ਓਂਟਾਰੀਓ ਗੁਰਦੁਆਰਾ ਕਮੇਟੀ ਵਲੋਂ ਸਜਾਇਆ ਨਗਰ ਕੀਰਤਨ

ਓਂਟਾਰੀਓ ਗੁਰਦੁਆਰਾ ਕਮੇਟੀ ਵਲੋਂ ਸਜਾਇਆ ਨਗਰ ਕੀਰਤਨ

ਟੋਰਾਂਟੋ : ਓਂਟਾਰੀਓ ਗੁਰਦੁਆਰਾ ਕਮੇਟੀ ਵਲੋਂ ਖ਼ਾਲਸੇ ਦੇ 325ਵੇਂ ਸਾਜਨਾ ਦਿਵਸ ਅਤੇ 1984 ਦੇ ਘੱਲੂਘਾਰੇ ਦੇ 40ਵੇਂ ਵਰ੍ਹੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਸਿੰਘ ਸਭਾ ਮਾਲਟਨ (ਮਿਸੀਸਾਗਾ) ਤੋਂ ਸਿੱਖ ਸਪਿਰਚੁਅਲ ਸੈਂਟਰ ਰੈਕਸਡੇਲ (ਟੋਰਾਂਟੋਂ) ਤੱਕ ਆਯੋਜਿਤ ਕੀਤਾ ਗਿਆ। ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਕੀਰਤਨ ਦਰਬਾਰ ਸਜਿਆ ਅਤੇ ਫਿਰ ਸੰਗਤ ਦੇ ਸਹਿਯੋਗ ਨਾਲ ਪੂਰੇ ਸ਼ਾਨੋ-ਸ਼ੌਕਤ ਨਾਲ ਨਗਾਰਿਆਂ ਦੀ ਗੂੰਜ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਨਗਰ ਕੀਰਤਨ ਨਿਰਧਾਰਤ ਰੂਟ ਵੱਲ ਰਵਾਨਾ ਹੋਇਆ, ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨਾਲ ਰਾਹ ਵਿਚੋਂ ਵੀ ਸੰਗਤਾਂ ਰਲਦੀਆਂ ਗਈਆਂ ਅਤੇ ਦੂਰ-ਦੂਰ ਤੱਕ ਕੇਸਰੀ ਪੱਗਾਂ ਅਤੇ ਚੁੰਨੀਆਂ ਦਾ ਸਮੁੰਦਰ ਹੀ ਨਜ਼ਰ ਆ ਰਿਹਾ ਸੀ, ਥਾਂ-ਥਾਂ ਤੇ’ ਸੰਗਤਾਂ ਵਲੋਂ ਲਗਾਏ ਗਏ ਗੁਰੂ ਕੇ ਲੰਗਰ ਵੀ ਅਲੌਕਿਕ ਨਜ਼ਾਰਾ ਪੇਸ਼ ਕਰ ਰਹੇ ਸਨ ਜਦੋਂ ਕਿ ਦੇਰ ਸ਼ਾਮ ਨਗਰ ਕੀਰਤਨ ਦਾ ਗੁਰਦੁਆਰਾ ਰੈਕਸਡੇਲ ਪਹੁੰਚਣ ’ਤੇ ਭਾਰੀ ਗਿਣਤੀ ਵਿਚ ਇਕੱਤਰ ਸੰਗਤਾਂ ਵਲੋਂ ਭਰਪੂਰ ਸੁਆਗਤ ਕੀਤਾ ਗਿਆ, ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਲੱਗੀ ਸਟੇਜ ਉੱਤੇ ਜਿੱਥੇ ਗੁਰੂ ਘਰ ਦੇ ਰਾਗੀ ਸਿੰਘਾਂ ਵਲੋਂ ਰਸ- ਭਿੰਨਾ ਕੀਰਤਨ ਕੀਤਾ ਗਿਆ ਉੱਥੇ ਹੀ ਢਾਡੀ ਸਿੰਘਾਂ ਵਲੋਂ ਢਾਡੀ ਵਾਰਾਂ ਦਾ ਪ੍ਰਵਾਹ ਵੀ ਚਲਾਇਆ ਗਿਆ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੈਂਡ ਅਤੇ ਕੈਡਿਟਾਂ ਦੇ ਗਰੁੱਪ ਵੀ ਨਗਰ ਕੀਰਤਨ ਵਿਚ ਹਾਜ਼ਰੀ ਲੁਆ ਰਹੇ ਸਨ ਅਤੇ ਸਿੰਘਾਂ ਦੇ ਗਤਕਾ ਗਰੁੱਪਾਂ ਵਲੋਂ ਵੀ ਗਤਕੇ ਦੇ ਜੌਹਰ ਦਿਖਾਏ ਜਾ ਰਹੇ ਸਨ। ਇਸ ਮੌਕੇ ਸਟੇਜ ਤੋਂ ਕੁਝ ਮਤੇ ਵੀ ਪੜ੍ਹੇ ਗਏ ਜਿਸ ਵਿਚ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਇੱਕਜੁਟ ਹੋ ਕੇ ਸੰਘਰਸ਼ਸ਼ੀਲ ਰਹਿਣ ਦੀ ਅਪੀਲ ਵੀ ਸਾਮਲ ਹੈ। ਸਮਾਗਮ ਦੌਰਾਨ ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ ਨੇ ਮੁੱਖ ਬੁਲਾਰੇ ਵਜੋਂ ਬੋਲਦਿਆਂ ਆਖਿਆ ਕਿ ਖ਼ਾਲਿਸਤਾਨ ਹੀ ਸਿੱਖਾਂ ਦਾ ਅਸਲੀ ਘਰ ਹੈ ਇਸ ਵਾਸਤੇ ਹਰ ਇੱਕ ਸਿੱਖ ਆਪੋ-ਆਪਣੇ ਪੱਧਰ ’ਤੇ ਯਤਨਸ਼ੀਲ ਹੋਣਾ ਚਾਹੀਦਾ ਹੈ। ਗੁਰਦੁਆਰਾ ਸਿੱਖ ਸਪਿਰਚੁਅਲ ਸੈਂਟਰ ਵਿਖੇ ਸਟੇਜ ਤੋਂ ਸਿੱਖ ਸੰਘਰਸ਼ ਦੇ ਪ੍ਰਮੁੱਖ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ, ਜਿਨ੍ਹਾਂ ਵਿਚ ਭਾਈ ਅਮਰੀਕ ਸਿੰਘ, ਬਾਬਾ ਗੁਰਬਚਨ ਸਿੰਘ ਮਾਨੋਚਾਹਲ, ਭਾਈ ਪਰਮਜੀਤ ਸਿੰਘ ਪੰਜਵੜ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪਰਿਵਾਰਕ ਜੀਅ ਸ਼ਾਮਲ ਸਨ। ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਨੂੰ ਵੀ ਯਾਦ ਕੀਤਾ ਗਿਆ ਅਤੇ ਅਲੱਗ-ਅਲੱਗ ਪਾਰਟੀਆਂ ਦੇ ਸਿਆਸੀ ਆਗੂਆਂ ਵੱਲੋਂ ਵੀ ਇਸ ਮੌਕੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ ਗਏ। ਨਗਰ ਕੀਰਤਨ ਦੀ ਸ਼ਾਨੋ ਸ਼ੌਕਤ ਬਾਰੇ ਗੱਲ ਕਰਦਿਆਂ ਪੀਲ ਸਕੂਲ ਬੋਰਡ ਦੇ ਡਿਪਟੀ ਚੇਅਰਮੈਨ ਸ. ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਇਸ ਮੌਕੇ ’ਤੇ ਸਿੱਖ ਇਤਿਹਾਸ ਅਤੇ ਸ਼ਹੀਦਾਂ ਨੂੰ ਪ੍ਰਮੁੱਖਤਾ ਨਾਲ ਯਾਦ ਕੀਤੇ ਜਾਣ ਸਦਕਾ ਅਗਲੀਆਂ ਪੀੜੀਆਂ ਅਤੇ ਹੋਰਨਾਂ ਭਾਈਚਾਰਿਆਂ ਨੂੰ ਕੌਮ ਦੇ ਗੌਰਵ ਬਾਰੇ ਪਤਾ ਲੱਗਦਾ ਹੈ।