ਕਮਲਾ ਹੈਰਿਸ ਨੇ ਜ਼ਾਂਬੀਆ ’ਚ ਨਾਨੇ ਦੇ ਘਰ ਦਾ ਦੌਰਾ ਕੀਤਾ

ਕਮਲਾ ਹੈਰਿਸ ਨੇ ਜ਼ਾਂਬੀਆ ’ਚ ਨਾਨੇ ਦੇ ਘਰ ਦਾ ਦੌਰਾ ਕੀਤਾ

ਵਾਸ਼ਿੰਗਟਨ- ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਆਪਣੇ ਨਾਨੇ ਪੀ ਵੀ ਗੋਪਾਲਨ ਨੂੰ ਯਾਦ ਕਰਦਿਆਂ ਜ਼ਾਂਬੀਆ ਦੀ ਰਾਜਧਾਨੀ ਲੁਸਾਕਾ ’ਚ ਉਨ੍ਹਾਂ ਦੇ ਘਰ ਦਾ ਦੌਰਾ ਕੀਤਾ। ਇਸੇ ਘਰ ’ਚ ਗੋਪਾਲਨ 1960ਵਿਆਂ ’ਚ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਵਜੋਂ ਰਹਿੰਦੇ ਸਨ। ਗੋਪਾਲਨ ਦਾ ਜਨਮ ਚੇਨੱਈ ’ਚ 1911 ’ਚ ਹੋਇਆ ਸੀ ਅਤੇ ਉਨ੍ਹਾਂ ਜ਼ਾਂਬੀਆ ਦੇ ਪਹਿਲੇ ਰਾਸ਼ਟਰਪਤੀ ਕੈਨੇਥ ਕੌਂਡਾ ਦੇ ਸਲਾਹਕਾਰ ਤੇ ਭਾਰਤ ਸਰਕਾਰ ’ਚ ਸੰਯੁਕਤ ਸਕੱਤਰ ਵਜੋਂ ਸੇਵਾਵਾਂ ਨਿਭਾਈਆਂ ਸਨ। ਹੈਰਿਸ ਨੇ ਲੁਸਾਕਾ ’ਚ ਜ਼ਾਂਬੀਆ ਦੇ ਰਾਸ਼ਟਰਪਤੀ ਹਕਾਂਇਡੇ ਹਿਚੀਲੇਮਾ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ,‘‘ਮੇਰਾ ਜ਼ਾਂਬੀਆ ਦਾ ਦੌਰਾ ਵਿਸ਼ੇਸ਼ ਅਹਿਮੀਅਤ ਰਖਦਾ ਹੈ ਕਿਉਂਕਿ ਤੁਹਾਡੇ ’ਚੋਂ ਬਹੁਤੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਣਦੇ ਹਨ। ਰਾਸ਼ਟਰਪਤੀ ਜੀ, ਛੋਟੇ ਹੁੰਦਿਆਂ ਮੈਂ ਜ਼ਾਂਬੀਆ ਦਾ ਦੌਰਾ ਕੀਤਾ ਸੀ ਜਦੋਂ ਮੇਰੇ ਨਾਨਾ ਇਥੇ ਕੰਮ ਕਰਦੇ ਸਨ।’’ ਹੈਰਿਸ ਨੇ ਕਿਹਾ ਕਿ 1966 ’ਚ ਜ਼ਾਂਬੀਆ ਦੀ ਆਜ਼ਾਦੀ ਮਗਰੋਂ ਉਨ੍ਹਾਂ ਦੇ ਨਾਨਾ ਲੁਸਾਕਾ ਰਾਹਤ ਕਦਮਾਂ ਅਤੇ ਸ਼ਰਨਾਰਥੀਆਂ ਦੇ ਡਾਇਰੈਕਟਰ ਵਜੋਂ ਸੇਵਾਵਾਂ ਲਈ ਆਏ ਸਨ। ਹੈਰਿਸ ਨੇ ਕਿਹਾ ਕਿ ਉਸ ਨੂੰ ਆਪਣੇ ਬਚਪਨ ਦਾ ਇਥੇ ਗੁਜ਼ਾਰਿਆ ਸਮਾਂ ਯਾਦ ਹੈ। ਹੈਰਿਸ ਦੀ ਮਾਂ ਭਾਰਤੀ ਤੇ ਪਿਤਾ ਜਮਾਇਕਾ ਤੋਂ ਹਨ ਅਤੇ ਉਹ ਪਹਿਲੀ ਅਸ਼ਵੇਤ ਤੇ ਏਸ਼ਿਆਈ-ਅਮਰੀਕੀ ਮਹਿਲਾ ਹੈ ਜੋ ਅਮਰੀਕਾ ਦੀ ਉਪ ਰਾਸ਼ਟਰਪਤੀ ਬਣੀ ਹੈ। ਉਸ ਨੇ 20 ਜਨਵਰੀ, 2021 ਨੂੰ ਜਦੋਂ ਅਮਰੀਕਾ ਦੇ 49ਵੇਂ ਉਪ ਰਾਸ਼ਟਰਪਤੀ ਵਜੋਂ ਹਲਫ਼ ਲਿਆ ਸੀ ਤਾਂ ਇਤਿਹਾਸ ਸਿਰਜ ਦਿੱਤਾ ਸੀ। ਉਸ ਦੀ ਮਾਂ ਸ਼ਿਆਮਲਾ ਗੋਪਾਲਨ ਸਾਇੰਸ ਦੇ ਅਧਿਐਨ ਲਈ ਚੇਨੱਈ ਤੋਂ ਅਮਰੀਕਾ ਆਈ ਸੀ।