ਕਬੱਡੀ ਕੱਪ ਵਿੱਚ ਜਲੰਧਰ ਜੇਤੂ ਤੇ ਸੈਂਟਰ ਵੈਲੀ ਕਲੱਬ ਉਪ ਜੇਤੂ

ਕਬੱਡੀ ਕੱਪ ਵਿੱਚ ਜਲੰਧਰ ਜੇਤੂ ਤੇ ਸੈਂਟਰ ਵੈਲੀ ਕਲੱਬ ਉਪ ਜੇਤੂ

ਸਰਵੋਤਮ ਰੇਡਰ ਫਰੀਦ ਭਗਵਾਨਪੁਰ ਤੇ ਸਰਵੋਤਮ ਜਾਫੀ ਜੀਤਾ ਤਲਵੰਡੀ ਚੌਧਰੀਆ ਐਲਾਨੇ
ਬੰਗਾ- ਦੋਆਬੇ ਦੀਆਂ ਓਲੰਪਿਕਸ ਵਜੋਂ ਜਾਣੀਆਂ ਜਾਂਦੀਆਂ ਹਕੀਮਪੁਰ ਦੀਆਂ 26ਵੀਆਂ ਪੁਰੇਵਾਲ ਖੇਡਾਂ ਕਬੱਡੀ ਕੱਪ ਦੇ ਫਸਵੇਂ ਤੇ ਖਿੱਚ ਭਰਪੂਰ ਫਾਈਨਲ ਨਾਲ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈਆਂ। ਕਬੱਡੀ ਅਕੈਡਮੀਆਂ ਦੇ ਫ਼ਾਈਨਲ ਵਿੱਚ ਡੀਏਵੀ ਅਕੈਡਮੀ ਜਲੰਧਰ ਨੇ ਸੈਂਟਰ ਵੈਲੀ ਸਪੋਰਟਸ ਕਲੱਬ ਕੈਲੇਫੋਰਨੀਆ ਨੂੰ ਮਹਿਜ਼ ਅੱਧੇ ਅੰਕ ਦੇ ਫਰਕ ਨਾਲ ਹਰਾ ਕੇ ਕਬੱਡੀ ਕੱਪ ਜਿੱਤਿਆ। ਖੇਡਾਂ ਦੇ ਮੁੱਖ ਪ੍ਰਬੰਧਕ ਗੁਰਜੀਤ ਸਿੰਘ ਪੁਰੇਵਾਲ ਨੇ ਜੇਤੂ ਟੀਮ ਨੂੰ ਢਾਈ ਲੱਖ ਤੇ ਟਰਾਫੀ ਅਤੇ ਉਪ ਜੇਤੂ ਟੀਮ ਨੂੰ ਦੋ ਲੱਖ ਰੁਪਏ ਤੇ ਟਰਾਫੀ ਨਾਲ ਸਨਮਾਨਤ ਕੀਤਾ। ਡੀਏਵੀ ਜਲੰਧਰ ਦੇ ਫਰੀਦ ਭਗਵਾਨਪੁਰ ਸਰਵੋਤਮ ਰੇਡਰ ਅਤੇ ਜੀਤਾ ਤਲਵੰਡੀ ਚੌਧਰੀਆ ਸਰਵੋਤਮ ਜਾਫੀ ਚੁਣੇ ਗਏ। ਦੋਵਾਂ ਨੂੰ 51-51 ਹਜ਼ਾਰ ਰੁਪਏ ਦੇ ਇਨਾਮ ਨਾਲ ਸਨਮਾਨਤ ਕੀਤਾ। ਸੈਮੀਫਾਈਨਲ ਵਿੱਚ ਡੀਏਵੀ ਅਕੈਡਮੀ ਜਲੰਧਰ ਨੇ ਪੁਰੇਵਾਲ ਸਪੋਰਟਸ ਕਲੱਬ ਜਗਤਪੁਰ ਨੂੰ ਅਤੇ ਸੈਂਟਰ ਵੈਲੀ ਸਪੋਰਟਸ ਕਲੱਬ ਕੈਲੇਫੋਰਨੀਆ ਨੇ ਸਰਹਾਲਾ ਰਾਣੂੰਆ ਨੂੰ ਹਰਾਇਆ। 100 ਮੀਟਰ ਮੁੰਡਿਆਂ ਵਿੱਚ ਪ੍ਰਭਜੀਤ ਸਿੰਘ ਕਰੀਹਾ, ਗਿਆਨ ਸਿੰਘ ਖਟਕੜ ਕਲਾਂ ਤੇ ਵਿੱਕੀ ਖਟਕੜ ਕਲਾਂ ਅਤੇ ਕੁੜੀਆਂ ਵਿੱਚ ਅੰਮ੍ਰਿਤ ਕੌਰ, ਸੁਨੇਹਾ ਜਲੰਧਰ ਤੇ ਲਵਜੋਤ ਕੌਰ ਬੰਗਾ, 400 ਮੀਟਰ ਮੁੰਡਿਆਂ ਵਿੱਚ ਵਿੱਕੀ ਬੰਗਾ, ਕਰਨ ਕੁਮਾਰ ਬੰਗਾ ਤੇ ਪਰਮਿੰਦਰ ਸਿੰਘ ਆਨੰਦਪੁਰ ਸਾਹਿਬ, 1500 ਮੀਟਰ ਦੌੜ ਮੁੰਡਿਆਂ ਵਿੱਚ ਕਰਨ ਕੁਮਾਰ ਬੰਗਾ, ਅੰਮ੍ਰਿਤਪਾਲ ਸਿੰਘ ਲੁਧਿਆਣਾ ਤੇ ਅਨੁਰਾਗ ਬੰਗਾ ਅਤੇ ਕੁੜੀਆਂ ਵਿੱਚ ਇੰਦਰਜੋਤ ਕੌਰ ਬੰਗਾ, ਵਰਸ਼ਾ ਜਲੰਧਰ ਤੇ ਸੁਨੇਹਾ ਜਲੰਧਰ, ਲੰਬੀ ਛਾਲ ਵਿੱਚ ਵਿੱਕੀ ਖਟਕੜ, ਪਵਨ ਕੁਮਾਰ ਪੂਨੀਆ ਤੇ ਰਵੀ ਕੁਮਾਰ ਜਲੰਧਰ ਅਤੇ ਸ਼ਾਟਪੁੱਟ ਮੁੰਡਿਆਂ ਵਿੱਚ ਰਾਹੁਲ, ਰਵੀ ਤੇ ਪ੍ਰੋ ਜਗਵਿੰਦਰ ਸਿੰਘ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਉੱਤੇ ਰਹੇ। ਬਜ਼ੁਰਗਾਂ ਦੀ 100 ਮੀਟਰ ਦੌੜ ਵਿੱਚ ਕੁਲਵਿੰਦਰ ਸਿੰਘ ਪਹਿਲੇ ਤੇ ਕੁਲਵੀਰ ਸਿੰਘ ਦੂਜੇ ਸਥਾਨ ਉੱਤੇ ਰਹੇ।