ਐੱਸਜੀਪੀਸੀ ਦੀ ਟੀਮ ਨੇ 11ਵੇਂ ਦਿਨ ਪ੍ਰਸ਼ੋਤਮ ਸਿੰਘ ਦਾ ਮਰਨ ਵਰਤ ਖ਼ਤਮ ਕਰਾਇਆ

ਐੱਸਜੀਪੀਸੀ ਦੀ ਟੀਮ ਨੇ 11ਵੇਂ ਦਿਨ ਪ੍ਰਸ਼ੋਤਮ ਸਿੰਘ ਦਾ ਮਰਨ ਵਰਤ ਖ਼ਤਮ ਕਰਾਇਆ

ਸੰਗਰੂਰ – ਪੰਥਕ ਚੇਤਨਾ ਲਹਿਰ ਦੇ ਕਨਵੀਨਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਵੱਲੋਂ ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜ਼ਰ ਦੇ ਦਫ਼ਤਰ ਅੱਗੇ ਸ਼ੁਰੂ ਕੀਤਾ ਮਰਨ ਵਰਤ ਅੱਜ 11ਵੇਂ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਖਤਮ ਕਰਵਾ ਦਿੱਤਾ ਹੈ। ਫੱਗੂਵਾਲਾ ਗੁਰਦੁਆਰਾ ਮਸਤੂਆਣਾ ਸਾਹਿਬ ਦੀ 25 ਏਕੜ ਜ਼ਮੀਨ ਇੱਕ ਟਰੱਸਟ ਵੱਲੋਂ ਮੈਡੀਕਲ ਕਾਲਜ ਲਈ ਪੰਜਾਬ ਸਰਕਾਰ ਨੂੰ ਦੇਣ ਦੇ ਮਾਮਲੇ ਦੀ ਜਾਂਚ ਕਰਾਉਣ ਲਈ ਐੱਸਜੀਪੀਸੀ ਤੋਂ ਮੰਗ ਕਰ ਰਹੇ ਹਨ।

ਅੱਜ ਐੱਸਜੀਪੀਸੀ ਦੇ ਸਕੱਤਰ (ਜਾਇਦਾਦਾਂ) ਲਖਵੀਰ ਸਿੰਘ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਭਾਈ ਪਰਮਜੀਤ ਸਿੰਘ ਖਾਲਸਾ ਬਰਨਾਲਾ, ਭਾਈ ਭੁਪਿੰਦਰ ਸਿੰਘ ਭਲਵਾਨ, ਇੰਦਰਮੋਹਨ ਸਿੰਘ ਲਖਮੀਰਵਾਲਾ, ਤੇਜਾ ਸਿੰਘ ਕਮਾਲਪੁਰ ਆਦਿ ਟੀਮ ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਪੁੱਜੀ ਜਿਨ੍ਹਾਂ ਪ੍ਰਸ਼ੋਤਮ ਸਿੰਘ ਫੱਗੂਵਾਲਾ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ’ਚ ਐੱਸਜੀਪੀਸੀ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਸਬੰਧ ਵਿੱਚ ਤਮਾਮ ਕਾਗਜ਼ਾਤ ਮੁਕੰਮਲ ਕਰ ਲਏ ਗਏ ਹਨ। ਐੱਸਜੀਪੀਸੀ ਦੀ ਟੀਮ ਵੱਲੋਂ ਫੱਗੂਵਾਲਾ ਨੂੰ ਜੂਸ ਪਿਲਾ ਕੇ ਮਰਨ ਵਰਤ ਖਤਮ ਕਰਵਾਇਆ। ਫੱਗੂਵਾਲਾ ਨੇ ਬੀਤੀ 27 ਜੂਨ ਨੂੰ ਮਰਨ ਵਰਤ ਸ਼ੁਰੂ ਕੀਤਾ ਸੀ। ਉਨ੍ਹਾਂ ਗੁਰਦੁਆਰਾ ਮਸਤੂਆਣਾ ਸਾਹਿਬ ਦੀ 25 ਕਿੱਲੇ ਜ਼ਮੀਨ ਇੱਕ ਟਰੱਸਟ ਵੱਲੋਂ ਮੈਡੀਕਲ ਕਾਲਜ ਲਈ ਪੰਜਾਬ ਸਰਕਾਰ ਨੂੰ ਦੇਣ ਉੱਪਰ ਸਵਾਲ ਖੜ੍ਹੇ ਕਰਦਿਆਂ ਦਾਅਵਾ ਕੀਤਾ ਸੀ ਕਿ ਧਾਰਮਿਕ ਜਾਇਦਾਦ ਨੂੰ ਕਿਸੇ ਮਕਸਦ ਲਈ ਦਾਨ ਨਹੀਂ ਦਿੱਤਾ ਜਾ ਸਕਦਾ। ਫੱਗੂਵਾਲਾ ਨੇ ਕਿਹਾ ਕਿ ਉਹ ਮੈਡੀਕਲ ਕਾਲਜ ਦੇ ਵਿਰੋਧ ਵਿੱਚ ਨਹੀਂ ਹਨ ਪਰ ਇਹ ਮੈਡੀਕਲ ਕਾਲਜ ਗੁਰੂ ਘਰ ਦੀ ਜ਼ਮੀਨ ’ਤੇ ਨਹੀਂ ਸਗੋਂ ਸਰਕਾਰੀ ਜ਼ਮੀਨ ਉੱਪਰ ਬਣਨਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਐੱਸਜੀਪੀਸੀ ਦਾ ਜ਼ਮੀਨ ਬਾਬਤ ਕੇਸ ਹਾਈ ਕੋਰਟ ਵਿੱਚ ਚਲਦਾ ਹੈ ਪਰ ਇੱਕ ਟਰੱਸਟ ਬਣਾ ਕੇ ਗੁਰੂ ਘਰ ਦੀ ਜ਼ਮੀਨ ਸਰਕਾਰੀ ਕਾਲਜ ਦੇ ਨਾਮ ਟਰਾਂਸਫਰ ਕਰਵਾ ਦਿੱਤੀ ਹੈ।

ਫੱਗੂਵਾਲਾ ਨੇ ਐੱਸਜੀਪਸੀ ਦੇ ਪ੍ਰਧਾਨ ਤੋਂ ਮੰਗ ਕੀਤੀ ਸੀ ਕਿ ਗੁਰੂ ਘਰ ਦੀ ਜ਼ਮੀਨ ਸਰਕਾਰ ਦੇ ਨਾਂ ਟਰਾਂਸਫਰ ਹੋਣ ਦੀ ਬਾਬਤ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ। ਅੱਜ ਐੱਸਜੀਪੀਸੀ ਦੀ ਟੀਮ ਵੱਲੋਂ ਫੱਗੂਵਾਲਾ ਨੂੰ ਲੋੜੀਂਦੀ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਮਰਨ ਵਰਤ ਖਤਮ ਕਰਵਾ ਦਿੱਤਾ ਹੈ।