ਔਕਸਫੈਮ ਇੰਟਰਨੈਸ਼ਨਲ ਦੀ ਰਿਪੋਰਟ-ਭਾਰਤ ਦੇ ਇਕ ਫ਼ੀਸਦ ਅਮੀਰਾਂ ਕੋਲ ਮੁਲਕ ਦੀ 40 ਫ਼ੀਸਦ ਦੌਲਤ

ਔਕਸਫੈਮ ਇੰਟਰਨੈਸ਼ਨਲ ਦੀ ਰਿਪੋਰਟ-ਭਾਰਤ ਦੇ ਇਕ ਫ਼ੀਸਦ ਅਮੀਰਾਂ ਕੋਲ ਮੁਲਕ ਦੀ 40 ਫ਼ੀਸਦ ਦੌਲਤ

10 ਸਭ ਤੋਂ ਅਮੀਰ ਲੋਕਾਂ ’ਤੇ ਪੰਜ ਫ਼ੀਸਦੀ ਟੈਕਸ ਲਗਾਉਣ ਨਾਲ ਸਕੂਲ ਛੱਡ ਚੁੱਕੇ ਬੱਚਿਆਂ ਦੀ ਹੋ ਸਕਦੀ ਹੈ ਵਾਪਸੀ
ਦਾਵੋਸ-ਭਾਰਤ ਵਿੱਚ ਸਭ ਤੋਂ ਅਮੀਰ ਇਕ ਫ਼ੀਸਦੀ ਲੋਕਾਂ ਕੋਲ ਹੁਣ ਦੇਸ਼ ਦੀ ਕੁੱਲ ਦੌਲਤ ਦਾ 40 ਫ਼ੀਸਦੀ ਤੋਂ ਵੱਧ ਹੈ। ਦੂਜੇ ਪਾਸੇ ਹੇਠਲੇ 50 ਫ਼ੀਸਦੀ ਲੋਕਾਂ ਕੋਲ ਕੁੱਲ ਦੌਲਤ ਦਾ ਸਿਰਫ਼ ਤਿੰਨ ਫ਼ੀਸਦੀ ਹੈ। ਔਕਸਫੈਮ ਇੰਟਰਨੈਸ਼ਨਲ ਨੇ ਵਿਸ਼ਵ ਆਰਥਿਕ ਫੋਰਮ (ਡਬਲਿਊਈਐੱਫ) ਦੀ ਬੈਠਕ ਦੇ ਪਹਿਲੇ ਦਿਨ ਅੱਜ ਇੱਥੇ ਆਪਣੀ ਸਾਲਾਨਾ ਅਸਮਾਨਤਾ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਭਾਰਤ ਦੇ 10 ਸਭ ਤੋਂ ਅਮੀਰ ਲੋਕਾਂ ’ਤੇ ਪੰਜ ਫ਼ੀਸਦੀ ਟੈਕਸ ਲਗਾਉਣ ਨਾਲ ਸਕੂਲ ਛੱਡ ਚੁੱਕੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਸਾਰਾ ਪੈਸਾ ਮਿਲ ਸਕਦਾ ਹੈ। ਰਿਪੋਰਟ ਮੁਤਾਬਕ,‘‘ਸਿਰਫ਼ ਇਕ ਅਰਬਪਤੀ ਗੌਤਮ ਅਡਾਨੀ ਨੂੰ 2017-2021 ਦੌਰਾਨ ਮਿਲੇ ਅਪ੍ਰਾਪਤ ਲਾਭ ’ਤੇ ਯੱਕਮੁਸ਼ਤ ਟੈਕਸ ਲਗਾ ਕੇ 1.79 ਲੱਖ ਕਰੋੜ ਰੁਪਏ ਵਸੂਲੇ ਜਾ ਸਕਦੇ ਹਨ ਜੋ ਭਾਰਤੀ ਪ੍ਰਾਇਮਰੀ ਸਕੂਲਾਂ ਦੇ 50 ਲੱਖ ਤੋਂ ਜ਼ਿਆਦਾ ਅਧਿਆਪਕਾਂ ਨੂੰ ਇਕ ਸਾਲ ਲਈ ਰੁਜ਼ਗਾਰ ਦੇਣ ਵਾਸਤੇ ਕਾਫੀ ਹੈ।’’ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਭਾਰਤ ਦੇ ਅਰਬਪਤੀਆਂ ਦੀ ਪੂਰੀ ਕਮਾਈ ’ਤੇ ਦੋ ਫ਼ੀਸਦੀ ਦੀ ਦਰ ਨਾਲ ਯੱਕਮੁਸ਼ਤ ਟੈਕਸ ਲਗਾਇਆ ਜਾਵੇ ਤਾਂ ਇਸ ਨਾਲ ਦੇਸ਼ ’ਚ ਅਗਲੇ ਤਿੰਨ ਸਾਲਾਂ ਤੱਕ ਕੁਪੋਸ਼ਿਤ ਲੋਕਾਂ ਦੇ ਪੋਸ਼ਣ ਲਈ 40,423 ਕਰੋੜ ਰੁਪਏ ਦੀ ਲੋੜ ਨੂੰ ਪੂਰਾ ਕੀਤਾ ਜਾ ਸਕਦਾ ਹੈ। ‘ਦੇਸ਼ ਦੇ 10 ਸਭ ਤੋਂ ਅਮੀਰ ਅਰਬਪਤੀਆਂ ’ਤੇ ਪੰਜ ਫ਼ੀਸਦ ਦਾ ਯੱਕਮੁਸ਼ਤ ਟੈਕਸ (1.37 ਲੱਖ ਕਰੋੜ ਰੁਪਏ) ਲਗਾਉਣ ਨਾਲ ਮਿਲੀ ਰਕਮ 2022-23 ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ (86,200 ਕਰੋੜ ਰੁਪਏ) ਅਤੇ ਆਯੁਸ਼ ਮੰਤਰਾਲੇ ਦੇ ਬਜਟ ਤੋਂ 1.5 ਗੁਣਾ ਵਧ ਹੈ।’ ਲਿੰਗ ਅਸਮਾਨਤਾ ਬਾਰੇ ਰਿਪੋਰਟ ’ਚ ਕਿਹਾ ਗਿਆ ਹੈ ਕਿ ਮਹਿਲਾ ਵਰਕਰਾਂ ਨੂੰ ਇਕ ਪੁਰਸ਼ ਮੁਲਾਜ਼ਮ ਵੱਲੋਂ ਕਮਾਏ ਗਏ ਹਰੇਕ ਇਕ ਰੁਪਏ ਦੇ ਮੁਕਾਬਲੇ ’ਚ ਸਿਰਫ਼ 63 ਪੈਸੇ ਹੀ ਮਿਲਦੇ ਹਨ। ਇਸੇ ਤਰ੍ਹਾਂ ਅਨੁਸੂਚਿਤ ਜਾਤਾਂ ਅਤੇ ਦਿਹਾਤੀ ਵਰਕਰਾਂ ਨੂੰ ਮਿਲਣ ਵਾਲੇ ਮਿਹਨਤਾਨੇ ’ਚ ਵੀ ਫਰਕ ਹੈ। ਉੱਚੇ ਸਮਾਜਿਕ ਵਰਗ ਨੂੰ ਮਿਲਣ ਵਾਲੇ ਮਿਹਨਤਾਨੇ ਦੇ ਮੁਕਾਬਲੇ ’ਚ ਅਨੁਸੂਚਿਤ ਜਾਤ ਨੂੰ 55 ਫ਼ੀਸਦ ਅਤੇ ਦਿਹਾਤੀ ਵਰਕਰ ਨੂੰ 50 ਫ਼ੀਸਦ ਤਨਖ਼ਾਹ ਮਿਲਦੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸਿਖਰਲੇ 100 ਭਾਰਤੀ ਅਰਬਪਤੀਆਂ ’ਤੇ 2.5 ਫ਼ੀਸਦ ਟੈਕਸ ਲਗਾਉਣ ਜਾਂ ਸਿਖਰਲੇ 10 ਭਾਰਤੀ ਅਰਬਪਤੀਆਂ ’ਤੇ ਪੰਜ ਫ਼ੀਸਦ ਟੈਕਸ ਲਗਾਉਣ ਨਾਲ ਬੱਚਿਆਂ ਨੂੰ ਸਕੂਲਾਂ ’ਚ ਵਾਪਸ ਲਿਆਉਣ ਲਈ ਲੋੜੀਂਦੀ ਰਕਮ ਮਿਲ ਜਾਵੇਗੀ। ਔਕਸਫੈਮ ਇੰਡੀਆ ਦੇ ਸੀਈਓ ਅਮਿਤਾਭ ਬੇਹਰ ਨੇ ਕਿਹਾ ਕਿ ਦੇਸ਼ ਦੇ ਹਾਸ਼ੀਏ ’ਤੇ ਧੱਕੇ ਲੋਕਾਂ, ਦਲਿਤਾਂ, ਆਦਿਵਾਸੀਆਂ, ਮੁਸਲਮਾਨਾਂ, ਔਰਤਾਂ ਅਤੇ ਅਸੰਗਠਤ ਖੇਤਰ ਦੇ ਮਜ਼ਦੂਰ ਸਭ ਤੋਂ ਅਮੀਰ ਲੋਕਾਂ ਦੀ ਹੋਂਦ ਨੂੰ ਯਕੀਨੀ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਗਰੀਬ ਵਧੇਰੇ ਟੈਕਸਾਂ ਦਾ ਭੁਗਤਾਨ ਕਰ ਰਹੇ ਹਨ। ‘ਅਮੀਰਾਂ ਦੇ ਮੁਕਾਬਲੇ ’ਚ ਉਹ ਲੋੜੀਂਦੀਆਂ ਵਸਤਾਂ ਅਤੇ ਸੇਵਾਵਾਂ ’ਤੇ ਹੀ ਵਧੇਰੇ ਖ਼ਰਚ ਕਰਦੇ ਹਨ। ਸਮਾਂ ਆ ਗਿਆ ਹੈ ਕਿ ਅਮੀਰਾਂ ’ਤੇ ਟੈਕਸ ਲਗਾਇਆ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਉਹ ਆਪਣੇ ਢੁੱਕਵੇਂ ਹਿੱਸੇ ਦਾ ਭੁਗਤਾਨ ਕਰਨ।’ ਬੇਹਰ ਨੇ ਕੇਂਦਰੀ ਵਿੱਤ ਮੰਤਰੀ ਨੂੰ ਪ੍ਰਗਤੀਸ਼ੀਲ ਟੈਕਸ ਉਪਾਅ ਲਾਗੂ ਕਰਨ ਦੀ ਬੇਨਤੀ ਕੀਤੀ ਹੈ। ਆਕਸਫੈਮ ਨੇ ਕਿਹਾ ਕਿ ਆਲਮੀ ਪੱਧਰ ’ਤੇ ਸਭ ਤੋਂ ਅਮੀਰ ਇਕ ਫ਼ੀਸਦ ਨੇ ਪਿਛਲੇ ਦੋ ਸਾਲਾਂ ’ਚ ਦੁਨੀਆ ਦੀ ਬਾਕੀ ਅਬਾਦੀ ਦੇ ਮੁਕਾਬਲੇ ’ਚ ਕਰੀਬ ਦੋਗੁਣੀ ਸੰਪਤੀ ਹਾਸਲ ਕੀਤੀ ਹੈ। ਰਿਪੋਰਟ ਅਨੁਸਾਰ ਅਰਬਪਤੀਆਂ ਦੀ ਸੰਪਤੀ ਰੋਜ਼ਾਨਾ 2.7 ਅਰਬ ਡਾਲਰ ਵਧ ਰਹੀ ਹੈ ਜਦਕਿ ਘਟ ਤੋਂ ਘਟ 1.7 ਅਰਬ ਵਰਕਰ ਹੁਣ ਉਨ੍ਹਾਂ ਦੇਸ਼ਾਂ ’ਚ ਰਹਿੰਦੇ ਹਨ, ਜਿਥੇ ਮਹਿੰਗਾਈ ਦਰ ਤਨਖ਼ਾਹ ’ਚ ਵਾਧੇ ਨਾਲੋਂ ਜ਼ਿਆਦਾ ਹੈ।