ਐੱਸਵਾਈਐੱਲ: ਪੀਏਯੂ ਆਡੀਟੋਰੀਅਮ ’ਚ ਹੋਵੇਗੀ ਖੁੱਲ੍ਹੀ ਬਹਿਸ

ਐੱਸਵਾਈਐੱਲ: ਪੀਏਯੂ ਆਡੀਟੋਰੀਅਮ ’ਚ ਹੋਵੇਗੀ ਖੁੱਲ੍ਹੀ ਬਹਿਸ

ਲੁਧਿਆਣਾ : ਪੰਜਾਬ ਸਰਕਾਰ ਨੇ ਸਤਲੁਜ ਯਮੁਨਾ ਲਿੰਕ ਨਹਿਰ (ਐੱਸਵਾਈਐੱਲ) ਸਣੇ ਸੂਬੇ ਨਾਲ ਸਬੰਧਤ ਹੋਰਨਾਂ ਭਖਦੇ ਮਸਲਿਆਂ ’ਤੇ ਖੁੱਲ੍ਹੀ ਬਹਿਸ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ(ਪੀਏਯੂ) ਦਾ ਡਾ. ਮਨਮੋਹਨ ਸਿੰਘ ਆਡੀਟੋਰੀਅਮ ਹਾਲ ਪਹਿਲੀ ਨਵੰਬਰ ਲਈ ਬੁੱਕ ਕੀਤਾ ਹੈ। ਪੀਏਯੂ ਨੇ ਇਸ ਦੀ ਪੁਸ਼ਟੀ ਕਰਦਿਆਂ ਫਿਲਹਾਲ ਸਿਆਸੀ ਬਹਿਸ ਕਰਵਾਉਣ ਨੂੰ ਲੈ ਕੇ ਆਪਣੇ ਪੱਧਰ ’ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਧਰ ਪੁਲੀਸ ਨੇ ਵੀ ਇਹਤਿਆਤ ਵਜੋਂ ਪੀਏਯੂ ਵਿੱਚ ਸੁਰੱਖਿਆ ਪ੍ਰਬੰਧਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੁਪਰੀਮ ਕੋਰਟ ਨੇ ਕੇਂਦਰ ਨੂੰ ਪੰਜਾਬ ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਲਈ ਸਰਵੇਖਣ ਕਰਵਾਉਣ ਦੇ ਹੁਕਮ ਦਿੱਤੇ ਸਨ, ਜਿਸ ਮਗਰੋਂ ਪੰਜਾਬ ’ਚ ਦਰਿਆਈ ਪਾਣੀਆਂ ਨੂੰ ਲੈ ਕੇ ਸਿਆਸਤ ਕਾਫ਼ੀ ਭਖ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀਂ ਐਕਸ ’ਤੇ ਇਕ ਪੋਸਟ ਵਿਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਭਾਜਪਾ ਨੂੰ ਦਰਿਆਈ ਪਾਣੀਆਂ ਸਣੇ ਹੋਰਨਾਂ ਭਖਦੇ ਮਸਲਿਆਂ ’ਤੇ ਪਹਿਲੀ ਨਵੰਬਰ ਲਈ ਖੁੱਲ੍ਹੀ ਬਹਿਸ ਦਾ ਸੱਦਾ ਦਿੱਤਾ ਸੀ ਹਾਲਾਂਕਿ ‘ਆਪ’ ਸਰਕਾਰ ਨੇ ਆਪਣਾ ਪੱਖ ਰੱਖਦਿਆਂ ਸਾਫ਼ ਕਰ ਦਿੱਤਾ ਸੀ ਕਿ ਪੰਜਾਬ ਵਿੱਚੋਂ ਇੱਕ ਬੂੰਦ ਵੀ ਪਾਣੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਮੁੱਖ ਮੰਤਰੀ ਵੱਲੋਂ ਦਿੱਤੇ ਉਪਰੋਕਤ ਸੱਦੇ ਨੂੰ ਪੰਜਾਬ ਦੀਆਂ ਕਈ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸਵੀਕਾਰ ਕਰ ਲਿਆ ਹੈ।