ਐੱਸਡੀਐੱਮ ਦੀ ਸ਼ਿਕਾਇਤ ’ਤੇ ਖਹਿਰਾ ਤੇ ਸਮਰਥਕਾਂ ਖ਼ਿਲਾਫ਼ ਕੇਸ ਦਰਜ

ਐੱਸਡੀਐੱਮ ਦੀ ਸ਼ਿਕਾਇਤ ’ਤੇ ਖਹਿਰਾ ਤੇ ਸਮਰਥਕਾਂ ਖ਼ਿਲਾਫ਼ ਕੇਸ ਦਰਜ

ਭੁਲੱਥ – ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਆਪਣੇ ਸਮਰਥਕਾਂ ਸਮੇਤ ਫੇਸਬੁੱਕ ’ਤੇ ਲਾਈਵ ਹੋ ਕੇ ਐੱਸਡੀਐੱਮ ਨੂੰ ਪ੍ਰੇਸ਼ਾਨ ਕਰਨ, ਅਪਮਾਨਜਨਕ ਟਿੱਪਣੀ ਤੇ ਸਰਕਾਰ ਦੇ ਕੰਮ ’ਚ ਵਿਘਨ ਪਾਉਣ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਐੱਸਡੀਐੱਮ ਭੁਲੱਥ ਸੰਜੀਵ ਸ਼ਰਮਾ ਵੱਲੋਂ ਮੁੱਖ ਮੰਤਰੀ ਤੇ ਮੁੱਖ ਸਕੱਤਰ ਨੂੰ ਈ-ਮੇਲ ਰਾਹੀਂ ਸ਼ਿਕਾਇਤ ਕੀਤੀ ਗਈ ਸੀ ਕਿ 29 ਮਾਰਚ ਨੂੰ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਮਰਥਕਾਂ ਸਮੇਤ ਉਨ੍ਹਾਂ ਦੇ ਦਫਤਰ ਆਏ ਤੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਗਿਆ। ਉਨ੍ਹਾਂ ਵਿਧਾਇਕ ’ਤੇ ਅਪਮਾਨਜਨਕ ਟਿੱਪਣੀਆਂ ਕਰਨ ਤੇ ਮਾਨਸਿਕ ਤਸ਼ੱਦਦ ਕਰਨ ਦੇ ਦੋਸ਼ ਲਾਏ। ਉਨ੍ਹਾਂ ਦੱਸਿਆ ਕਿ ਖਹਿਰਾ ਨੇ ਮੈਜਿਸਟਰੇਟ ਕੰਪਲੈਕਸ ਦਫਤਰ ਦਾ ਘਿਰਾਓ ਕਰਦਿਆਂ ਫੇਸਬੁੱਕ ’ਤੇ ਲਾਈਵ ਹੋ ਕੇ ਬੇਲੋੜੇ ਸਵਾਲ ਪੁੱਛੇ। ਇਸ ਸ਼ਿਕਾਇਤ ’ਤੇ ਪੁਲੀਸ ਨੇ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਉਸ ਦੇ ਸਮਰਥਕਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਰਕਾਰ ਨੇ ਬਦਲਾ-ਲਊ ਭਾਵਨਾ ਨਾਲ ਕੇਸ ਦਰਜ ਕਰਵਾਇਆ: ਖਹਿਰਾ

ਥਾਣਾ ਭੁਲੱਥ ਵਿੱਚ ਐੱਸਡੀਐੱਮ ਦੀ ਸ਼ਿਕਾਇਤ ’ਤੇ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ’ਤੇ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੇ ਗਏ ਪਰਚੇ ’ਤੇ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਖਹਿਰਾ ਨੇ ਮਾਨ ਸਰਕਾਰ ’ਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਸਰਕਾਰ ਖ਼ਿਲਾਫ਼ ਮੁੱਦਿਆਂ ਨੂੰ ਉਠਾਉਣ ਕਰਕੇ ਬਦਲਾ-ਲਊ ਭਾਵਨਾ ਨਾਲ ਕੇਸ ਦਰਜ ਕੀਤਾ ਗਿਆ ਹੈ ਪਰ ਉਹ (ਖਹਿਰਾ) ਲੋਕ ਹਿੱਤਾਂ ਲਈ ਹੋਰ ਉਤਸ਼ਾਹ ਨਾਲ ਲੜਨਗੇ। ਸ੍ਰੀ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਦੇ ਵੀ ਐੱਸਡੀਐੱਮ ਭੁਲੱਥ ਨੂੰ ਧਮਕੀ ਨਹੀਂ ਦਿੱਤੀ ਗਈ ਤੇ ਨਾ ਹੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਬਦਲਾਲਊ ਭਾਵਨਾ ਨਾਲ ਉਨ੍ਹਾਂ ’ਤੇ ਝੂਠਾ ਪਰਚਾ ਦਰਜ ਕਰਵਾਇਆ ਹੈ।