ਕਬਾਇਲੀਆਂ ਦੀ ਭਲਾਈ ਲਈ ਯੋਜਨਾ ਸ਼ੁਰੂ ਕਰਾਂਗੇ: ਮੋਦੀ

ਕਬਾਇਲੀਆਂ ਦੀ ਭਲਾਈ ਲਈ ਯੋਜਨਾ ਸ਼ੁਰੂ ਕਰਾਂਗੇ: ਮੋਦੀ

ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਵਿੱਚ ਭਾਜਪਾ ਨੂੰ ਵੱਡੀ ਲੋਕ ਹਮਾਇਤ ਮਿਲਣ ਦਾ ਕੀਤਾ ਦਾਅਵਾ
ਬੈਤੂਲ/ਸ਼ਾਜਾਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਭਗਵਾਨ ਬਿਰਸਾ ਮੁੰਡਾ ਦੀ ਜੈਅੰਤੀ ਮੌਕੇ ਭਲਕੇ ਦੇਸ਼ ’ਚ ਕਬਾਇਲੀਆਂ ਦੀ ਭਲਾਈ ਲਈ 24 ਹਜ਼ਾਰ ਕਰੋੜ ਰੁਪਏ ਦੀ ਇੱਕ ਯੋਜਨਾ ਸ਼ੁਰੂ ਕਰੇਗੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਲੋਕਾਂ ਦੀ ਜ਼ਬਰਦਸਤ ਹਮਾਇਤ ਕਾਰਨ ਮੱਧ ਪ੍ਰਦੇਸ਼ ’ਚ ਭਾਜਪਾ ਦੇ ਹੱਕ ’ਚ ਹਨੇਰੀ ਚੱਲ ਰਹੀ ਹੈ ਅਤੇ ਲੋਕ ਸੂਬੇ ’ਚੋਂ ਕਾਂਗਰਸ ਨੂੰ ਪੁੱਟ ਸੁੱਟਣਗੇ। ਪ੍ਰਧਾਨ ਮੰਤਰੀ ਅੱਜ ਮੱਧ ਪ੍ਰਦੇਸ਼ ਦੇ ਬੈਤੂਲ ਤੇ ਸ਼ਾਜਾਪੁਰ ’ਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਬੂਆ ਜ਼ਿਲ੍ਹੇ ’ਚ ਰੈਲੀ ਕੀਤੀ ਤੇ ਇੰਦੌਰ ’ਚ ਰੋਡ ਸ਼ੋਅ ਵੀ ਕੀਤਾ।

ਮੋਦੀ ਨੇ ਕਿਹਾ ਕਿ ਉਨ੍ਹਾਂ ਦੇ ਮੱਧ ਪ੍ਰਦੇਸ਼ ਦੇ ਲੋਕਾਂ ਵਿਚਾਲੇ ਭਾਜਪਾ ਪ੍ਰਤੀ ਵਿਸ਼ਵਾਸ ਤੇ ਸਨੇਹ ਦੇਖਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਹੀ ਹਾਰ ਸਵੀਕਾਰ ਕਰ ਲਈ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘ਭਲਕੇ ਜਨਜਾਤੀ ਗੌਰਵ ਦਿਵਸ ਹੈ। ਮੈਂ (ਕਬਾਇਲੀ ਆਦਰਸ਼) ਭਗਵਾਨ ਬਿਰਸਾ ਮੁੰਡਾ ਨੂੰ ਸਨਮਾਨ ਦੇਣ ਲਈ ਝਾਰਖੰਡ ਜਾਵਾਂਗਾ। ਪੂਰਾ ਦੇਸ਼ ਭਗਵਾਨ ਬਿਰਸਾ ਮੁੰਡਾ ਦੀ ਜੈਅੰਤੀ ਮਨਾਏਗਾ ਅਤੇ ਇਸ ਮੌਕੇ ਕੇਂਦਰ ਸਰਕਾਰ ਕਬਾਇਲੀਆਂ ਦੀ ਭਲਾਈ ਲਈ 24 ਹਜ਼ਾਰ ਕਰੋੜ ਰੁਪਏ ਦੀ ਯੋਜਨਾ ਦਾ ਐਲਾਨ ਕਰੇਗੀ।’ ਉਨ੍ਹਾਂ ਕਿਹਾ, ‘ਕਾਂਗਰਸ ਜਾਣਦੀ ਹੈ ਕਿ ਉਨ੍ਹਾਂ ਦੇ ਝੂਠੇ ਵਾਅਦੇ ਮੋਦੀ ਦੀਆਂ ਗਾਰੰਟੀਆਂ ਅੱਗੇ ਟਿਕਣਗੇ ਨਹੀਂ।’ ਉਨ੍ਹਾਂ ਕਿਹਾ, ‘ਜਿਵੇਂ-ਜਿਵੇਂ 17 ਨਵੰਬਰ ਦੀ ਤਾਰੀਕ ਨੇੜੇ ਆ ਰਹੀ ਹੈ, ਕਾਂਗਰਸ ਦੇ ਦਾਅਵਿਆਂ ਦੀ ਸੱਚਾਈ ਸਾਹਮਣੇ ਆ ਰਹੀ ਹੈ। ਕਾਂਗਰਸ ਨੇ ਹਾਰ ਸਵੀਕਾਰ ਕਰ ਲਈ ਹੈ ਅਤੇ ਉਹ ਹੁਣ ਕਿਸਮਤ ਦੇ ਭਰੋਸੇ ਹੈ।’ ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਸ਼ਾਜਾਪੁਰ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਦੀ ਜ਼ਬਰਦਸਤ ਹਮਾਇਤ ਕਾਰਨ ਮੱਧ ਪ੍ਰਦੇਸ਼ ’ਚ ਭਾਜਪਾ ਦੇ ਹੱਕ ’ਚ ਹਨੇਰੀ ਚੱਲ ਰਹੀ ਹੈ ਅਤੇ ਜਨਤਾ ਸੂਬੇ ਤੋਂ ਕਾਂਗਰਸ ਨੂੰ ਪੁੱਟ ਸੁੱਟੇਗੀ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਵਿਕਾਸ ਲਈ ਭਾਰਤ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਹਰ ਕੋਈ ਦੇਸ਼ ’ਚ ਨਿਵੇਸ਼ ਕਰਨਾ ਚਾਹੁੰਦਾ ਹੈ ਕਿਉਂਕਿ ਇਸ ਦਾ ਅਰਥਚਾਰਾ ਦੁਨੀਆ ਵਿੱਚ ਪੰਜਵੇਂ ਸਥਾਨ ’ਤੇ ਹੈ। ਉਨ੍ਹਾਂ ਕਿਹਾ, ‘ਮੈਂ ਆਪਣੇ ਤੀਜੇ ਕਾਰਜਕਾਲ ਵਿੱਚ (ਪ੍ਰਧਾਨ ਮੰਤਰੀ ਵਜੋਂ) ਮੈਂ ਦੇਸ਼ ਦੇ ਅਰਥਚਾਰੇ ਨੂੰ ਸਿਖਰਲੇ ਤਿੰਨ ਅਰਥਚਾਰਿਆਂ ਵਿੱਚ ਲੈ ਆਵਾਂਗਾ।’