ਐੱਨਆਈਏ ਵੱਲੋਂ ਪੰਜਾਬ ਸਣੇ 9 ਰਾਜਾਂ ਵਿੱਚ 324 ਟਿਕਾਣਿਆਂ ’ਤੇ ਛਾਪੇ

ਐੱਨਆਈਏ ਵੱਲੋਂ ਪੰਜਾਬ ਸਣੇ 9 ਰਾਜਾਂ ਵਿੱਚ 324 ਟਿਕਾਣਿਆਂ ’ਤੇ ਛਾਪੇ

ਦਹਿਸ਼ਤਗਰਦ-ਨਸ਼ਾ ਤਸਕਰ-ਗੈਂਗਸਟਰ ਗੱਠਜੋੜ ਖਿਲਾਫ਼ ‘ਅਪਰੇਸ਼ਨ ਧਵਸਤ’ ਤਹਿਤ ਕਾਰਵਾਈ
ਨਵੀਂ ਦਿੱਲੀ- ਕੌਮੀ ਜਾਂਚ ਏਜੰਸੀ ਨੇ ਦਹਿਸ਼ਤਗਰਦ-ਨਸ਼ਾ ਤਸਕਰ-ਗੈਂਗਸਟਰ ਗੱਠਜੋੜ ਖਿਲਾਫ਼ ‘ਅਪਰੇਸ਼ਨ ਧਵਸਤ’ ਤਹਿਤ ਅੱਜ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਣੇ ਨੌਂ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 324 ਟਿਕਾਣਿਆਂ ’ਤੇ ਛਾਪੇ ਮਾਰੇ। ਛਾਪਿਆਂ ਦੌਰਾਨ ਪੰਜਾਬ, ਦਿੱਲੀ, ਹਰਿਆਣਾ, ਯੂਪੀ, ਰਾਜਸਥਾਨ, ਮਹਾਰਾਸ਼ਟਰ, ਗੁਜਰਾਤ, ਚੰਡੀਗੜ੍ਹ ਤੇ ਮੱਧ ਪ੍ਰਦੇਸ਼ ਵਿਚੋਂ ਹਥਿਆਰ, ਭੜਕਾਊ ਸਮੱਗਰੀ ਤੇ 39 ਲੱਖ ਰੁਪਏ ਦੀ ਨਗ਼ਦੀ ਬਰਾਮਦ ਕੀਤੀ ਗਈ ਹੈ। ਐੱਨਆਈਏ ਨੇ 129 ਟਿਕਾਣਿਆਂ, ਪੰਜਾਬ ਪੁਲੀਸ ਨੇ 17 ਜ਼ਿਲ੍ਹਿਆਂ ’ਚ 143 ਥਾਵਾਂ ਤੇ ਹਰਿਆਣਾ ਪੁਲੀਸ ਨੇ 10 ਜ਼ਿਲ੍ਹਿਆਂ ਵਿੱਚ 52 ਲੋਕੇਸ਼ਨਾਂ ’ਤੇ ਅੱਜ ਸਵੇਰੇ ਸਾਢੇ ਪੰਜ ਦੇ ਕਰੀਬ ਇਕੋ ਵੇੇਲੇ ਕਾਰਵਾਈ ਕੀਤੀ। ਤਰਜਮਾਨ ਨੇ ਕਿਹਾ, ‘‘ਛਾਪਿਆਂ ਦੌਰਾਨ ਕਈ ਮਸ਼ਕੂਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।’’ ਐੱਨਆਈਏ ਨੇ ਕਿਹਾ ਕਿ ਛਾਪਿਆਂ ਦਾ ਮੁੱਖ ਮਕਸਦ ਮਨੋਨੀਤ ਦਹਿਸ਼ਤਗਰਦ ਅਰਸ਼ ਡੱਲਾ ਅਤੇ ਖੂੰਖਾਰ ਦਹਿਸ਼ਤਗਰਦਾਂ ਜਿਵੇਂ ਲਾਰੈਂਸ ਬਿਸ਼ਨੋਈ, ਛੇਨੂ ਪਹਿਲਵਾਨ, ਦੀਪਕ ਤੀਤਰ, ਭੁਪੀ ਰਾਣਾ, ਵਿਕਾਸ ਲਾਗਰਪੁਰੀਆ, ਆਸ਼ੀਸ਼ ਚੌਧਰੀ, ਗੁਰਪ੍ਰੀਤ ਸੇਖੋਂ, ਦਿਲਪ੍ਰੀਤ ਬਾਬਾ, ਹਰਸਿਮਰਤ ਸਿੰਮਾ ਤੇ ਅਨੁਰਾਧਾ ਵਿਚਲੇ ਦਹਿਸ਼ਤੀ ਗੱਠਜੋੜ ਨੂੰ ਤੋੜਨਾ ਹੈ। ਤਰਜਮਾਨ ਨੇ ਕਿਹਾ, ‘‘ਅੱਜ ਦੇ ਛਾਪਿਆਂ ਦਾ ਕੇਂਦਰ ਬਿੰਦੂ ਨਸ਼ਾ ਤਸਕਰਾਂ ਤੇ ਦਹਿਸ਼ਤਗਰਦਾਂ ਲਈ ਕੰਮ ਕਰਨ ਵਾਲੇ ਗਰੋਹਾਂ ਨਾਲ ਸਬੰਧਤ ਹਥਿਆਰਾਂ ਦੇ ਸਪਲਾਇਰਾਂ, ਫਾਇਨਾਂਸਰਾਂ, ਸਾਜ਼ੋ-ਸਮਾਨ ਮੁਹੱਈਆ ਕਰਵਾਉਣ ਵਾਲਿਆਂ ਤੇ ਹਵਾਲਾ ਅਪਰੇਟਰਾਂ ਨੂੰ ਨਿਸ਼ਾਨਾ ਬਣਾਉਣਾ ਸੀ।’’ ਇਸ ਦੌਰਾਨ ਪਿਸਟਲ, ਗੋਲੀ-ਸਿੱਕਾ, 60 ਮੋਬਾਈਲ ਫੋਨ, ਪੰਜ ਡੀਵੀਆਰ’ਜ਼, 20 ਸਿਮ ਕਾਰਡ, ਡਿਜੀਟਲ ਘੜੀ, ਦੋ ਮੈਮਰੀ ਕਾਰਡ, 75 ਦਸਤਾਵੇਜ਼ ਤੇ 39.60 ਲੱਖ ਰੁਪੲੇ ਦੀ ਨਗ਼ਦੀ ਬਰਾਮਦ ਹੋਈ ਹੈ।