ਐੱਨਡੀਏ ਦੀ ਮੀਟਿੰਗ ਤੋਂ ਪਹਿਲਾਂ ਸ਼ਾਹ ਨੂੰ ਮਿਲੇ ਚਿਰਾਗ

ਐੱਨਡੀਏ ਦੀ ਮੀਟਿੰਗ ਤੋਂ ਪਹਿਲਾਂ ਸ਼ਾਹ ਨੂੰ ਮਿਲੇ ਚਿਰਾਗ

ਪਾਰਟੀ ਵੱਲੋਂ ਮੀਟਿੰਗ ਦੇ ‘ਸਕਾਰਾਤਮਕ ਨਤੀਜੇ’ ਨਿਕਲਣ ਦਾ ਦਾਅਵਾ
ਨਵੀਂ ਦਿੱਲੀ- ਐਨਡੀਏ ਦੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਪ੍ਰਧਾਨ ਚਿਰਾਗ ਪਾਸਵਾਨ ਨੇ ਅੱਜ ਇੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਚਿਰਾਗ ਪਾਸਵਾਨ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨਾਲ ਬਿਹਾਰ ’ਚ ਸੀਟਾਂ ਦੀ ਵੰਡ ਨੂੰ ਅੰਤਿਮ ਰੂਪ ਦੇਣਾ ਚਾਹੁੰਦੇ ਹਨ। ਲੋਕ ਜਨ ਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਸੂਤਰਾਂ ਅਨੁਸਾਰ ਮੀਟਿੰਗ ਦੇ ‘ਸਕਾਰਾਤਮਕ ਨਤੀਜੇ’ ਨਿਕਲਣਗੇ। ਇਸ ਤੋਂ ਇਹ ਇਸ਼ਾਰਾ ਵੀ ਮਿਲਦਾ ਹੈ ਕਿ ਚਿਰਾਗ ਪਾਸਵਾਨ ਭਲਕੇ ਮੰਗਲਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਦੀ ਮੀਟਿੰਗ ਵਿੱਚ ਵੀ ਸ਼ਾਮਲ ਹੋ ਸਕਦੇ ਹਨ।
ਚਿਰਾਗ ਦੇ ਪਿਤਾ ਅਤੇ ਮਰਹੂਮ ਦਲਿਤ ਆਗੂ ਰਾਮ ਵਿਲਾਸ ਪਾਸਵਾਨ ਦੀ ਅਗਵਾਈ ਵਾਲੀ ਅਣਵੰਡੀ ਲੋਕ ਜਨਸ਼ਕਤੀ ਪਾਰਟੀ ਨੇ 2019 ਵਿੱਚ ਛੇ ਲੋਕ ਸਭਾ ਸੀਟਾਂ ’ਤੇ ਚੋਣ ਲੜੀ ਅਤੇ ਭਾਜਪਾ ਨਾਲ ਸੀਟ ਵੰਡ ਦੇ ਮੱਦੇਨਜ਼ਰ ਇੱਕ ਰਾਜ ਸਭਾ ਸੀਟ ਵੀ ਹਾਸਲ ਕੀਤੀ ਸੀ। ਚਿਰਾਗ ਚਾਹੁੰਦੇ ਹਨ ਕਿ ਭਾਜਪਾ ਉਨ੍ਹਾਂ ਦੀ ਪਾਰਟੀ ਵਿਚ ਫੁੱਟ ਦੇ ਬਾਵਜੂਦ ਇਸੇ ’ਤੇ ਕਾਇਮ ਰਹੇ। ਲੋਕ ਜਨਸ਼ਕਤੀ ਪਾਰਟੀ ਦੀ ਵੰਡ ਤੋਂ ਬਾਅਦ ਬਣੇ ਦੂਜੇ ਧੜੇ ਕੌਮੀ ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਚਿਰਾਗ ਦੇ ਚਾਚਾ ਅਤੇ ਕੇਂਦਰੀ ਮੰਤਰੀ ਪਸ਼ੂਪਤੀ ਕੁਮਾਰ ਪਾਰਸ ਹਨ। ਇਹ ਪਾਰਟੀ ਸੱਤਾਧਾਰੀ ਗੱਠਜੋੜ ਦਾ ਹਿੱਸਾ ਹੈ। ਚਿਰਾਗ ਭਾਜਪਾ ਕੋਲੋਂ ਹਾਜੀਪੁਰ ਲੋਕ ਸਭਾ ਸੀਟ ਵੀ ਚਾਹੁੰਦੇ ਹਨ। ਇਹ ਸੀਟ ਦਹਾਕਿਆਂ ਤੋਂ ਉਸ ਦੇ ਪਿਤਾ ਦਾ ਗੜ੍ਹ ਰਿਹਾ ਹੈ। ਮੌਜੂਦਾ ਸਮੇਂ ਸੰਸਦ ਵਿੱਚ ਪਾਰਸ ਇਸ ਸੀਟ ਦੀ ਨੁਮਾਇੰਦਗੀ ਕਰ ਰਹੇ ਹਨ।