰਨ ਦਾ ਮੁੱਦਾ ਉਛਾਲਿਆ ਜਿਸ ’ਤੇ ਦੇਸ਼ ਦੀ ਸਰਬ-ਉੱਚ ਅਦਾਲਤ ਨੇ ਵੀ ਨਾਰਾਜ਼ਗੀ ਪ੍ਰਗਟ ਕੀਤੀ। ਅੰਗਰੇਜ਼ਾਂ ਨਾਲ ਦਲੇਰੀ ਨਾਲ ਲੜਨ ਵਾਲੇ ਸ਼ਾਸਕ ਟੀਪੂ ਸੁਲਤਾਨ ਨੂੰ ਭਾਜਪਾ ਨੇ ਕੱਟੜ ਮੁਸਲਮਾਨ ਅਤੇ ਹਿੰਦੂ ਵਿਰੋਧੀ ਵਜੋਂ ਪੇਸ਼ ਕਰ ਕੇ ਪ੍ਰਚਾਰ ਕੀਤਾ ਕਿ ਕਾਂਗਰਸ ਦੀ ਜਿੱਤ ਟੀਪੂ ਸੁਲਤਾਨ ਦੇ ਹਮਾਇਤੀਆਂ ਤੇ ਟੁਕੜੇ ਟੁਕੜੇ ਗੈਂਗ ਦੀ ਜਿੱਤ ਹੋਵੇਗੀ। ਭਾਜਪਾ ਨੇ ਓਲਡ ਮੈਸੂਰ ਇਲਾਕੇ ਵਿਚ ਵੋਕਾਲਿਗਾ ਭਾਈਚਾਰੇ ਨੂੰ ਮੁਸਲਮਾਨਾਂ ਵਿਰੁੱਧ ਖੜ੍ਹਾ ਕਰਨ ਲਈ ਇਹ ਪ੍ਰਚਾਰ ਵੀ ਕੀਤਾ ਕਿ ਟੀਪੂ ਸੁਲਤਾਨ ਦੀ ਮੌਤ ਅੰਗਰੇਜ਼ ਦੀ ਤਲਵਾਰ ਨਾਲ ਨਹੀਂ ਸਗੋਂ ਇੱਕ ਵੋਕਾਲਿਗਾ ਦੀ ਤਲਵਾਰ ਨਾਲ ਹੋਈ ਸੀ।

ਦੂਜੇ ਪਾਸੇ ਕਾਂਗਰਸ ਨੇ ਭ੍ਰਿਸ਼ਟਾਚਾਰ, 40 ਫ਼ੀਸਦੀ ਕਮਿਸ਼ਨ ਵਾਲੀ ਸਰਕਾਰ ਭਜਾਓ, ਮਹਿੰਗਾਈ, ਬੇਰੁਜ਼ਗਾਰੀ, ਕਾਰਪੋਰੇਟ ਘਰਾਣਿਆਂ ਦੀ ਲੁੱਟ-ਖਸੁੱਟ , ਪੰਜ ਗ੍ਰਾਂਟੀਆਂ, ਫਿਰਕਾਪ੍ਰਸਤੀ ਦਾ ਵਿਰੋਧ ਤੇ ਭਾਈਚਾਰਿਆਂ ਵਿਚ ਆਪਸੀ ਸਦਭਾਵਨਾ ਤੇ ਲੋਕਾਂ ਦੇ ਆਮ ਮੁੱਦਿਆਂ ਨੂੰ ਆਧਾਰ ਬਣਾ ਕੇ ਚੋਣ ਲੜੀ। ਕਾਂਗਰਸ ਦੀ ਖੇਤਰੀ ਲੀਡਰਸ਼ਿਪ ਨੇ ਇਕਜੁੱਟ ਹੋ ਕੇ ਭਾਜਪਾ ਦਾ ਕਿਲ੍ਹਾ ਢਹਿ-ਢੇਰੀ ਕਰ ਦਿੱਤਾ। ਇਹਨਾਂ ਚੋਣ ਨਤੀਜਿਆਂ ਨੇ ‘ਮੋਦੀ ਦਾ ਅਜੇਤੂ ਚਿਹਰਾ’, ‘ਮੋਦੀ ਹੈ ਤੋਂ ਮੁਮਕਿਨ ਹੈ’ ਆਦਿ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ। ਲੋਕਾਂ ਨੇ ਫਿਰਕਾਪ੍ਰਸਤੀ ਦੀ ਰਾਜਨੀਤੀ ਨੂੰ ਰੱਦ ਕਰਦਿਆਂ ਮੁੱਦਿਆਂ ਤੇ ਲੋਕ ਸਰੋਕਾਰਾਂ ਦੀ ਸਿਆਸਤ ’ਤੇ ਮੋਹਰ ਲਾਈ ਹੈ। ਭਾਜਪਾ ਤੋਂ ਦੱਖਣ ਭਾਰਤ ’ਚ ਉਸ ਦੇ ਰਾਜ ਵਾਲਾ ਇਕਲੌਤਾ ਸੂਬਾ ਵੀ ਖੋਹ ਲਿਆ।

224 ਮੈਂਬਰੀ ਕਰਨਾਟਕ ਵਿਧਾਨ ਸਭਾ ਵਿਚ 135 ਸੀਟਾਂ ਜਿੱਤ ਕੇ ਕਾਂਗਰਸ ਨੇ ਸੱਤਾ ’ਤੇ ਕਬਜ਼ਾ ਕੀਤਾ ਹੈ। ਭਾਜਪਾ ਨੂੰ 66 ਸੀਟਾਂ ਨਾਲ ਹੀ ਸਬਰ ਕਰਨਾ ਪਿਆ। ਕਿੰਗ ਮੇਕਰ ਬਣਨ ਦੇ ਸੁਫਨੇ ਦੇਖਣ ਵਾਲੀ ਜਨਤਾ ਦਲ (ਸੈਕੂਲਰ ) ਨੂੰ 19 ਸੀਟਾਂ ’ਤੇ ਹੀ ਸਬਰ ਕਰਨਾ ਪਿਆ। 4 ਸੀਟਾਂ ਆਜ਼ਾਦ ਅਤੇ ਹੋਰਾਂ ਦੇ ਹਿੱਸੇ ਆਈਆਂ। ਕਾਂਗਰਸ ਨੇ ਪਿਛਲੇ 34 ਸਾਲਾਂ ਦਾ ਰਿਕਾਰਡ ਤੋੜ ਕੇ 43 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ। ਭਾਜਪਾ 36 ਫ਼ੀਸਦੀ ਵੋਟਾਂ ਲੈ ਕੇ ਆਪਣਾ ਪੁਰਾਣਾ ਵੋਟ ਸ਼ੇਅਰ ਕਾਇਮ ਰੱਖਣ ਵਿਚ ਕਾਮਯਾਬ ਹੋ ਗਈ। ਜਨਤਾ ਦਲ (ਸੈਕੂਲਰ) ਦਾ ਪਿਛਲੀ ਵਾਰ ਨਾਲੋਂ 5 ਫ਼ੀਸਦੀ ਵੋਟ ਘਟ ਕੇ 13 ਫ਼ੀਸਦੀ ਰਹਿ ਗਿਆ; ਮਤਲਬ, ਕਾਂਗਰਸ ਨੇ ਜਨਤਾ ਦਲ (ਸੈਕੂਲਰ) ਦੇ ਵੋਟ ਬੈਂਕ ਨੂੰ ਖੋਰਾ ਲਾਇਆ।

ਇਹ ਚੋਣ ਨਤੀਜੇ ਜਿਥੇ ਕਾਂਗਰਸ ਅਤੇ ਹੋਰ ਭਾਜਪਾ ਵਿਰੋਧੀ ਪਾਰਟੀਆਂ ਲਈ ਆਸ ਦੀ ਕਿਰਨ ਲੈ ਕੇ ਆਏ ਹਨ ਤੇ ਇਹ ਅਹਿਸਾਸ ਜਗਾਇਆ ਹੈ ਕਿ ਮੋਦੀ ਦੇ ‘ਅਜੇਤੂ’ ਰਥ ਨੂੰ ਵੀ ਰੋਕਿਆ ਜਾ ਸਕਦਾ ਹੈ, ਉਥੇ ਇਹਨਾਂ ਸਭ ਪਾਰਟੀਆਂ ਲਈ 2024 ਦੀਆਂ ਲੋਕ ਸਭਾ ਚੋਣਾਂ ਲਈ ਸਬਕ ਵੀ ਬਹੁਤ ਹਨ। ਮੋਦੀ ਅਤੇ ਭਾਰਤੀ ਜਨਤਾ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਤੱਕ ਆਪਣੇ ਹਿੰਦੂਤਵ, ਮੁਸਲਿਮ ਵਿਰੋਧੀ, ਵੰਡ ਪਾਊ ਸਿਆਸਤ ਤੇ ਰਾਸ਼ਟਰਵਾਦ ਦੀ ਰਾਜਨੀਤੀ ਨੂੰ ਹੋਰ ਤੇਜ਼ ਕਰਨਗੇ। ਇਹ ਵਿਰੋਧੀ ਪਾਰਟੀਆਂ ਲਈ ਸੋਚਣ ਦੀ ਘੜੀ ਹੈ ਕਿ ਉਹਨਾਂ ਭਾਜਪਾ ਦੀ ਇਸ ਸਿਆਸਤ ਦਾ ਮੁਕਾਬਲਾ ਕਿਵੇਂ ਕਰਨਾ ਹੈ। ਕਰਨਾਟਕ ਵਿਚ ਕਾਂਗਰਸ ਨੇ ਆਪਣੀ ਸਥਾਨਕ ਲੀਡਰਸ਼ਿਪ ਨੂੰ ਕਾਫੀ ਤਾਕਤ ਦਿੱਤੀ ਸੀ। ਸਥਾਨਕ ਨੇਤਾ ਲੋਕਾਂ ਦੇ ਸਰੋਕਾਰਾਂ ਨੂੰ ਤੇ ਉਥੇ ਦੀ ਵੋਟ ਤੇ ਜਾਤੀ ਸਿਆਸਤ ਦੀਆਂ ਬਾਰੀਕੀਆਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਹੋਰਨਾਂ ਸੂਬਿਆਂ ‘ਚ ਕਾਂਗਰਸ ਉੱਤੇ ਹੀ ਦੋਸ਼ ਲਗਦਾ ਰਿਹਾ ਹੈ ਹੈ ਕਿ ਦਿੱਲੀ ਬੈਠੇ ਨੇਤਾ ਜੋ ਸੂਬੇ ਦੀ ਸਿਆਸੀ ਹਾਲਾਤ ਨੂੰ ਜਾਣਦੇ ਵੀ ਨਹੀਂ, ਆਪਣੇ ਫੈਸਲੇ ਸਥਾਨਕ ਲੀਡਰਸ਼ਿਪ ਉਤੇ ਮੜ੍ਹਦੇ ਰਹੇ ਹਨ। ਕਰਨਾਟਕ ਦੀ ਸਰਜ਼ਮੀਨ ਨਾਲ ਸਬੰਧ ਰੱਖਣ ਵਾਲੇ ਨੇਤਾਵਾਂ ਸਿੱਧਾਰਮਈਆ, ਡੀਕੇ ਸ਼ਿਵਕੁਮਾਰ ਤੇ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਭਾਜਪਾ ਦੇ ਹਿੰਦੂਤਵ ਨੂੰ ਕਾਟ ਕਰਨ ਲਈ ਪੱਛੜੀਆਂ ਜਾਤਾਂ, ਦਲਿਤਾਂ, ਆਦਿਵਾਸੀਆਂ ਤੇ ਘੱਟ-ਗਿਣਤੀਆਂ ਨੂੰ ਆਪਣੇ ਨਾਲ ਜੋੜਿਆ ਲਿੰਗਾਇਤ ਤੇ ਵੋਕਾਲਿਗਾ ਦਾ ਕਾਂਗਰਸ ਨਾਲ ਜੁੜਨਾ ਇਸ ਦੀ ਠੋਸ ਉਦਹਾਰਨ ਹੈ। ਭਾਜਪਾ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਭਗਵਾਕਰਨ ਦਾ ਅਸਰ ਕਰਨਾਟਕ ਦੇ ਤਟਵਰਤੀ ਇਲਾਕਿਆਂ ਤੱਕ ਹੀ ਸੀਮਤ ਹੈ ਪਰ ਉਸ ਦਾ ਰਾਜਨੀਤਕ ਪ੍ਰਗਟਾਵਾ ਗੁਜਰਾਤ ਤੇ ਯੂਪੀ ਵਰਗਾ ਨਹੀਂ ਹੁੰਦਾ।

ਭਾਰਤ ਪੱਧਰ ’ਤੇ ਭਾਜਪਾ ਦਾ ਮੁਕਾਬਲਾ ਨਾ ਤਾਂ ਚੋਣਾਂ ਸਮੇਂ ਮੰਦਰਾਂ ਵਿਚ ਘੰਟੀਆਂ ਵਜਾ ਕੇ, ਨਾ ਟਿੱਕਾ ਲਾ ਕੇ ਆਪਣੇ ਆਪ ਨੂੰ ਸ਼ਿਵ ਭਗਤ, ਬਜਰੰਗ ਬਲੀ ਭਗਤ ਸਾਬਤ ਕਰ ਕੇ, ਤੇ ਨਾ ਹੀ ਨਰਮ ਹਿੰਦੂਤਵ ਦੀ ਸਿਆਸਤ ਕਰ ਕੇ ਕੀਤਾ ਜਾ ਸਕਦਾ ਹੈ। ਇਹ ਸਾਫ ਲਕੀਰ ਖਿੱਚ ਕੇ ਉਹਨਾਂ ਤਾਕਤਾਂ ਦੀ ਸ਼ਨਾਖਤ ਕਰ ਕੇ ਤੇ ਉਹਨਾਂ ਨੂੰ ਨਾਲ ਲੈ ਕੇ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਮੋਦੀ ਦੇ ‘ਨਵੇਂ ਭਾਰਤ’ ਵਿਚ ਆਪਣਾ ਭਵਿੱਖ ਨਜ਼ਰ ਨਹੀਂ ਆ ਰਿਹਾ। ਇਹਨਾਂ ਤਾਕਤਾਂ ਦੀ ਪਛਾਣ 2019 ਦੀਆਂ ਲੋਕ ਸਭਾ ਚੋਣਾਂ ਨੇ ਹੀ ਕਰਾ ਦਿੱਤੀ ਸੀ ਜਦੋਂ ਮੋਦੀ ਦੀ ਲਹਿਰ ਵਿਚ ਵੀ ਉਹ ਉਧਰ ਨਹੀਂ ਗਏ। ਇਸ ਨੂੰ ਸਮਝਣ ਲਈ ਭਾਰਤ ਦੇ ਉਹਨਾਂ ਰਾਜਾਂ ਵੱਲ ਝਾਤ ਮਾਰਨੀ ਪਵੇਗੀ ਜਿਥੇ ਦੇਸ਼ ਦੀ ਬਹੁਗਿਣਤੀ ਹਿੰਦੂ ਆਬਾਦੀ ਨਾਲੋਂ ਗੈਰ-ਹਿੰਦੂ ਆਬਾਦੀ ਵਧੇਰੇ ਹੈ ਤੇ ਉਹ ਰਾਜ ਜਿਥੇ ਸੰਘ ਪਰਿਵਾਰ ਦੇ ਭਗਵੇਕਰਨ ਦਾ ਅਸਰ ਨਹੀਂ ਹੈ। ਪੰਜਾਬ, ਕੇਰਲ, ਕਸ਼ਮੀਰ ਘਾਟੀ, ਉਤਰ-ਪੁਰਬ ਦੇ ਕੁਝ ਰਾਜ ਤੇ ਦ੍ਰਾਵਿੜ ਲਹਿਰ ਦਾ ਗੜ੍ਹ ਰਿਹਾ ਤਾਮਿਲਨਾਡੂ ਇਸ `ਚ ਉਚੇਚੇ ਤੌਰ ਤੇ ਸ਼ਾਮਿਲ ਹਨ।

ਇਹਨਾਂ ਰਾਜਾਂ ਚ ਨਾ ਮੋਦੀ ਲਹਿਰ ਦਾ ਅਸਰ ਦਿਸਦਾ ਹੈ, ਨਾ ਹਿੰਦੂ ਰਾਸ਼ਟਰਵਾਦ ਦਾ ਅਸਰ ਹੈ ਪਰ ਇਸ ਦੇ ਬਾਵਜੂਦ ਇਹਨਾਂ ਰਾਜਾਂ ਵਿਚੋਂ ਫ਼ੌਜ ਵਿਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਮੋਦੀ ਪ੍ਰਭਾਵ ਵਾਲੇ ਰਾਜਾਂ ਤੋਂ ਕਿਤੇ ਵਧੇਰੇ ਹੈ। ਸਾਫ ਹੈ ਕਿ ਇਹਨਾਂ ਦੀ ਦੇਸ਼ ਭਗਤੀ ਤੇ ਰਾਸ਼ਟਰਵਾਦ ਵਿਚ ਕੋਈ ਕਮੀ ਨਹੀਂ ਪਰ ਭਗਵੀ ਸੋਚ ਦੁਆਰਾ ਥੋਪਿਆ ਰਾਸ਼ਟਰਵਾਦ ਇਹਨਾਂ ਨੂੰ ਕਬੂਲ ਨਹੀਂ। ਇਹੀ ਕਾਰਨ ਹੈ ਕਿ ਉਹ ਮੋਦੀ ਨੂੰ ਵੋਟ ਨਹੀਂ ਪਾਉਂਦੇ। ਉਹਨਾਂ ਨੂੰ ਮੋਦੀ ਦੇ ‘ਨਵੇਂ ਭਾਰਤ ਵਿਚ ਆਪਣੀ ਕੋਈ ਭੂਮਿਕਾ ਨਜ਼ਰ ਨਹੀਂ ਆ ਰਹੀ।

ਇਹਨਾਂ ਸੂਬਿਆਂ ਤੋਂ ਇਲਾਵਾ ਮੋਦੀ ਦੇ ‘ਨਵੇਂ ਭਾਰਤਦੇ ਵਿਰੋਧ ਵਿਚ ਹੋਰ ਵੀ ਵਧੇਰੀਆਂ ਆਵਾਜ਼ਾਂ ਸੁਣਾਈ ਦੇਣਗੀਆਂ। ਸਭ ਤੋਂ ਪਹਿਲਾਂ ਮੁਸਲਮਾਨ ਹਨ ਜੋ ਇਸ ਮੁਲਕ ਦੇ ਵੱਖ ਵੱਖ ਹਿੱਸਿਆਂ ਵਿਚ ਫੈਲਿਆ ਹੋਇਆ ਹੈ। ਇਹ ਭਾਈਚਾਰਾ ਭਾਜਪਾ ਦੇ ਹਰ ਵੱਡੇ ਛੋਟੇ ਨੇਤਾ ਦੇ ਨਿਸ਼ਾਨੇਤੇ ਹੈ। ਇਹ ਵਰਗ ਮੋਦੀ ਦੇ ‘ਨਵੇਂ ਭਾਰਤਵਿਚ ਆਪਣੇ ਆਪਣੇ ਆਪ ਨੂੰ ਸਭ ਤੋਂ ਵੱਧ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਹਨਾਂ ਨੂੰ ਆਪਣਾ ਕਹਿਣ ਵਾਲੀਆਂ ਪਾਰਟੀਆਂ ਨੇ ਉਹਨਾਂ ਨੂੰ ਉਹਨਾਂ ਦੇ ਹਾਲਤੇ ਛੱਡ ਦਿੱਤਾ ਹੈ। ਫਿਰ ਇਸ ‘ਨਵੇਂ ਭਾਰਤਤੋਂ ਅਸੰਤੁਸ਼ਟ ਵਰਗਾਂਚ ਦਲਿਤਾਂ, ਆਦਿਵਾਸੀਆਂ ਤੇ ਈਸਾਈਆਂ ਦਾ ਨਾਮ ਆਉਂਦਾ ਹੈ ਜੋ ਹਿੰਸਾ ਦਾ ਸ਼ਿਕਾਰ ਵੀ ਹੋ ਰਹੇ ਹਨ ਤੇ ਜਬਰੀ ਉਹਨਾਂ ਦਾ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਹੈ। ਉਦਾਰ, ਤਰਕਸ਼ੀਲ ਤੇ ਖੱਬੇ ਪੱਖੀ ਵਿਚਾਰਾਂ ਵਾਲਿਆਂ ਦੀ ਵੀ ‘ਨਵੇਂ ਭਾਰਤਕੋਈ ਥਾਂ ਨਹੀਂ ਹੈ। ਇਹ ਵਰਗ ਫਿਰਕੂ ਫਾਸ਼ੀਵਾਦ ਦਾ ਵਿਚਾਰਧਾਰਕ ਤੌਰਤੇ ਮੁਕਾਬਲਾ ਕਰਨ ਦੀ ਹਿੰਮਤ ਰੱਖਦਾ ਹੈ।

ਹਿੰਦੂਤਵੀ ਰਾਸ਼ਟਰਵਾਦ ਵਿਰੁੱਧ ਉਹਨਾਂ ਉਦਾਰ ਹਿੰਦੂਆਂ ਦੀ ਭੂਮਿਕਾ ਨੂੰ ਵੀ ਘੱਟ ਕਰ ਕੇ ਨਹੀਂ ਦੇਖਿਆ ਜਾ ਸਕਦਾ ਜੋ ਸੰਘ ਦੇ ਰਾਸ਼ਟਰਵਾਦ ਨੂੰ ਨਹੀਂ ਮੰਨਦੇ। ਇਹ ਆਮ ਬੋਲੀ `ਚ ਫਿਰਕੂ ਧਿਰਾਂ ਨੂੰ ਸਵਾਲ ਕਰ ਸਕਦੇ ਹਨ ਕਿ ਹਿੰਦੂ ਧਰਮ ਕਿਥੇ ਕਹਿੰਦਾ ਹੈ ਕਿ ਬੇਕਸੂਰਾਂ ਦਾ ਕਤਲ ਕਰੋ? ਸੰਘ ਦਾ ਹਿੰਦੂਤਵ ਹਿੰਦੂ ਧਰਮ ਦੀ ਸਹਿਣਸ਼ੀਲਤਾ ਤੋਂ ਕਿਵੇਂ ਵੱਡਾ ਹੋ ਗਿਆ? ਸੰਘ ਸਾਰੇ ਹਿੰਦੂਆਂ ਦੀ ਅਗਵਾਈ ਕਰਨ ਵਾਲਾ ਕਿਸ ਆਧਾਰ ਤੇ ਹੋ ਗਿਆ? ਇਹ ਮੂਲ ਸਵਾਲ ਉਦਾਰ ਕਿਸਮ ਦੇ ਹਿੰਦੂ ਹੀ ਪੁੱਛ ਸਕਦੇ ਹਨ। ਕਰਨਾਟਕ ਦੀਆਂ ਚੋਣਾਂ ’ਚ ਘੱਟ-ਗਿਣਤੀਆਂ ਦਲਿਤਾਂ ਦੇ ਨਾਲ ਆਮ ਹਿੰਦੂਆਂ ਨੇ ਵੀ ਭਾਜਪਾ ਵਿਰੁੱਧ ਵੋਟ ਦਿੱਤੀ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਫਿਰਕੂ ਮੁੱਦਿਆਂ ਨਾਲੋਂ ਸਾਡੀ ਜ਼ਿੰਦਗੀ ਦੇ ਰੋਜ਼ਮੱਰਾ ਮੁੱਦੇ ਅਹਿਮ ਹਨ।

ਮੋਦੀ ਦੇ ‘ਨਵੇਂ ਭਾਰਤ’ ਵਿਰੁੱਧ ਚੁਣਾਵੀ ਲੜਾਈ ਲੜਨ ਵਾਲੇ ਭਾਵੇਂ ਕਮਜ਼ੋਰ ਨਜ਼ਰ ਆਉਂਦੇ ਹਨ ਪਰ ਸੜਕਾਂ ’ਤੇ ਲੜਾਈ ਲੜ ਰਹੇ ਕਿਸਾਨ, ਮਜ਼ਦੂਰ, ਮੁਲਾਜ਼ਮ, ਨੌਜਵਾਨ, ਖਿਡਾਰੀ ਬਹੁਤ ਤਕੜੇ ਤੇ ਹੌਸਲੇ ਵਾਲੇ ਹਨ। ਹੁਣ ਸਵਾਲ ਇਹ ਹੈ ਕਿ ਚੁਣਾਵੀ ਲੜਾਈ ਲੜਨ ਵਾਲੇ ਸੜਕ ’ਤੇ ਲੜਨ ਵਾਲਿਆਂ ਨਾਲ ਆਪਣੀ ਸਾਂਝ ਕਦੋਂ ਪਾਉਣਗੇ? ਕਾਂਗਰਸ ਆਗੂ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦਾ ਅਸਰ ਕਰਨਾਟਕ ਚੋਣਾਂ ਵਿਚ ਸਾਫ ਦਿਖਾਈ ਦਿੱਤਾ ਹੈ। ਕਾਂਗਰਸ ਨੇ ਉਹਨਾਂ ਇਲਾਕਿਆਂ ਵਿਚ ਵੱਡੀ ਜਿੱਤ ਦਰਜ ਕੀਤੀ ਹੈ ਜਿਥੋਂ ਇਹ ਯਾਤਰਾ ਗੁਜ਼ਰੀ ਸੀ। ਸੜਕਾਂ ’ਤੇ ਲੜਨ ਵਾਲਿਆਂ ਨਾਲ ਸਾਂਝ ਪਾਉਣ ਲਈ ਉਹਨਾਂ ਦੇ ਦੁਖਾਂ ’ਚ ਸ਼ਰੀਕ ਹੋਣਾ ਬਹੁਤ ਜ਼ਰੂਰੀ ਹੈ।

ਸਿਆਸੀ ਤੌਰ ਤੇ ਹਿੰਦੂ ਫਾਸ਼ੀਵਾਦ ਦਾ ਮੁਕਾਬਲਾ ਉਹ ਪਾਰਟੀ ਕਰ ਸਕਦੀ ਹੈ ਜੋ ਉੱਤੇ ਦੱਸੇ ਹਿੰਦੂਤਵ ਤੋਂ ਅਸੰਤੁਸ਼ਟ ਵਰਗਾਂ ਨੂੰ ਨਾਲ ਲੈ ਕੇ ਚੱਲ ਸਕੇ ਤੇ ਸੱਤਾ ਵਿਚ ਆਪਣਾ ਭਾਗੀਦਾਰ ਬਣਾਵੇ। ਅਤੀਤ ਦਾ ਤਜਰਬਾ ਨਿਰਾਸ਼ ਕਰਨ ਵਾਲਾ ਰਿਹਾ ਹੈ। ਜਦੋਂ ਕਸ਼ਮੀਰ ਵਿਚ ਧਾਰਾ 370 ਮਨਸੂਖ ਕਰ ਕੇ ਲੋਕਾਂ ਦੇ ਮੌਲਿਕ ਹੱਕ ਖੋਹੇ ਗਏ ਤਾਂ ਭਾਜਪਾ ਵਿਰੋਧੀ ਕਹਾਉਂਦੀਆਂ ਬਹੁਤੀਆਂ ਪਾਰਟੀਆਂ ਨੇ ਦੱਬਵੀਂ ਆਵਾਜ਼ ਵਿਚ ਵਿਰੋਧ ਕੀਤਾ; ਕਈ ਭਾਜਪਾ ਵਾਲੇ ਖੇਮੇ ਵਿਚ ਖੜ੍ਹੀਆਂ ਨਜ਼ਰ ਆਈਆਂ। ਗੁਜਰਾਤ ਅਤੇ ਹੋਰ ਕਈ ਥਾਈਂ ਕਾਂਗਰਸ ਤੇ ਦੂਜੀਆਂ ਵਿਰੋਧੀ ਪਾਰਟੀਆਂ ਦੇ ਨੇਤਾ ਮੁਸਲਮਾਨਾਂ ਦੇ ਮੁਹੱਲਿਆਂਚ ਵੋਟਾਂ ਮੰਗਣ ਨਹੀਂ ਜਾਂਦੇ ਕਿਉਂਕਿ ਡਰ ਹੁੰਦਾ ਕਿ ਕਿਤੇ ਅਜਿਹਾ ਕਰ ਕੇ ਬਹੁਗਿਣਤੀ ਵਾਲੇ ਵਿਰੋਧੀ ਨਾ ਹੋ ਜਾਣ। ਦਲਿਤਾਂ ਨੂੰ ਆਪਣੇ ਵੋਟ ਬੈਂਕ ਲਈ ਵਰਤਣ ਵਾਲੀ ਕਾਂਗਰਸ ਦੇ ਉਪਰਲੀ ਕਤਾਰ ਦੇ ਨੇਤਾ ਸਦਾ ਹਿੰਦੂ ਉੱਚ ਜਾਤੀ ਦੇ ਰਹੇ ਹਨ।

ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿਚ ਫਿਰਕੂ ਹਿੰਸਕ ਪਿਛੋਕੜ ਵਾਲੇ ਬਜਰੰਗ ਦਲ ’ਤੇ ਰੋਕ ਲਾਉਣ ਦੀ ਗੱਲ ਕਰ ਕੇ ਸਾਹਸੀ ਕਦਮ ਉਠਾਇਆ ਹੈ। ਹੁਣ ਜਦੋਂ ਉਹ ਸੱਤਾ ਵਿਚ ਆ ਚੁੱਕੀ ਹੈ ਤਾਂ ਇਸ ਨੂੰ ਅਮਲੀ ਰੂਪ ਦੇਣ ਤੋਂ ਵੀ ਪਿੱਛੇ ਨਹੀਂ ਹਟਣਾ ਚਾਹੀਦਾ। ਅਸਲ ਚ ਹਿੰਦੂ ਫਾਸ਼ੀਵਾਦ ਦਾ ਮੁਕਾਬਲਾ ਨਾ ਤਾਂ ਨਰਮ ਹਿੰਦੂਤਵ ਨਾਲ ਕੀਤਾ ਜਾ ਸਕਦਾ ਹੈ, ਨਾ ਹੀ ਚੁੱਪ ਰਹਿ ਕੇ; ਜੋ ਪਾਰਟੀ ਅਜਿਹਾ ਕਰਦੀ ਹੈ ਜਾਂ ਕਰਨ ਦੀ ਸਲਾਹ ਦਿੰਦੀ ਹੈ, ਅਸਲਚ ਉਹ ਖੁਦ ਇਸ ਵਿਚਾਰਧਾਰਾ ਦੀ ਪੈਰੋਕਾਰ ਹੈ।