ਐੱਸਵਾਈਐੱਲ ਹੁਣ ਕੋਈ ਮੁੱਦਾ ਨਹੀਂ ਰਿਹਾ: ਸੁਖਬੀਰ ਬਾਦਲ

ਐੱਸਵਾਈਐੱਲ ਹੁਣ ਕੋਈ ਮੁੱਦਾ ਨਹੀਂ ਰਿਹਾ: ਸੁਖਬੀਰ ਬਾਦਲ

ਅੰਮ੍ਰਿਤਸਰ- ਸ਼੍ਰੋੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਸਤਲੁਜ ਯਮੁਨਾ ਲਿੰਕ ਨਹਿਰ (ਐੱਸਵਾਈਐੱਲ) ਨਾ ਕੋਈ ਮੁੱਦਾ ਹੈ ਅਤੇ ਨਾ ਹੀ ਇਸ ’ਤੇ ਮੀਟਿੰਗ ਕਰਨ ਦਾ ਕੋਈ ਲਾਭ ਹੈ। ਉਹ ਅੱਜ ਇਥੇ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ ਸਨ। ਉਨ੍ਹਾਂ ਕਿਹਾ ਕਿ ਹੁਣ ਕੋਈ ਨਹਿਰ ਨਹੀਂ ਹੈ, ਨਾ ਪਾਣੀ ਹੈ ਅਤੇ ਨਾ ਹੀ ਜ਼ਮੀਨ। ਇਸ ਲਈ ਇਹ ਹੁਣ ਕੋਈ ਮੁੱਦਾ ਨਹੀਂ ਰਹਿ ਗਿਆ ਅਤੇ ਇਸ ਸਬੰਧੀ ਵਾਰ-ਵਾਰ ਮੀਟਿੰਗ ਕਰਨਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਬਾਰੇ ਲਿਖ ਕੇ ਦੇਣਾ ਚਾਹੀਦਾ ਹੈ ਕਿ ਜਿਹੜੀ ਚੀਜ਼ ਹੈ ਹੀ ਨਹੀਂ, ਉਸ ਬਾਰੇ ਗੱਲ ਕਰਨ ਦਾ ਕੀ ਲਾਭ। ਮੁੱਖ ਮੰਤਰੀ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਗੁਰਦੁਆਰਿਆਂ ਦੀਆਂ ਗੋਲਕਾਂ ਬਾਰੇ ਵਰਤੀ ਸ਼ਬਦਾਵਲੀ ਸਬੰਧੀ ਸ੍ਰੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪਾਰਲੀਮੈਂਟ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਾਸਤਿਕ ਵਿਅਕਤੀ ਹਨ ਅਤੇ ਜੇ ਉਨ੍ਹਾਂ ਨੂੰ ਗੁਰੂ ਘਰ ਦੀ ਮਰਿਆਦਾ ਬਾਰੇ ਕੋਈ ਜਾਣਕਾਰੀ ਨਹੀਂ ਹੈ ਤਾਂ ਮਰਿਆਦਾ ਬਾਰੇ ਘਟੀਆ ਬਿਆਨ ਨਹੀਂ ਦੇਣੇ ਚਾਹੀਦੇ। ਜਾਣਕਾਰੀ ਮੁਤਾਬਕ ਬਾਦਲ ਪਰਿਵਾਰ ਇੱਥੇ ਹਰ ਕੀ ਪੌੜੀ ਵਿਖੇ ਆਰੰਭ ਕਰਵਾਏ ਅਖੰਡ ਪਾਠ ਦੇ ਸਬੰਧ ਵਿੱਚ ਪਹੁੰਚਿਆ ਹੋਇਆ ਹੈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਕਈ ਸਾਲ ਪਹਿਲਾਂ ਇਥੇ ਅਖੰਡ ਪਾਠ ਬੁੱਕ ਕਰਾਇਆ ਸੀ ਅਤੇ ਹੁਣ ਵਾਰੀ ਆਈ ਹੈ। ਇੱਥੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਲੰਗਰ ਘਰ ਵਿੱਚ ਜੂਠੇ ਭਾਂਡੇ ਸਾਫ ਕਰਨ ਦੀ ਸੇਵਾ ਕੀਤੀ ਜਦੋਂ ਕਿ ਸੁਖਬੀਰ ਸਿੰਘ ਬਾਦਲ ਨੇ ਜੋੜੇ ਘਰ ਵਿੱਚ ਜੋੜਿਆਂ ਦੀ ਸੇਵਾ ਕੀਤੀ।