ਕਤਲ ਕੇਸ ਦੇ ਮੁਲਜ਼ਮ ਨੂੰ ਬਚਾਉਣ ਲਈ ਕਰੋੜਾਂ ਦੀ ਰਿਸ਼ਵਤ ਦਾ ਲੈਣ-ਦੇਣ

ਕਤਲ ਕੇਸ ਦੇ ਮੁਲਜ਼ਮ ਨੂੰ ਬਚਾਉਣ ਲਈ ਕਰੋੜਾਂ ਦੀ ਰਿਸ਼ਵਤ ਦਾ ਲੈਣ-ਦੇਣ

ਫ਼ਰੀਦਕੋਟ- ਕਰੀਬ ਚਾਰ ਸਾਲ ਪਹਿਲਾਂ ਫ਼ਰੀਦਕੋਟ ਨੇੜਲੇ ਪਿੰਡ ਕੋਟਸੁਖੀਆ ਵਿੱਚ ਡੇਰੇ ਦੇ ਇੱਕ ਸੰਤ ਦੇ ਕਤਲ ਦੀ ਸਾਜਿਸ਼ ਰਚਣ ਵਾਲੇ ਮੁੱਖ ਮੁਲਜ਼ਮ ਨੂੰ ਬਚਾਉਣ ਲਈ ਫ਼ਰੀਦਕੋਟ ਪੁਲੀਸ ਨੇ ਕਥਿਤ ਤੌਰ ’ਤੇ ਕਰੋੜਾਂ ਰੁਪਏ ਦੀ ਰਿਸ਼ਵਤ ਲਈ। ਡਾਇਰੈਕਟਰ (ਬਿਊਰੋ ਆਫ਼ ਇਨਵੈਸਟੀਗੇਸ਼ਨ ਪੰਜਾਬ) ਵੱਲੋਂ ਇਸ ਮਾਮਲੇ ਵਿੱਚ ਕੀਤੀ ਗਈ ਪੜਤਾਲ ਤੋਂ ਬਾਅਦ ਐੱਸਪੀ ਗਗਨੇਸ਼ ਕੁਮਾਰ, ਡੀਐੱਸਪੀ ਸੁਸ਼ੀਲ ਕੁਮਾਰ ਅਤੇ ਆਈਜੀ ਦਫ਼ਤਰ ਵਿੱਚ ਤਾਇਨਾਤ ਇੰਸਪੈਕਟਰ ਖੇਮ ਚੰਦ ਪਰਾਸ਼ਰ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਐੱਫਆਈਆਰ ਦਰਜ ਕਰ ਲਈ ਗਈ ਹੈ।

ਸੂਚਨਾ ਅਨੁਸਾਰ ਨਵੰਬਰ 2019 ਵਿੱਚ ਦਿਆਲ ਦਾਸ ਦਾ ਕਤਲ ਗੈਂਗਸਟਰ ਲਖਵਿੰਦਰ ਸਿੰਘ ਲੱਖਾ, ਅਮਰੀਕ ਸਿੰਘ ਸ਼ੇਰੂ ਅਤੇ ਸਖਦੂਲ ਸਿੰਘ ਵੱਲੋਂ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਅਤੇ ਇਸ ਸਾਜਿਸ਼ ਵਿੱਚ ਜਰਨੈਲ ਦਾਸ ਸ਼ਾਮਿਲ ਸੀ। ਪੁਲੀਸ ਨੇ ਮੁੱਢਲੀ ਪੜਤਾਲ ਦੌਰਾਨ ਜਰਨੈਲ ਦਾਸ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ ਪਰ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਐੱਫਆਈਆਰ ’ਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਸਾਲ 2019 ਵਿੱਚ ਫਰੀਦਕੋਟ ਤਾਇਨਾਤ ਡੀਆਈਜੀ ਨੇ ਕਥਿਤ ਤੌਰ ’ਤੇ ਜਰਨੈਲ ਦਾਸ ਨੂੰ ਕੇਸ ਵਿੱਚੋਂ ਬਚਾਉਣ ਲਈ ਇੱਕ ਕਰੋੜ ਰੁਪਏ ਦੀ ਰਿਸ਼ਵਤ ਲਈ ਸੀ ਪਰ ਬਾਅਦ ’ਚ ਅਦਾਲਤ ਨੇ ਮੁਕੱਦਮੇ ਦੇ ਸ਼ਿਕਾਇਤਕਰਤਾ ਗਗਨ ਦਾਸ ਦਾ ਬਿਆਨ ਦਰਜ ਕਰਨ ਤੋਂ ਬਾਅਦ ਜਰਨੈਲ ਦਾਸ ਨੂੰ ਕਤਲ ਕੇਸ ਵਿੱਚ ਬਤੌਰ ਮੁਲਜ਼ਮ ਨਾਮਜ਼ਦ ਕਰ ਕੇ ਉਸ ਦੇ ਵਾਰੰਟ ਜਾਰੀ ਕਰ ਦਿੱਤੇ ਸਨ ਤੇ ਜਰਨੈਲ ਦਾਸ ਨੇ ਜ਼ਮਾਨਤ ਲੈਣ ਲਈ ਹਾਈ ਕੋਰਟ ਵਿੱਚ ਪਹੁੰਚ ਕੀਤੀ ਸੀ। ਹਾਈ ਕੋਰਟ ਨੇ ਮੁਲਜ਼ਮ ਦੀ ਬੇਗੁਨਾਹੀ ’ਤੇ ਹੈਰਾਨੀ ਪ੍ਰਗਟ ਕਰਦਿਆਂ ਫਰੀਦਕੋਟ ਦੇ ਆਈਜੀ ਨੂੰ ਇਸ ਮਾਮਲੇ ’ਚ ਜਵਾਬ ਪੇਸ਼ ਕਰਨ ਲਈ ਕਿਹਾ ਸੀ ਜਿਸ ਤੋਂ ਬਾਅਦ ਫਰੀਦਕੋਟ ਦੇ ਆਈਜੀ ਨੇ ਇੱਕ ਹੋਰ ਜਾਂਚ ਟੀਮ ਦਾ ਗਠਨ ਕਰ ਦਿੱਤਾ ਜਿਸ ਵਿੱਚ ਐੱਸਪੀ ਗਗਨੇਸ਼ ਸ਼ਰਮਾ ਤੇ ਡੀਐੱਸਪੀ ਸੁਸ਼ੀਲ ਸ਼ਰਮਾ ਨੂੰ ਮੈਂਬਰ ਬਣਾਇਆ ਤੇ ਕੁਝ ਸਮੇਂ ਬਾਅਦ ਆਈਜੀ ਨੇ ਆਪਣੇ ਹੀ ਦਫ਼ਤਰ ਵਿੱਚ ਤਾਇਨਾਤ ਇੰਸਪੈਕਟਰ ਖੇਮ ਚੰਦ ਪਰਾਸ਼ਰ ਨੂੰ ਵੀ ਜਾਂਚ ਟੀਮ ਵਿੱਚ ਮੈਂਬਰ ਵਜੋਂ ਸ਼ਾਮਿਲ ਕਰ ਦਿੱਤਾ ਜੋ ਪਹਿਲਾਂ ਗੰਭੀਰ ਅਪਰਾਧਾਂ ’ਚ ਘਿਰਿਆ ਹੋਇਆ ਹੈ। ਗਗਨ ਦਾਸ ਨੇ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਖੇਮ ਚੰਦ ਪਰਾਸ਼ਰ ਨੇ ਕਿਹਾ ਕਿ ਜੇਕਰ ਕਤਲ ਕੇਸ ਵਿੱਚ ਉਹ ਜਰਨੈਲ ਦਾਸ ਨੂੰ ਮੁਲਜ਼ਮ ਵਜੋਂ ਨਾਮਜ਼ਦ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ 50 ਲੱਖ ਰੁਪਏ ਦੇਣੇ ਪੈਣਗੇ ਅਤੇ ਇਹ ਪੈਸੇ ਕਥਿਤ ਤੌਰ ’ਤੇ ਆਈਜੀ ਨੂੰ ਦਿੱਤੇ ਜਾਣੇ ਸਨ। ਗਗਨ ਦਾਸ ਨੇ ਜਾਂਚ ਟੀਮ ਸਾਹਮਣੇ ਦਿੱਤੇ ਹਲਫੀਆ ਬਿਆਨ ਵਿੱਚ ਕਿਹਾ ਹੈ ਕਿ ਐੱਸਪੀ ਗਗਨੇਸ਼ ਕੁਮਾਰ, ਡੀਐੱਸਪੀ ਸੁਸ਼ੀਲ ਕੁਮਾਰ, ਇੰਸਪੈਕਟਰ ਖੇਮ ਚੰਦ ਪਰਾਸ਼ਰ ਨੂੰ 35 ਲੱਖ ਰੁਪਏ ਆਈਜੀ ਲਈ ਦਿੱਤੇ ਸਨ ਅਤੇ ਇਸ ਰਾਸ਼ੀ ਦੇ ਲੈਣ-ਦੇਣ ਵਿੱਚ ਮਲਕੀਤ ਦਾਸ ਅਤੇ ਜਸਵਿੰਦਰ ਸਿੰਘ ਨੇ ਕਥਿਤ ਤੌਰ ’ਤੇ ਵਿਚੋਲਗੀ ਕੀਤੀ। ਦੇਰ ਰਾਤ ਪੁਲੀਸ ਨੇ ਉਕਤ ਪੰਜ ਵਿਅਕਤੀਆਂ ਖਿਲਾਫ਼ ਪਰਚਾ ਦਰਜ ਕਰ ਲਿਆ ਹੈ ਪਰ ਆਈਜੀ ਅਤੇ ਡੀਆਈਜੀ ਬਾਰੇ ਪਰਚਾ ਦਰਜ ਕਰਨ ਤੋਂ ਟਾਲਾ ਵੱਟ ਲਿਆ ਹੈ। ਹਾਲਾਂਕਿ ਪੜਤਾਲ ਰਿਪੋਰਟ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਜਰਨੈਲ ਦਾਸ ਤੋਂ ਇੱਕ ਕਰੋੜ ਰੁਪਏ ਲੈ ਕੇ ਉਸ ਨੂੰ ਕਤਲ ਕੇਸ ਵਿੱਚੋਂ ਬੇਗੁਨਾਹ ਕਰਾਰ ਦਿੱਤਾ ਗਿਆ ਅਤੇ ਬੇਗੁਨਾਹੀ ਲਈ ਪੁਲੀਸ ਕੋਲ ਕੋਈ ਵੀ ਸਬੂਤ ਜਾਂ ਤੱਥ ਨਹੀਂ ਸੀ। ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਇਸ ਘਟਨਾ ਸਬੰਧੀ ਮੁਲਜ਼ਮਾਂ ਖਿਲਾਫ਼ ਪਰਚਾ ਦਰਜ ਹੋ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੀ ਪੜਤਾਲ ਵਿਜੀਲੈਂਸ ਡਾਇਰੈਕਟਰ ਪੰਜਾਬ ਵੱਲੋਂ ਕੀਤੀ ਜਾਣੀ ਹੈ, ਇਸ ਲਈ ਉਹ ਕੋਈ ਹੋਰ ਟਿੱਪਣੀ ਨਹੀਂ ਕਰ ਸਕਦੇ।