ਔਰਤ ਦੇ ਸੰਘਰਸ਼ ਦੀ ਕਹਾਣੀ ‘ਢਾਈ ਆਖਰ’

ਔਰਤ ਦੇ ਸੰਘਰਸ਼ ਦੀ ਕਹਾਣੀ ‘ਢਾਈ ਆਖਰ’

ਬ੍ਰਿਜਮੋਹਨ

ਹਿੰਦੀ ਫਿਲਮ ‘ਢਾਈ ਆਖਰ’ (ਢਾਈ ਅੱਖਰ) ਨੂੰ ਗੋਆ ਵਿੱਚ ਹੋਣ ਵਾਲੇ 54ਵੇਂ ਇੰਡੀਅਨ ਇੰਟਰਨੈਸ਼ਨਲ ਫਿਲਮ ਫੈਸਟੀਵਲ (ਆਈਐੱਫਐੱਫਆਈ) 2023 ਦੇ ਮੁਕਾਬਲਾ ਸੈਕਸ਼ਨ ਵਿੱਚ ਚੁਣਿਆ ਗਿਆ ਹੈ। ਇਸ ਦਾ ਵਿਸ਼ਵ ਪ੍ਰੀਮੀਅਰ ਅੱਜ ਯਾਨੀ 25 ਨਵੰਬਰ ਨੂੰ ਕੀਤਾ ਜਾ ਰਿਹਾ ਹੈ। ਇਸ ਵੱਕਾਰੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ਇਸ ਸੁਤੰਤਰ ਫਿਲਮ ਦਾ ਵਿਸ਼ਵ ਪ੍ਰੀਮੀਅਰ ਹੋਣਾ ਜ਼ਿਕਰਯੋਗ ਪ੍ਰਾਪਤੀ ਹੈ। ਇੱਥੇ ਇਸ ਦਾ ਮੁਕਾਬਲਾ ‘ਕੰਤਾਰਾ’, ‘ਗੁਲਮੋਹਰ’ ਅਤੇ 96ਵੇਂ ਆਸਕਰ ਲਈ ਨਾਮਜ਼ਦ ‘2018-ਐਵਰੀਵਨ ਇਜ਼ ਏ ਹੀਰੋ’ ਵਰਗੀਆਂ ਫਿਲਮਾਂ ਨਾਲ ਹੈ।

ਹਿੰਦੀ ਲੇਖਕ ਅਮਰੀਕ ਸਿੰਘ ਦੀਪ ਦੇ ਨਾਵਲ ‘ਤੀਰਥਾਟਨ ਕੇ ਬਾਦ’ ’ਤੇ ਆਧਾਰਿਤ ਫਿਲਮ ‘ਢਾਈ ਆਖਰ’ ਹਰਸ਼ਿਤਾ ਨਾਂ ਦੀ ਅਜਿਹੀ ਔਰਤ ਦੀ ਕਹਾਣੀ ਹੈ, ਜੋ ਸਾਲਾਂ ਬੱਧੀ ਘਰੇਲੂ ਹਿੰਸਾ ਅਤੇ ਬੇਗ਼ੈਰਤ ਵਿਆਹੁਤਾ ਜੀਵਨ ਦਾ ਸ਼ਿਕਾਰ ਰਹੀ। ਉਹ ਚਿੱਠੀਆਂ ਰਾਹੀਂ ਇੱਕ ਨਾਮਵਰ ਲੇਖਕ ਸ਼੍ਰੀਧਰ ਦੇ ਨੇੜੇ ਆਉਂਦੀ ਹੈ, ਪਰ ਵਿਧਵਾ ਹੋਣ ਸਦਕਾ ਉਨ੍ਹਾਂ ਦਾ ਇਹ ਰਿਸ਼ਤਾ ਪੁਰਖ-ਪ੍ਰਧਾਨ ਸਮਾਜ ਅਤੇ ਪਰਿਵਾਰ ਵੱਲੋਂ ਸਵੀਕਾਰ ਨਹੀਂ ਕੀਤਾ ਜਾਂਦਾ। ਇਸ ਫਿਲਮ ਦੇ ਕੇਂਦਰ ਵਿੱਚ ਹਰਸ਼ਿਤਾ ਵੱਲੋਂ ਆਪਣੀ ਪਛਾਣ ਨੂੰ ਲੱਭਣ ਦਾ ਯਤਨ ਹੈ। ਕੀ ਹਰਸ਼ਿਤਾ ਇਸ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕੇਗੀ ? ਸ਼੍ਰੀਧਰ ਨਾਲ ਉਸਦ ੇ ਰਿਸ਼ਤੇ ਬਾਬਤ ਪਰਿਵਾਰ ਦੀ ਨਫ਼ਰਤ ਦਾ ਅੰਤ ਕੀ ਹੋਵੇਗਾ ? ਕੀ ਦੋਹਾਂ ਦਾ ਪਿਆਰ ਪਰਵਾਨ ਚੜ੍ਹੇਗਾ? ਫਿਲਮ ਇਨ੍ਹਾਂਂ ਸਾਰੇ ਸਵਾਲਾਂ ਦੇ ਭਾਵਨਾਤਮਕ ਜਵਾਬ ਲੱਭਣ ਦੀ ਕੋਸ਼ਿਸ਼ ਹੈ।

ਇਹ ਫਿਲਮ ਪਰਵੀਨ ਅਰੋੜਾ ਦੁਆਰਾ ਨਿਰਦੇਸ਼ਤ ਅਤੇ ਕਬੀਰ ਕਮਿਊਨੀਕੇਸ਼ਨਜ਼ ਤੇ ਆਕ੍ਰਿਤੀ ਪ੍ਰੋਡਕਸ਼ਨਸ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਬਣਾਈ ਗਈ ਹੈ। ਨਿਰਦੇਸ਼ਕ ਪਰਵੀਨ ਅਰੋੜਾ ਦਾ ਕਹਿਣਾ ਹੈ ਕਿ ਇਹ ਫਿਲਮ ਪਿਆਰ ਦਾ ਇੱਕ ਗੀਤ ਹੈ, ਜੋ ਕਿਸੇ ਦੀ ਜ਼ਿੰਦਗੀ ਨੂੰ ਬਦਲਣ ਦੀ ਤਾਕਤ ਰੱਖਦਾ ਹੈ। ਇਸ ਰਾਹੀਂ ਉਹ ਇਹ ਦਰਸਾਉਣਾ ਚਾਹੁੰਦੇ ਹਨ ਕਿ ਕਿਵੇਂ ਪਰਿਵਾਰਾਂ ਵਿੱਚ ਔਰਤਾਂ ਨਾਲ ਦੁਰਵਿਹਾਰ ਅਤੇ ਹਿੰਸਾ ਨੂੰ ਆਮ ਵਰਤਾਰੇ ਵਜੋਂ ਸਵੀਕਾਰ ਕਰ ਲਿਆ ਜਾਂਦਾ ਹੈ, ਜਿਸ ਨਾਲ ਔਰਤਾਂ ਦੀ ਸ਼ਖ਼ਸੀਅਤ ’ਤੇ ਮਾੜਾ ਅਸਰ ਪੈਂਦਾ ਹੈ।

ਇਸ ਫਿਲਮ ਵਿੱਚ ਹਿੰਦੀ ਅਤੇ ਮਰਾਠੀ ਸਿਨਮਾ ਦੀ ਮਸ਼ਹੂਰ ਅਦਾਕਾਰਾ ਮ੍ਰਿਣਾਲ ਕੁਲਕਰਨੀ ਨੇ ਹਰਸ਼ਿਤਾ ਦੀ ਮੁੱਖ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਫਿਲਮਾਂ ਅਤੇ ਰੰਗਮੰਚ ਦੇ ਉੱਘੇ ਅਦਾਕਾਰ ਹਰੀਸ਼ ਖੰਨਾ ਅਤੇ ਮਸ਼ਹੂਰ ਮਰਾਠੀ ਅਦਾਕਾਰ ਰੋਹਿਤ ਕੋਕਾਟੇ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ‘ਜਿਸ ਲਾਹੌਰ ਨਹੀਂ ਦੇਖਿਆ’ ਅਤੇ ਫਿਲਮ ‘ਗਾਂਧੀ ਗੌਡਸੇ -ਏਕ ਯੁੱਧ’ ਦੇ ਲੇਖਕ ਅਸਗ਼ਰ ਵਜਾਹਤ ਨੇ ਇਸ ਫਿਲਮ ਦੀ ਰੂਪਾਂਤਰਿਤ ਸਕ੍ਰਿਪਟ ਅਤੇ ਸੰਵਾਦ ਲਿਖੇ ਹਨ। ਫਿਲਮ ਦੀ ਸ਼ਾਨਦਾਰ ਟੀਮ ਵਿੱਚ ਗੀਤਕਾਰ ਇਰਸ਼ਾਦ ਕਾਮਿਲ, ਹਿੰਦੀ ਅਤੇ ਬੰਗਾਲੀ ਸੰਗੀਤ ਨਿਰਦੇਸ਼ਕ ਅਨੁਪਮ ਰਾਏ ਅਤੇ ਗਾਇਕਾ ਕਵਿਤਾ ਸੇਠ ਸ਼ਾਮਲ ਹਨ।