ਕਬੂਤਰ ਬਾਜ਼ੀ-ਦਲੇਰ ਮਹਿੰਦੀ ਦੀ ਸਜ਼ਾ ਬਰਕਰਾਰ; ਜੇਲ੍ਹ ਭੇਜਿਆ

ਕਬੂਤਰ ਬਾਜ਼ੀ-ਦਲੇਰ ਮਹਿੰਦੀ ਦੀ ਸਜ਼ਾ ਬਰਕਰਾਰ; ਜੇਲ੍ਹ ਭੇਜਿਆ

ਸੀਜੇਐੱਮ ਅਦਾਲਤ ਵੱਲੋਂ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ
ਪਟਿਆਲਾ – ਕਬੂਤਰ ਬਾਜ਼ੀ ਦੇ ਕਰੀਬ ਦੋ ਦਹਾਕੇ ਪਹਿਲਾਂ ਇਥੇ ਦਰਜ ਕੀਤੇ ਗਏ ਇੱਕ ਕੇਸ ਵਿੱਚ ਉੱਘੇ ਪੌਪ ਗਾਇਕ ਦਲੇਰ ਮਹਿੰਦੀ ਨੂੰ ਉਪਰਲੀ ਅਦਾਲਤ ਨੇ ਰਾਹਤ ਨਹੀਂ ਦਿੱਤੀ ਜਿਸ ਕਾਰਨ ਉਸ ਨੂੰ ਦੋ ਸਾਲ ਦੀ ਜੇਲ੍ਹ ਦੀ ਸਜ਼ਾ ਭੁਗਤਣੀ ਪਵੇਗੀ। ਉਸ ਨੂੰ 2018 ’ਚ ਜੁਡੀਸ਼ਲ ਮੈਜਿਸਟਰੇਟ ਨੇ ਦੋ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਸੀ। ਇਸ ਫੈਸਲੇ ਖ਼ਿਲਾਫ਼ ਦਲੇਰ ਮਹਿੰਦੀ ਨੇ ਉਪਰਲੀ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ। ਪਟਿਆਲਾ ਦੇ ਵਧੀਕ ਸੈਸ਼ਨ ਜੱਜ ਐਚ.ਐਸ. ਗਰੇਵਾਲ ਦੀ ਅਗਵਾਈ ਹੇਠਲੀ ਅਦਾਲਤ ਨੇ ਅੱਜ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਦੋ ਸਾਲਾਂ ਦੀ ਕੈਦ ਦੀ ਸਜ਼ਾ ਬਰਕਰਾਰ ਰਹਿਣ ਮਗਰੋਂ ਦਲੇਰ ਮਹਿੰਦੀ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

ਦਲੇਰ ਮਹਿੰਦੀ ਖ਼ਿਲਾਫ਼ ਥਾਣਾ ਸਦਰ ਪਟਿਆਲਾ ਵਿਚ 19 ਸਤੰਬਰ 2003 ਨੂੰ ਕੇਸ ਦਰਜ ਹੋਇਆ ਸੀ ਜਿਸ ਦੌਰਾਨ ਬਲਬੇੜਾ ਵਾਸੀ ਬਖਸ਼ੀਸ਼ ਸਿੰਘ ਨੇ ਮਹਿੰਦੀ ਭਰਾਵਾਂ ਤੇ ਹੋਰਨਾਂ ’ਤੇ ਦੋਸ਼ ਲਾਏ ਗਏ ਸਨ ਕਿ ਉਸ ਤੋਂ 13 ਲੱਖ ਰੁਪਏ ਲੈਣ ਦੇ ਬਾਵਜੂਦ ਵਾਅਦੇ ਮੁਤਾਬਕ ਕੈਨੇਡਾ ਨਹੀਂ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਕੇਸ ਟਰਾਇਲ ਦੌਰਾਨ ਕਈ ਸ਼ਿਕਾਇਤਾਂ ਸਿਰੇ ਨਹੀਂ ਲੱਗ ਸਕੀਆਂ। ਉਸ ਵੇਲੇ ਬਖਸ਼ੀਸ਼ ਸਿੰਘ ਸਣੇ 31 ਸ਼ਿਕਾਇਤਾਂ ਦੌਰਾਨ 1.94 ਕਰੋੜ ਲੈ ਕੇ ਵੀ ਸਬੰਧਤ ਵਿਅਕਤੀਆਂ ਨੂੰ ਵਿਦੇਸ਼ ਨਾ ਭੇਜੇ ਜਾਣ ਦੇ ਦੋਸ਼ ਲਾਏ ਗਏ ਸਨ। ਸ਼ਮਸ਼ੇਰ ਮਹਿੰਦੀ ਨੂੰ ਤਾਂ ਕਈ ਮਹੀਨੇ ਜੇਲ੍ਹ ’ਚ ਹੀ ਬਿਤਾਉਣੇ ਪਏ ਸਨ ਪਰ ਦਲੇਰ ਮਹਿੰਦੀ ਜੇਲ੍ਹ ਜਾਣ ਤੋਂ ਬਚ ਗਿਆ ਸੀ ਕਿਉਂਕਿ ਰਿਮਾਂਡ ਖਤਮ ਹੋਣ ਮਗਰੋਂ ਦਲੇਰ ਮਹਿੰਦੀ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ। ਪੁਲੀਸ ਨੇ ਸਾਲ 2004 ਵਿਚ ਚਲਾਨ ਪੇਸ਼ ਕਰ ਕੇ ਦਲੇਰ ਮਹਿੰਦੀ ਨੂੰ ਬੇਕਸੂਰ ਗਰਦਾਨਿਆ ਜਿਸ ਕਰਕੇ ਕਈ ਸਾਲਾਂ ਤੱਕ ਉਸ ਨੂੰ ਟਰਾਇਲ ’ਚ ਵੀ ਸ਼ਾਮਲ ਨਹੀਂ ਕੀਤਾ ਗਿਆ ਪਰ ਮੁਦੱਈ ਧਿਰ ਦੇ ਵਕੀਲ ਗੁਰਪ੍ਰੀਤ ਭਸੀਨ ਵੱਲੋਂ ਦਿੱਤੀ ਅਰਜ਼ੀ ਤਹਿਤ ਅਦਾਲਤ ਵੱਲੋਂ ਸੰਮਨ ਜਾਰੀ ਕਰਕੇ ਦਲੇਰ ਮਹਿੰਦੀ ਨੂੰ ਟਰਾਇਲ ਦਾ ਸਾਹਮਣਾ ਕਰਨ ਦੀ ਤਾਕੀਦ ਕੀਤੀ ਗਈ। ਸ਼ਮਸ਼ੇਰ ਮਹਿੰਦੀ ਅਤੇ ਧਿਆਨ ਸਿੰਘ ਦੀ ਟਰਾਇਲ ਦੌਰਾਨ ਹੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਬੁਲਬੁਲ ਮਹਿਤਾ ਬਰੀ ਹੋ ਗਿਆ ਸੀ ਪਰ 2018 ’ਚ ਆਏ ਫੈਸਲੇ ਦੌਰਾਨ ਦਲੇਰ ਮਹਿੰਦੀ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਅਤੇ ਜੁਰਮਾਨਾ ਹੋਇਆ। ਇਸ ਫੈਸਲੇ ਨੂੰ ਉੱਪਰਲੀ ਅਦਾਲਤ ’ਚ ਚੁਣੌਤੀ ਦੇਣ ਕਰਕੇ ਦਲੇਰ ਮਹਿੰਦੀ ਦਾ ਜੇਲ੍ਹ ਜਾਣ ਤੋਂ ਬਚਾਅ ਰਿਹਾ। ਇਸੇ ਦੌਰਾਨ ਦਲੇਰ ਮਹਿੰਦੀ ਨੇ ਇੱਕ ਵਾਰ ਫੇਰ ਜੇਲ੍ਹ ਤੋਂ ਬਚਣ ਲਈ ਆਪਣੇ ਵਕੀਲ ਰਾਹੀਂ ਇਸੇ ਹੀ ਅਦਾਲਤ ’ਚ ਅਰਜ਼ੀ ਦਾਇਰ ਕਰ ਕੇ ਪ੍ਰੋਬੇਸ਼ਨਰੀ ਰਿਹਾਈ ਦੀ ਅਪੀਲ ਕੀਤੀ ਪਰ ਅਦਾਲਤ ਨੇ ਤੁਰੰਤ ਹੀ ਗਾਇਕ ਦੀ ਇਹ ਅਰਜ਼ੀ ਵੀ ਖਾਰਜ ਕਰ ਦਿੱਤੀ।

ਜੇਲ੍ਹ ’ਚ ਇਕੱਠੇ ਰਹਿਣਗੇ ਨਵਜੋਤ ਸਿੱਧੂ ਤੇ ਮਹਿੰਦੀ
ਪਟਿਆਲਾ: ਇਥੋਂ ਦੇ ਜੇਲ੍ਹ ਅਧਿਕਾਰੀਆਂ ਨੇ ਦਲੇਰ ਮਹਿੰਦੀ ਨੂੰ ਪਹਿਲਾਂ ਤੋਂ ਹੀ ਇਥੇ ਬੰਦ ਕਾਂਗਰਸੀ ਆਗੂ ਨਵਜੋਤ ਸਿੱਧੂ (ਸ਼ੈਰੀ) ਵਾਲੀ ਬੈਰਕ ’ਚ ਭੇਜ ਦਿੱਤਾ ਹੈ। ਰੋਡਰੇਜ ਦੇ ਇੱਕ ਮਾਮਲੇ ’ਚ ਇੱਕ ਸਾਲ ਦੀ ਕੈਦ ਕੱਟ ਰਹੇ ਸਿੱਧੂ 10 ਨੰਬਰ ਬੈਰਕ ’ਚ ਬੰਦ ਹਨ, ਜਿਸ ਨੂੰ ਲਾਇਬ੍ਰੇਰੀ ਹਾਤਾ ਵੀ ਕਿਹਾ ਜਾਂਦਾ ਹੈ। ਉਸ ਨਾਲ ਚਾਰ ਹੋਰ ਕੈਦੀ ਵੀ ਬੰਦ ਹਨ। ਜੇਲ੍ਹ ਸੁਪਰਡੈਂਟ ਮਨਜੀਤ ਟਿਵਾਣਾ ਨੇ ਇਸ ਸਬੰਧੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਸੂਤਰਾਂ ਮੁਤਾਬਿਕ ਦੋਵੇਂ ਜਣੇ ਹੁਣ ਜੇਲ੍ਹ ਵਿਚ ਇਕੱਠੇ ਰਹਿਣਗੇ। ਜੇਲ੍ਹ ਅਧਿਕਾਰੀਆਂ ਦੇ ਦਾਅਵੇ ਮੁਤਾਬਿਕ ਇਸ ਬੈਰਕ ’ਚ ਏਸੀ ਤੇ ਮੰਜੇ ਦੀ ਸਹੂਲਤ ਨਹੀਂ ਹੈ ਜਿਸ ਕਰ ਕੇ ਦਲੇਰ ਮਹਿੰਦੀ ਨੂੰ ਫਰਸ਼ ’ਤੇ ਬਿਸਤਰਾ ਵਿਛਾ ਕੇ ਰਾਤਾਂ ਕੱਟਣੀਆਂ ਪੈਣਗੀਆਂ। ਉਂਜ ਕਾਨੂੰਨੀ ਮਾਹਰਾਂ ਮੁਤਾਬਿਕ ਸਿੱਧੂ ਬਹੁਤਾ ਸਮਾਂ ਪੌਪ ਗਾਇਕ ਦਾ ਸੰਗ ਨਹੀਂ ਮਾਣ ਸਕਣਗੇ ਕਿਉਂਕਿ ਦਲੇਰ ਮਹਿੰਦੀ ਨੂੰ ਕੁਝ ਸਮੇਂ ਮਗਰੋਂ ਜ਼ਮਾਨਤ ਮਿਲ ਸਕਦੀ ਹੈ। ਜਦਕਿ ਸਿੱਧੂ ਲਈ ਹੁਣ ਜ਼ਮਾਨਤ ਦਾ ਕੋਈ ਬਦਲ ਨਾ ਰਹਿਣ ਕਾਰਨ ਸਾਲ ਦੀ ਸਜ਼ਾ ਮੁਕੰਮਲ ਕਰਨ ਮਗਰੋਂ ਹੀ ਰਿਹਾਈ ਹੋ ਸਕੇਗੀ। ਉਧਰ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਵੀ ਇਸੇ ਹੀ ਜੇਲ੍ਹ ’ਚ ਹਨ ਜਿਸ ਨੂੰ ਜੌੜਾ ਚੱਕੀਆਂ ਵਜੋਂ ਮਸ਼ਹੂਰ ਵੱਖਰੇ ਸੈੱਲ ’ਚ ਬੰਦ ਕੀਤਾ ਹੋਇਆ ਹੈ ਤੇ ਇਹ ਸੈਲ ਸਿੱਧੂ ਵਾਲੀ ਬੈਰਕ ਨਾਲੋਂ ਛੋਟਾ ਹੈ ਜਿਸ ਸਬੰਧੀ ਸੰਸਦ ਮੈਂਬਰ ਹਰਸਿਮਰਤ ਬਾਦਲ ਵੀ ਇਤਰਾਜ਼ ਜਤਾ ਚੁੱਕੇ ਹਨ ਕਿ ਬਿਕਰਮ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮਜੀਠੀਆ ਨਸ਼ਾ ਤਸਕਰੀ ਸਬੰਧੀ ਇੱਕ ਕੇਸ ’ਚ ਬੰਦ ਹਨ, ਜੋ ਕਾਂਗਰਸ ਸਰਕਾਰ ਨੇ ਦਰਜ ਕੀਤਾ ਸੀ।