ਕਰਨਾਟਕ ’ਚੋਂ ਭ੍ਰਿਸ਼ਟਾਚਾਰ ਦਾ ਖਾਤਮਾ ਕਰਾਂਗੇ: ਅਮਿਤ ਸ਼ਾਹ

ਕਰਨਾਟਕ ’ਚੋਂ ਭ੍ਰਿਸ਼ਟਾਚਾਰ ਦਾ ਖਾਤਮਾ ਕਰਾਂਗੇ: ਅਮਿਤ ਸ਼ਾਹ

ਬੇਲਾਰੀ (ਕਰਨਾਟਕ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਰਨਾਟਕ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ’ਤੇ ਮੁੜ ਭਰੋਸਾ ਜਤਾਉਣ ਦੀ ਅਪੀਲ ਕੀਤੀ। ਸ਼ਾਹ ਨੇ ਕਿਹਾ ਕਿ ਭਾਜਪਾ ਅਜਿਹੀ ਸਰਕਾਰ ਦੇਵੇਗੀ ਜੋ ਅਗਲੇ ਪੰਜ ਸਾਲਾਂ ਵਿੱਚ ਕਰਨਾਟਕ ਨੂੰ ਭ੍ਰਿਸ਼ਟਾਚਾਰ ਦੀ ਦਲਦਲ ਵਿੱਚੋਂ ਕੱਢ ਕੇ ਇਸ ਨੂੰ ਦੱਖਣੀ ਭਾਰਤ ਦਾ ਮੋਹਰੀ ਸੂਬਾ ਬਣਾ ਦੇਵੇਗੀ।

ਸੰਦੂਰ ਵਿੱਚ ਜਨਤਕ ਰੈਲੀ ਦੌਰਾਨ ਸ਼ਾਹ ਨੇ ਐਮ ਮਲਿਕਾਰਜੁਨ ਖੜਗੇ ਦੀ ਅਗਵਾਈ ਹੇਠਲੇ ਗੱਠਜੋੜ ਅਤੇ ਜੇਡੀ (ਐਸ) ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਵੰਸ਼ਵਾਦੀ ਪਾਰਟੀਆਂ ਹਨ ਅਤੇ ਇਨ੍ਹਾਂ ਤੋਂ ਲੋਕਾਂ ਦੇ ਭਲੇ ਦੀ ਕੋਈ ਆਸ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ, ‘ਇਕ ਵਾਰ ਮੋਦੀ ਤੇ ਯੇਦੀਯੁਰੱਪਾ ਉੱਤੇ ਭਰੋਸਾ ਕਰ ਕੇ ਦੇਖੋ ਅਤੇ ਅਸੀਂ ਅਜਿਹੀ ਸਰਕਾਰ ਦੇਵਾਂਗੇ ਜੋ ਕਰਨਾਟਕ ਵਿੱਚੋਂ ਭ੍ਰਿਸ਼ਟਾਚਾਰ ਦਾ ਸਫ਼ਾਇਆ ਕਰ ਦੇਵੇਗੀ ਅਤੇ ਪੰਜ ਵਰ੍ਹਿਆਂ ਅੰਦਰ ਇਸ ਸੂਬੇ ਨੂੰ ਦੱਖਣੀ ਭਾਰਤ ਵਿੱਚ ਮੋਹਰੀ ਬਣਾ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕਰਨਾਟਕ ਵਿੱਚ ਮਈ ਵਿੱਚ ਅਸੈਂਬਲੀ ਚੋਣਾਂ ਹੋਣੀਆਂ ਹਨ।

ਸ਼ਾਹ ਨੇ ਕਿਹਾ ਕਿ ਕਾਂਗਰਸ ਅਤੇ ਜੇਡੀ (ਐਸ) ਵੰਸ਼ਵਾਦੀ ਪਾਰਟੀਆਂ ਹਨ ਅਤੇ ਅਜਿਹੀਆਂ ਪਾਰਟੀਆਂ ਜਮਹੂਰੀਅਤ ਪ੍ਰਣਾਲੀ ਵਿੱਚ ਲੋਕਾਂ ਲਈ ਘਾਤਕ ਸਿੱਧ ਹੁੰਦੀਆਂ ਹਨ। ਗ੍ਰਹਿ ਮੰਤਰੀ ਨੇ ਦਾਅਵਾ ਕਰਦਿਆਂ ਕਿਹਾ,‘ਮੈਂ ਕਰਨਾਟਕ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੇਡੀ (ਐਸ) ਨੂੰ ਦਿੱਤਾ ਗਿਆ ਇਕ-ਇਕ ਵੋਟ ਕਾਂਗਰਸ ਦੀ ਝੋਲੀ ਪਵੇਗਾ ਅਕੇ ਕਾਂਗਰਸ ਨੂੰ ਪਏ ਵੋਟ ਸਿਦਾਰਮੱਈਆ ਅਤੇ ਉਨ੍ਹਾਂ ਦੀ ‘ਏਟੀਐਮ’ ਸਰਕਾਰ ਦੇ ਖਾਤੇ ਵਿੱਚ ਪੈਣਗੇ ਜੋ ਦਿੱਲੀ ਦਾ ਏਟੀਐਮ ਹੈ ਅਤੇ ਭ੍ਰਿਸ਼ਟਾਚਾਰ ’ਚ ਲਿਪਤ ਹੈ।’ ਉਨ੍ਹਾਂ ਕਿਹਾ ਕਿ ਜੇ ਲੋਕ ਕਰਨਾਟਕ ਦੀ ਭਲਾਈ ਚਾਹੁੰਦੇ ਹਨ ਤਾਂ ਉਹ ਭਾਜਪਾ ਨੂੰ ਮੁੜ ਸੂਬੇ ਦੀ ਸੱਤਾ ਸੌਂਪਣ।