ਓਮਾਨ ਵਿੱਚ ਫਸੀਆਂ ਸੱਤ ਔਰਤਾਂ ਭਾਰਤ ਪੁੱਜੀਆਂ

ਓਮਾਨ ਵਿੱਚ ਫਸੀਆਂ ਸੱਤ ਔਰਤਾਂ ਭਾਰਤ ਪੁੱਜੀਆਂ

‘ਮਿਸ਼ਨ ਹੋਪ’ ਤਹਿਤ ਪਿਛਲੇ ਦੋ ਹਫ਼ਤਿਆਂ ਵਿੱਚ 24 ਔਰਤਾਂ ਨੂੰ ਬਚਾਇਆ
ਨਵੀਂ ਦਿੱਲੀ/ਅੰਮ੍ਰਿਤਸਰ- ਓਮਾਨ ਵਿੱਚ ਫਸੀਆਂ 7 ਔਰਤਾਂ ਅਤੇ ਇੱਕ ਲੜਕਾ ਅੱਜ ‘ਮਿਸ਼ਨ ਹੋਪ’ ਮੁਹਿੰਮ ਤਹਿਤ ਸੁਰੱਖਿਅਤ ਭਾਰਤ ਪਹੁੰਚ ਗਏ ਹਨ। ਇਸ ਬਾਰੇ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਦੱਸਿਆ ਕਿ ‘ਮਿਸ਼ਨ ਹੋਪ’ ਤਹਿਤ ਓਮਾਨ ਵਿੱਚ ਫਸੀਆਂ ਔਰਤਾਂ ਨੂੰ ਭਾਰਤ ਵਾਪਸ ਲਿਆਉਣ ਲਈ ਜੰਗੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਓਮਾਨ ਵਿੱਚ ਇੱਕ ਨਾਮੀ ਇਮੀਗ੍ਰੇਸ਼ਨ ਲਾਅ ਫਰਮ ਨਾਲ ਸੰਪਰਕ ਕਰਕੇ ਪੀੜਤਾਂ ਦੀ ਘਰ ਵਾਪਸੀ ਲਈ ਲੋੜੀਂਦੀ ਕਾਨੂੰਨੀ ਸਹਾਇਤਾ ਵੀ ਲਈ ਗਈ ਹੈ। ਇਹ ਫਰਮ ਉਕਤ ਪੀੜਤਾਂ ਦੇ ਸਪਾਂਸਰਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਕੇ ਲੋੜੀਂਦੇ ਦਸਤਾਵੇਜ਼ ਇਕੱਤਰ ਕਰਨ ਵਿੱਚ ਵੀ ਮਦਦ ਕਰ ਰਹੀ ਹੈ। ਸ੍ਰੀ ਸਾਹਨੀ ਨੇ ਦੱਸਿਆ ਕਿ ਅੱਜ ਭਾਰਤ ਪਰਤੀਆਂ ਔਰਤਾਂ ਪਿੰਡ ਇੰਦਾਣਾ ਕਲਸੀ (ਜਲੰਧਰ), ਸ਼ਾਹਕੋਟ (ਜਲੰਧਰ), ਅੱਪਰੇ (ਫਿਲੌਰ), ਗਾਲਿਬ ਕਲਾਂ (ਜਗਰਾਉਂ), ਪੱਟੀ (ਤਰਨ ਤਾਰਨ), ਕਮਾਲਪੁਰਾ (ਨਕੋਦਰ), ਅਕਲੀਆ (ਬਠਿੰਡਾ) ਦੀਆਂ ਵਸਨੀਕ ਹਨ, ਜੋ ਟਰੈਵਲ ਏਜੰਟਾਂ ਵੱਲੋਂ ਧੋਖੇ ਨਾਲ ਓਮਾਨ ਪਹੁੰਚਾਈਆਂ ਗਈਆਂ ਸਨ। ਇਸ ਦੇ ਨਾਲ ਹੀ ਜਲੰਧਰ ਦਾ ਇੱਕ ਲੜਕਾ ਵੀ ਦੇਸ਼ ਪਰਤਿਆ ਹੈ, ਜੋ ਪਿਛਲੇ ਮਹੀਨੇ ਆਪਣੇ ਸਪਾਂਸਰ ਕੋਲੋਂ ਭੱਜ ਕੇ ਮਸਕਟ ਦੇ ਇੱਕ ਗੁਰਦੁਆਰੇ ਵਿੱਚ ਸੇਵਾਦਾਰ ਵਜੋਂ ਕੰਮ ਕਰ ਰਿਹਾ ਸੀ। ਸ੍ਰੀ ਸਾਹਨੀ ਨੇ ਦੱਸਿਆ ਕਿ ਉਕਤ ਪੀੜਤ ਭਲਕੇ ਸਬੰਧਤ ਥਾਣਿਆਂ ’ਚ ਆਪਣੇ ਨਾਲ ਹੋਈ ਠੱਗੀ ਸਬੰਧੀ ਸ਼ਿਕਾਇਤ ਦਰਜ ਕਰਵਾਉਣਗੇ। ਇਸ ਸਬੰਧੀ ਵਿਸ਼ਵ ਪੰਜਾਬੀ ਸੰਸਥਾ ਵੱਲੋਂ ਪੀੜਤਾਂ ਦੀਆਂ ਹਵਾਈ ਟਿਕਟਾਂ, ਦਿੱਲੀ ਹਵਾਈ ਅੱਡੇ ਤੋਂ ਉਨ੍ਹਾਂ ਦੇ ਘਰਾਂ ਤੱਕ ਦੇ ਕਿਰਾਏ ਅਤੇ ਸਪਾਂਸਰਾਂ ਵੱਲੋਂ ਉਨ੍ਹਾਂ ’ਤੇ ਲਗਾਏ ਗਏ ਨਾਜਾਇਜ਼ ਜੁਰਮਾਨੇ ਆਦਿ ਦਾ ਸਾਰਾ ਖਰਚਾ ਚੁੱਕਿਆ ਜਾ ਰਿਹਾ ਹੈ। ਪੰਜਾਬ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਾਹਨੀ ਨੇ ਕਿਹਾ ਕਿ ਪੀੜਤ ਔਰਤਾਂ ਨੂੰ ਨੇੜਲੇ ਪੁਲੀਸ ਸਟੇਸ਼ਨਾਂ ਵਿਚ ਲਿਜਾਇਆ ਜਾਵੇਗਾ ਅਤੇ ਸਬੰਧਿਤ ਏਜੰਟਾਂ ਖ਼ਿਲਾਫ਼ ਐਫਆਈਆਰਜ਼ ਦਰਜ ਕਰਵਾਈਆਂ ਜਾਣਗੀਆਂ। ਪੰਜਾਬ ਸਰਕਾਰ ਵੱਲੋਂ ਪਹਿਲਾ ਹੀ ਗੰਠਿਤ ਕੀਤੀ ਗਈ ਵਿਸ਼ੇਸ਼ ਜਾਂਚ ਟੀਮ ਕੋਲ ਇਹ ਐਫਆਈਆਰਜ਼ ਰੱਖੀਆਂ ਜਾਣਗੀਆਂ।