ਕਤਰ: ਫੁਟਬਾਲ ਮਹਾਕੁੰਭ ਦਾ ਸ਼ਾਨਦਾਰ ਆਗਾਜ਼

ਕਤਰ: ਫੁਟਬਾਲ ਮਹਾਕੁੰਭ ਦਾ ਸ਼ਾਨਦਾਰ ਆਗਾਜ਼

ਆਲਮੀ ਨੇਤਾਵਾਂ ਅਤੇ ਫੁਟਬਾਲ ਪ੍ਰਸ਼ੰਸਕਾਂ ਨੇ ਉਦਘਾਟਨੀ ਸਮਾਗਮ ’ਚ ਲਵਾਈ ਹਾਜ਼ਰੀ
ਅਲ ਖੋਰ (ਕਤਰ)- ਕਤਰ ਵਿੱਚ ਅੱਜ ਫੀਫਾ ਫੁਟਬਾਲ ਵਿਸ਼ਵ ਕੱਪ ਦਾ ਆਗਾਜ਼ ਰੰਗਾਰੰਗ ਪ੍ਰੋਗਰਾਮ ਨਾਲ ਆਲਮੀ ਨੇਤਾਵਾਂ ਅਤੇ ਫੁਟਬਾਲ ਪ੍ਰਸ਼ੰਸਕਾਂ ਸਾਹਮਣੇ ਹੋਇਆ। ਮੱਧ ੲੇਸ਼ੀਆ ਵਿੱਚ ਫੁਟਬਾਲ ਦਾ ਇਹ ਮਹਾਕੁੰਭ ਪਹਿਲੀ ਵਾਰ ਹੋ ਰਿਹਾ ਹੈ। ਵਿਸ਼ਵ ਕੱਪ ਵਿੱਚ ਦੁਨੀਆ ਦੀਆਂ 32 ਟੀਮਾਂ ਇਹ ਆਲਮੀ ਖ਼ਿਤਾਬ ਹਾਸਲ ਕਰਨ ਲਈ ਜ਼ੋਰ ਅਜ਼ਮਾਈ ਕਰਨਗੀਆਂ। ਕਤਰ ਦੇ ਸ਼ਾਸਕ ਆਮਿਰ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ ਨੇ ਵਿਸ਼ਵ ਕੱਪ ਦਾ ਉਦਘਾਟਨ ਕੀਤਾ ਅਤੇ ਟੂਰਨਾਮੈਂਟ ਦੀ ਕਾਮਯਾਬੀ ਲਈ ਸਾਰੇ ਧਰਮਾਂ ਤੇ ਮਹਾਦੀਪਾਂ ਦੇ ਲੋਕਾਂ ਨੂੰ ਆਪਣੇ ਮੱਤਭੇਦ ਪਾਸੇ ਰੱਖਣ ਦਾ ਸੱਦਾ ਦਿੱਤਾ।

ਉਦਘਾਟਨੀ ਸਮਾਗਮ ਅਮਰੀਕੀ ਅਦਾਕਾਰ ਮੌਰਗਨ ਫਰੀਮੈਨ ਦੀ ਮਿੱਠੀ ਆਵਾਜ਼ ਅਤੇ ਊਠਾਂ ਨਾਲ ਇੱਕ ਅਰਬੀ ਥੀਮ ਸਣੇ ‘ਸਾਰਿਆਂ ਦਾ ਸਵਾਗਤ ਹੈ’ ਦੇ ਵਾਅਦੇ ਨਾਲ ਸ਼ੁਰੂ ਹੋਇਆ। ਖੇਤਰੀ ਬਾਈਕਾਟ ਅਤੇ ਕੌਮਾਂਤਰੀ ਆਲੋਚਨਾ ਮਗਰੋਂ ਪ੍ਰਸ਼ੰਸਕਾਂ ਨੇ ਵਿਸ਼ਵ ਕੱਪ ਲਈ ਕਾਫੀ ਉਤਸ਼ਾਹ ਦਿਖਾਇਆ। ਇਸ ਮੌਕੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼, ਅਲਜੀਰੀਆ ਦੇ ਰਾਸ਼ਟਰਪਤੀ ਅਬਦਲਮਾਜਿਦ ਤੈਬੌਨ, ਮਿਸਰ ਦੇ ਰਾਸ਼ਟਰਪਤੀ ਅਬਦਲ ਫਤਾਹ ਅਲ-ਸਿਸੀ, ਸੈਨੇਗਲ ਦੇ ਰਾਸ਼ਟਰਪਤੀ ਮੈਕੀ ਸਾਲ, ਫਲਸਤੀਨ ਦੇ ਰਾਸ਼ਟਰਪਤੀ ਮੁਹੰਮਦ ਅਬਾਸ ਅਤੇ ਰਵਾਂਡਾ ਦੇ ਰਾਸ਼ਟਰਪਤੀ ਪੌਲ ਕਾਗਾਮੇ ਮੌਜੂਦ ਸਨ। ਕਤਰ ਦੇ ਸ਼ਾਸਕ ਨੇ ਵਿਸ਼ਵ ਕੱਪ ਦਾ ਉਦਘਾਟਨ ਕੀਤਾ ਤੇ ਟੂਰਨਾਮੈਂਟ ਦੀ ਕਾਮਯਾਬੀ ਲਈ ਸਾਰੇ ਧਰਮਾਂ ਤੇ ਮਹਾਦੀਪਾਂ ਦੇ ਲੋਕਾਂ ਨੂੰ ਆਪਣੇ ਮਤਭੇਦ ਪਾਸੇ ਰੱਖਣ ਦਾ ਸੱਦਾ ਦਿੱਤਾ। ਟੈਂਟ ਦੇ ਆਕਾਰ ਵਾਲੇ ਸਟੇਡੀਅਮ ਵਿੱਚ ਉਦਘਾਟਨੀ ਭਾਸ਼ਣ ਮੌਕੇ ਆਮਿਰ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ ਨੇ ਕਿਹਾ, ‘‘ਸਾਰੇ ਧਰਮਾਂ, ਮੁਲਕਾਂ ਤੇ ਖਿੱਤਿਆਂ ਦੇ ਲੋਕ ਇੱਥੇ ਕਤਰ ਵਿੱਚ ਇਕੱਠੇ ਹੋਣਗੇ ਅਤੇ ਵੱਖ-ਵੱਖ ਮਹਾਂਦੀਪਾਂ ਵਿੱਚ ਸਕਰੀਨਾਂ ’ਤੇ ਆਪਣੇ ਉਤਸ਼ਾਹਜਨਕ ਪਲ ਸਾਂਝੇ ਕਰਨਗੇ।’’ ਸ਼ੇਖ ਤਮੀਮ ਉਦਘਾਟਨੀ ਸਮਾਗਮ ਮੌਕੇ ਫੀਫਾ ਪ੍ਰਧਾਨ ਜੀ. ਇਨਫੈਂਟੀਨੋ ਨਾਲ ਸਟੇਡੀਅਮ ਵਿੱਚ ਪਹੁੰਚੇ ਜਿੱਥੇ ਦਰਸ਼ਕਾਂ ਅਤੇ ਹੋਰ ਅਰਬ ਨੇਤਾਵਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਮੌਕੇ ਮੇਜ਼ਬਾਨ ਕਤਰ ਅਤੇ ਇਕੁਆਡੋਰ ਦੀਆਂ ਟੀਮਾਂ ਵਿਚਾਲੇ ਹੋਣ ਵਾਲੇ ਉਦਘਾਟਨੀ ਮੈਚ ਤੋਂ ਪਹਿਲਾਂ ਅਲ ਬਾਇਤ ਸਟੇਡੀਅਮ ਵਿੱਚ ਸਾਊਦੀ ਅਰਬ ਦੇ ਸ਼ਹਿਜ਼ਾਦੇ ਅਤੇ ਮਿਸਰ, ਤੁਰਕੀ ਅਤੇ ਅਲਜੀਰੀਆ ਦੇ ਰਾਸ਼ਟਰਪਤੀ ਵੀ ਹਾਜ਼ਰ ਸਨ। ਕੁਵੈਤ ਦੇ ਸ਼ਹਿਜ਼ਾਦੇ ਨੇ ਵਿਸ਼ਵ ਸਿਹਤ ਸੰਸਥਾ ਦੇ ਡਾਇਰੈਕਟਰ ਜਨਰਲ ਅਤੇ ਜਿਬੂਤੀ ਦੇ ਰਾਸ਼ਟਰਪਤੀ ਨਾਲ ਸ਼ਿਰਕਤ ਕੀਤੀ।