ਔਰਤ ਨੂੰ ਵਿਹਲ ਕਦੋਂ ਮਿਲੇਗੀ ?

ਔਰਤ ਨੂੰ ਵਿਹਲ ਕਦੋਂ ਮਿਲੇਗੀ ?

ਗੁਰਬਿੰਦਰ ਸਿੰਘ ਮਾਣਕ

ਅਸੀਂ ਆਪਣੀਆਂ ਦਾਦੀਆਂ, ਮਾਵਾਂ, ਭੈਣਾਂ ਤੇ ਘਰ ਦੀਆਂ ਹੋਰ ਔਰਤਾਂ ਨੂੰ ਹਮੇਸ਼ਾਂ ਕੰਮ ਵਿੱਚ ਲੱਗੀਆਂ ਹੀ ਦੇਖਦੇ ਹਾਂ। ਅਕਸਰ ਬਹੁਤੀਆਂ ਔਰਤਾਂ ਸਵੇਰੇ ਤੜਕੇ ਤੋਂ ਲੈ ਕੇ ਰਾਤ ਤੱਕ ਘਰ-ਪਰਿਵਾਰ ਦੇ ਕੰਮਾਂ ਵਿੱਚ ਹੀ ਹਫੀਆਂ ਰਹਿੰਦੀਆਂ ਹਨ। ਸਮਾਂ ਭਾਵੇਂ ਬਹੁਤ ਬਦਲ ਗਿਆ ਹੈ, ਪਰ ਕੁਝ ਗੱਲਾਂ ਪਹਿਲਾਂ ਵਾਂਗ ਹੀ ਜਿਉਂ ਦੀਆਂ ਤਿਉਂ ਹਨ। ਅੱਜ ਵੀ ਭਾਵੇਂ ਕੰਮਕਾਜੀ ਔਰਤ ਹੋਵੇ ਤੇ ਭਾਵੇਂ ਘਰੇਲੂ ਔਰਤ, ਘਰ-ਪਰਿਵਾਰ ਦੇ ਬਹੁਤੇ ਕੰਮ ਔਰਤਾਂ ਦੇ ਹੀ ਜ਼ਿੰਮੇ ਹਨ। ਮਰਦ ਮਾਨਸਿਕਤਾ ਪਹਿਲਾਂ ਵੀ ਔਰਤਾਂ ਦੇ ਕੰਮਾਂ ਨੂੰ ਕੰਮ ਨਹੀਂ ਸਮਝਦੀ ਸੀ, ਹਾਲਾਤ, ਅੱਜ ਵੀ ਉਹੀ ਹਨ। ਅੱਜ ਦੀ ਔਰਤ ਤਾਂ ਦੂਹਰੀ ਮਾਰ ਝੱਲ ਰਹੀ ਹੈ। ਕੰਮਕਾਜੀ ਹੋਣ ਕਾਰਨ ਉਹ ਥੱਕੀਆਂ-ਹਾਰੀਆਂ ਘਰ ਪਰਤਦੀਆਂ ਹਨ ਤਾਂ ਘਰ ਦੇ ਅਨੇਕਾਂ ਛੋਟੇ-ਛੋਟੇ ਕੰਮ ਉਨ੍ਹਾਂ ਦੀ ਹੀ ਉਡੀਕ ਕਰ ਰਹੇ ਹੁੰਦੇ ਹਨ। ਹੈਰਾਨ ਕਰਨ ਵਾਲੀ ਗੱਲ ਹੈ ਕਿ ਉਹ ਆਪਣੇ ਕੰਮ ਤੋਂ ਛੁੱਟੀ ਕਰਕੇ ਘਰ ਆ ਕੇ ਫਿਰ ਕੰਮ ਲੱਗ ਜਾਂਦੀ ਹੈ।

ਅਸਲ ਵਿੱਚ ਸਮਾਜ ਨੇ ਔਰਤ ਪ੍ਰਤੀ ਅਜਿਹੀ ਸੋਚ ਸਿਰਜੀ ਹੋਈ ਹੈ ਕਿ ਘਰ ਦੇ ਚੁੱਲ੍ਹੇ-ਚੌਂਕੇ, ਸਾਫ਼-ਸਫ਼ਾਈ, ਕੱਪੜੇ ਧੋਣ, ਨਿਆਣੇ ਸਾਂਭਣ, ਘਰ ਦੇ ਬਜ਼ੁਰਗਾਂ ਦੀ ਪੁੱਛ-ਦੱਸ ਕਰਨ, ਪਤੀ ਸਮੇਤ ਘਰ ਦੇ ਸਾਰੇ ਜੀਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਤੋਂ ਲੈ ਕੇ ਅਨੇਕਾਂ ਕੰਮ ਉਸ ਇਕੱਲੀ ਦੇ ਜ਼ਿੰਮੇ ਹੀ ਲਾਏ ਹੋਏ ਹਨ। ਇੰਨੇ ਕੰਮ ਕਰਨ ਤੋਂ ਬਾਅਦ ਉਹਦੇ ਆਪਣੇ ਲਈ ਸਮਾਂ ਕਿੱਥੇ ਬਚਦਾ ਹੈ? ਉਹ ਬਾਹਰ ਵੀ ਸਾਰਾ ਦਨਿ ਡਿਊਟੀ ਨਿਭਾਏ ਤੇ ਘਰ ਆ ਕੇ ਵੀ ਕੰਮਾਂ ਵਿੱਚ ਰੁੱਝ ਜਾਵੇ, ਤਾਂ ਉਹ ਆਰਾਮ ਕਦੋਂ ਕਰੇਗੀ? ਆਖਰ ਉਹ ਵੀ ਇਨਸਾਨ ਹੈ ਤੇ ਉਹਦਾ ਮਨ ਵੀ ਕਰਦਾ ਹੈ ਕਿ ਉਹ ਵੀ ਕੁਝ ਪਲ ਆਰਾਮ ਕਰੇ, ਆਪਣੇ ਕਿਸੇ ਸ਼ੌਕ ਨੂੰ ਵੀ ਸਮਾਂ ਦੇ ਸਕੇ। ਅਕਸਰ ਦੇਖਦੇ ਹਾਂ ਕਿ ਕਿਸੇ ਨੌਕਰੀ ਜਾਂ ਹੋਰ ਕੰਮ ਤੋਂ ਘਰ ਪਰਤ ਕੇ ਮਰਦ ਸਾਥੀ ਤਾਂ ਆਪਣੀ ਮਰਜ਼ੀ ਨਾਲ ਆਰਾਮ ਕਰਨ ਲੱਗ ਜਾਂਦਾ ਹੈ। ਚਾਹ-ਪਾਣੀ ਲਈ ਵੀ ਘਰ ਦੀ ਸੁਆਣੀ ਨੂੰ ਹੀ ਆਦੇਸ਼ ਦਿੱਤਾ ਜਾਂਦਾ ਹੈ। ਨਾਲ ਹੀ ਕੰਮ ਤੋਂ ਪਰਤੀ ਔਰਤ ਨੂੰ ਤਾਂ ਪਾਣੀ ਵੀ ਆਪ ਹੀ ਪੀਣਾ ਪੈਂਦਾ ਹੈ। ਸ਼ਾਇਦ ਹੀ ਕਿਸੇ ਨੇ ਕਦੇ ਬਾਹਰੋਂ ਕੰਮ ਤੋਂ ਮੁੜੀ ਔਰਤ ਨੂੰ ਪਾਣੀ ਪੁੱਛਿਆ ਹੋਵੇ। ਇਹ ਮਰਦ-ਪ੍ਰਧਾਨ ਸਮਾਜ ਦੀ ਮਾਨਸਿਕਤਾ ਹੈ। ਘਰ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਔਰਤ ਕੋਲ ਹੀ ਹੈ। ਵਿਸ਼ੇਸ਼ ਤੌਰ ’ਤੇ ਰਸੋਈ ਨਾਲ ਜੁੜੇ ਸਾਰੇ ਕੰਮ ਘਰ ਦੀ ਸੁਆਣੀ ਨੂੰ ਹੀ ਕਰਨੇ ਪੈਂਦੇ ਹਨ। ਜੇ ਉਹ ਥੱਕੀ ਹੋਵੇ, ਬਿਮਾਰ ਹੋਵੇ ਤਾਂ ਵੀ ਬਾਕੀ ਟੱਬਰ ਦੇ ਮਨ ਵਿੱਚ ਅੰਦਰੂਨੀ ਭਾਵਨਾ ਇਹੀ ਹੁੰਦੀ ਹੈ ਕਿ ਇਹ ਉੱਠ ਕੇ ਕੰਮਕਾਰ ਕਰੇ।

ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਘਰ ਦਾ ਵਜੂਦ ਔਰਤ ਦੀ ਹੋਂਦ ਨਾਲ ਹੀ ਜੁੜਿਆ ਹੋਇਆ ਹੈ। ਘਰ ਵਿੱਚ ਕੋਈ ਔਰਤ ਹੋਵੇ ਤਾਂ ਹੀ ਉਹ ਘਰ ਲੱਗਦਾ ਹੈ। ਜੇ ਇੱਕ ਦਨਿ ਵੀ ਘਰ ਦੀ ਸੁਆਣੀ ਘਰ ਦੀ ਸਾਰ ਨਾ ਲਵੇ ਜਾਂ ਉਹ ਕਿਧਰੇ ਚਲੀ ਜਾਵੇ ਤਾਂ ਘਰ ਵਿੱਚ ਜਿਹੜੀ ਉਥਲ-ਪੁਥਲ ਮੱਚਦੀ ਹੈ, ਉਸ ਦਾ ਅਨੁਭਵ ਬਹੁਤਿਆਂ ਨੂੰ ਹੋਣਾ ਹੈ। ਸਦੀਆਂ ਤੋਂ ਅਜਿਹੀਆਂ ਗੱਲਾਂ ਲੋਕਾਂ ਦੇ ਮਨਾਂ ਵਿੱਚ ਵੱਸ ਜਾਣ ਕਾਰਨ ਔਰਤਾਂ ਨੂੰ ਇਹ ਅਹਿਸਾਸ ਕਰਾ ਦਿੱਤਾ ਗਿਆ ਹੈ ਕਿ ਉਹ ਜਿਹੜੀ ਹੋਰ ਨੌਕਰੀ ਮਰਜ਼ੀ ਕਰੇ, ਪਰ ਘਰ ਦੇ ਸਾਰੇ ਕੰਮ ਉਸ ਨੂੰ ਹੀ ਕਰਨੇ ਪੈਣੇ ਹਨ। ਅਸਲ ਵਿੱਚ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਕੋਈ ਮਾੜੀ ਗੱਲ ਨਹੀਂ ਹੈ, ਪਰ ਇਹ ਜ਼ਿੰਮੇਵਾਰੀ ਤਾਂ ਮਰਦ-ਸਾਥੀ ਜਾਂ ਘਰ ਦੇ ਹੋਰ ਜੀਆਂ ਦੀ ਵੀ ਹੈ। ਸਾਰੇ ਕੰਮਾਂ ਦਾ ਬੋਝ ਔਰਤ ਦੇ ਮੋਢਿਆਂ ’ਤੇ ਹੀ ਲੱਦ ਦੇਣਾ ਔਰਤ ਨਾਲ ਬੇਇਨਸਾਫ਼ੀ ਹੈ।

ਜੇ ਔਰਤ ਆਪਣੀ ਖ਼ਰਾਬ ਸਿਹਤ ਦਾ ਵਾਸਤਾ ਪਾ ਕੇ ਕੰਮਾਂ ਦੇ ਬੋਝ ਸਬੰਧੀ ਕੋਈ ਸ਼ਿਕਾਇਤ ਕਰੇ ਤਾਂ ਘਰ ਵਿੱਚ ਕਲੇਸ਼ ਪੈ ਜਾਂਦਾ ਹੈ। ਸ਼ਾਇਦ ਇਸ ਕਾਰਨ ਹੀ ਔਰਤਾਂ ਮਨ ਮਾਰ ਕੇ ਆਪਣੇ ਕੰਮ ਕਰਦੀਆਂ ਰਹਿੰਦੀਆਂ ਹਨ। ਹੈਰਾਨੀਜਨਕ ਗੱਲ ਹੈ ਕਿ ਸਮਾਜ ਦੀਆਂ ਹੋਰ ਔਰਤਾਂ ਵੀ ਘਰ ਦੀ ਸੁਆਣੀ ਨੂੰ ਹੀ ਦੋਸ਼ੀ ਠਹਿਰਾਉਂਦੀਆਂ ਹਨ ਤੇ ਔਰਤ ਦੇ ਹੱਕ ਵਿੱਚ ਕੋਈ ਆਵਾਜ਼ ਨਹੀਂ ਉਠਾਉਂਦਾ। ਇਹ ਵਰਤਾਰਾ ਲਗਾਤਾਰ ਚੱਲੀ ਜਾਂਦਾ ਹੈ ਤੇ ਬਹੁਤੀਆਂ ਔਰਤਾਂ ਤਾਂ ਇਹੀ ਸਮਝਦੀਆਂ ਹਨ ਕਿ ਇਹੀ ਔਰਤ ਦੀ ਹੋਣੀ ਹੈ। ਜਿੱਥੇ ਕੋਈ ਔਰਤ ਆਪਣੇ ਹੱਕਾਂ ਲਈ ਸਥਾਪਿਤ ਸਥਿਤੀਆਂ ਦੇ ਖਿਲਾਫ਼ ਆਵਾਜ਼ ਉਠਾਉਣ ਦਾ ਹੌਸਲਾ ਕਰਦੀ ਹੈ ਤਾਂ ਘਰ-ਪਰਿਵਾਰ ਤੇ ਸਮਾਜ ਵਿੱਚ ਉਸ ਵਿਰੁੱਧ ਹੀ ਗੱਲਾਂ ਹੋਣ ਲੱਗਦੀਆਂ ਹਨ।

ਐਤਵਾਰ ਜਾਂ ਛੁੱਟੀ ਵਾਲੇ ਦਨਿ ਘਰ ਦੇ ਸਾਰੇ ਜੀਅ ਮੌਜਾਂ ਮਾਣਦੇ ਹਨ, ਪਰ ਔਰਤ ਭਾਵੇਂ ਕੰਮਕਾਜੀ ਹੋਵੇ, ਭਾਵੇਂ ਘਰੇਲੂ ਔਰਤ ਨੂੰ ਬਹੁਤ ਘੱਟ ਛੁੱਟੀ ਮਾਨਣ ਦਾ ਮੌਕਾ ਨਸੀਬ ਹੁੰਦਾ ਹੈ। ਬੱਚਿਆਂ ਤੇ ਵੱਡਿਆਂ ਦੀਆਂ ਖਾਣ-ਪੀਣ ਦੀਆਂ ਫਰਮਾਇਸ਼ਾਂ ਪੂਰੀਆਂ ਕਰਦਿਆਂ ਹੀ ਘਰ ਦੀ ਸੁਆਣੀ ਦਾ ਸਾਰਾ ਦਨਿ ਰਸੋਈ ਵਿੱਚ ਹੀ ਲੰਘ ਜਾਂਦਾ ਹੈ। ਸਿੱਟੇ ਵਜੋਂ ਉਹ ਪਹਿਲੇ ਦਿਨਾਂ ਨਾਲੋਂ ਵੀ ਵੱਧ ਥੱਕ ਕੇ ਚੂਰ ਹੋ ਜਾਂਦੀ ਹੈ। ਵੱਡਾ ਦੁਖਾਂਤ ਇਹ ਹੈ ਕਿ ਇਸ ਦੇ ਬਾਵਜੂਦ ਸਮਾਜ ਔਰਤ ਦੇ ਕੰਮਾਂ ਨੂੰ ਕੰਮ ਸਮਝਣ ਤੋਂ ਹੀ ਇਨਕਾਰੀ ਹੈ। ਘਰੇਲੂ ਔਰਤਾਂ ਬਾਰੇ ਅਕਸਰ ਇਹੀ ਕਿਹਾ ਜਾਂਦਾ ਹੈ ਕਿ ਇਹ ਤਾਂ ਸਾਰਾ ਦਨਿ ਘਰ ਵਿੱਚ ਵਿਹਲੀਆਂ ਹੀ ਰਹਿੰਦੀਆਂ ਹਨ। ਹਾਲਾਂਕਿ, ਤੁਸੀਂ ਘਰ-ਪਰਿਵਾਰਾਂ ਵਿੱਚ ਦੇਖੋ ਤਾਂ ਘਰੇਲੂ ਸੁਆਣੀਆਂ ਵੀ ਸਾਰਾ ਦਨਿ ਕੰਮਾਂ ਵਿੱਚ ਜੁਟੀਆਂ ਰਹਿੰਦੀਆਂ ਹਨ। ਔਰਤਾਂ ਵੱਲੋਂ ਘਰਾਂ ਵਿੱਚ ਕੀਤੇ ਜਾਣ ਵਾਲੇ ਛੋਟੇ ਛੋਟੇ ਕੰਮਾਂ ਦੀ ਗਿਣਤੀ ਕੀਤੀ ਜਾਵੇ ਤਾਂ ਸ਼ਾਇਦ ਸੈਂਕੜੇ ਕੰਮ ਹੋਣਗੇ। ਅਸਲ ਵਿੱਚ ਘਰ ਦੇ ਕੰਮਾਂ ਦੀ ਗਿਣਤੀ ਕੀਤੀ ਹੀ ਨਹੀਂ ਜਾ ਸਕਦੀ।

ਗੱਲ ਤਾਂ ਇਹ ਵੀ ਠੀਕ ਹੈ ਕਿ ਕਦੇ ਉਹਦਾ ਵੀ ਤਾਂ ਜੀ ਕਰਦਾ ਹੈ ਕਿ ਲਗਾਤਾਰ ਕੰਮ ਦੇ ਬੋਝ ਤੋਂ ਮੁਕਤ ਹੋਣ ਲਈ, ਉਹਨੂੰ ਵੀ ਕਦੇ ਆਰਾਮ ਕਰਨ ਦਾ ਮੌਕਾ ਮਿਲੇ। ਉਹਨੂੰ ਵੀ ਕੋਈ ਘਰ ਦਾ ਜੀਅ ਥੱਕੀ-ਹਾਰੀ ਨੂੰ ਕਦੇ ਤਾਂ ਕਹਿ ਦੇਵੇ ਕਿ ਤੂੰ ਵੀ ਹੁਣ ਆਰਾਮ ਕਰ ਲੈ। ਕੋਈ ਬੈਠੀ ਨੂੰ ਚਾਹ ਦਾ ਕੱਪ ਪੁੱਛ ਲਏ ਤਾਂ ਏਨੇ ਨਾਲ ਹੀ ਉਸ ਨੂੰ ਖ਼ੁਸ਼ੀ ਦਾ ਅਹਿਸਾਸ ਹੋ ਜਾਂਦਾ ਹੈ। ਬਜਾਏ ਇਸ ਦੇ ਕਿ ਔਰਤ ਦੇ ਕੰਮਾਂ ਦੀ ਪ੍ਰਸੰਸਾ ਕੀਤੀ ਜਾਵੇ, ਅਕਸਰ ਨੁਕਸ ਕੱਢ ਕੇ ਉਸ ਦੇ ਮਨ ਨੂੰ ਠੇਸ ਪਹੁੰਚਾਈ ਜਾਂਦੀ ਹੈ।

ਸਾਡੇ ਘਰਾਂ ਵਿੱਚ ਬੱਚੇ ਵੀ ਕੰਮ ਘੱਟ ਹੀ ਕਰਦੇ ਹਨ। ਅਜੇ ਕੁੜੀਆਂ ਤਾਂ ਕਹਿਣ-ਕਹਾਉਣ ’ਤੇ ਕੋਈ ਹੱਥ ਵਟਾ ਦਿੰਦੀਆਂ ਹਨ, ਪਰ ਮੁੰਡੇ ਤਾਂ ਕਿਸੇ ਕੰਮ ਨੂੰ ਹੱਥ ਲਾ ਕੇ ਰਾਜ਼ੀ ਹੀ ਨਹੀਂ ਹਨ। ਜੇ ਘਰ ਵਿੱਚ ਬਾਪ ਔਰਤਾਂ ਨਾਲ ਕਿਸੇ ਕੰਮ ਵਿੱਚ ਮਦਦ ਨਹੀਂ ਕਰਦੇ ਤਾਂ ਬੱਚੇ ਵੀ ਉਸੇ ਰਾਹ ਤੁਰ ਪੈਂਦੇ ਹਨ। ਇਹ ਅਜੋਕੇ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਿ ਘਰ ਦੇ ਬੱਚਿਆਂ ਨੂੰ ਵੀ ਛੋਟੇ ਹੁੰਦਿਆਂ ਤੋਂ ਹੀ ਆਪਣੇ ਕੰਮ ਖ਼ੁਦ ਕਰਨ ਦੀ ਆਦਤ ਪਾਈ ਜਾਵੇ। ਇਹ ਸਮਝਣ ਦੀ ਲੋੜ ਹੈ ਕਿ ਔਰਤ ਵੀ ਕੰਮਾਂ ਦੇ ਬੋਝ ਨਾਲ ਅੱਕ-ਥੱਕ ਜਾਂਦੀ ਹੈ। ਉਸ ਨੂੰ ਵੀ ਕਦੇ ਤਾਂ ਕੰਮਾਂ ਤੋਂ ਛੁੱਟੀ ਮਿਲਣੀ ਹੀ ਚਾਹੀਦੀ ਹੈ।