ਐੱਨਆਈਏ ਵੱਲੋਂ ਪੰਜਾਬ ਤੇ ਰਾਜਸਥਾਨ ’ਚ 16 ਥਾਵਾਂ ’ਤੇ ਛਾਪੇ

ਐੱਨਆਈਏ ਵੱਲੋਂ ਪੰਜਾਬ ਤੇ ਰਾਜਸਥਾਨ ’ਚ 16 ਥਾਵਾਂ ’ਤੇ ਛਾਪੇ

ਅੱਧੀ ਦਰਜਨ ਸ਼ੱਕੀਆਂ ਨੂੰ ਹਿਰਾਸਤ ’ਚ ਲੈ ਕੇ ਕੀਤੀ ਪੁੱਛ ਪੜਤਾਲ

  • ਅਤਿਵਾਦੀ ਜਥੇਬੰਦੀਆਂ ਨਾਲ ਸਬੰਧਤ ਟਿਕਾਣਿਆਂ ’ਤੇ ਛਾਪੇ ਮਾਰਨ ਦਾ ਦਾਅਵਾ

ਚੰਡੀਗੜ੍ਹ- ਕੌਮੀ ਜਾਂਚ ਏਜੰਸੀ (ਐਨਆਈਏ) ਦੀਆਂ ਟੀਮਾਂ ਨੇ ਅੱਜ ਪੰਜਾਬ ਤੇ ਰਾਜਸਥਾਨ ’ਚ ਅੱਧੀ ਦਰਜਨ ਤੋਂ ਵੱਧ ਥਾਵਾਂ ’ਤੇ ਛਾਪੇ ਮਾਰੇ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀਆਂ ਵਿੱਚ ਪੰਜਾਬ ’ਚ 14 ਅਤੇ ਰਾਜਸਥਾਨ ’ਚ ਦੋ ਥਾਵਾਂ ’ਤੇ ਕਾਰਵਾਈ ਕੀਤੀ ਹੈ।

ਪੰਜਾਬ ਪੁਲੀਸ ਦੇ ਸੂਤਰਾਂ ਦਾ ਦੱਸਣਾ ਹੈ ਕਿ ਇਹ ਕਾਰਵਾਈ ਸਿੱਖਸ ਫਾਰ ਜਸਟਿਸ ਅਤੇ ਹੋਰਨਾਂ ਸ਼ੱਕੀ ਜਥੇਬੰਦੀਆਂ ਨਾਲ ਸਬੰਧਤ ਟਿਕਾਣਿਆਂ ’ਤੇ ਕੀਤੀ ਗਈ ਹੈ। ਐਨਆਈਏ ਵੱਲੋਂ ਇਸ ਵਿਵਾਦਤ ਜਥੇਬੰਦੀ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਦਰਜ ਕੇਸਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਨ੍ਹਾਂ ਛਾਪਿਆਂ ਨੂੰ ਇਸੇ ਤਫ਼ਤੀਸ਼ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਐੱਨਆਈਏ ਨੇ ਕੁਝ ਮਹੀਨੇ ਪਹਿਲਾਂ ਹੀ ਪੰਨੂ ਦੇ ਪੰਜਾਬ ਅਤੇ ਚੰਡੀਗੜ੍ਹ ਸਥਿਤ ਟਿਕਾਣਿਆਂ ’ਤੇ ਛਾਪੇ ਮਾਰ ਕੇ ਕਾਰਵਾਈ ਅਮਲ ਵਿੱਚ ਲਿਆਂਦੀ ਸੀ। ਕੌਮੀ ਏਜੰਸੀ ਦੀਆਂ ਟੀਮਾਂ ਨੇ ਮੁੱਖ ਤੌਰ ’ਤੇ ਬਠਿੰਡਾ, ਬਰਨਾਲਾ, ਨਵਾਂ ਸ਼ਹਿਰ, ਗੁਰਦਾਸਪੁਰ, ਤਰਨ ਤਾਰਨ, ਜਲੰਧਰ ਆਦਿ ਜ਼ਿਲ੍ਹਿਆਂ ਵਿੱਚ ਛਾਪੇ ਮਾਰੇ। ਇਸ ਮੁਹਿੰਮ ਦੌਰਾਨ ਏਜੰਸੀ ਨੇ ਸ਼ੱਕੀ ਵਿਅਕਤੀਆਂ ਦੀਆਂ ਜਾਇਦਾਦਾਂ, ਪਿਛਲੇ ਸਮੇਂ ਦੌਰਾਨ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨਾਲ ਵਰਤ ਵਿਹਾਰ ਸਬੰਧੀ ਜਾਣਕਾਰੀ ਇਕੱਤਰ ਕੀਤੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਏਜੰਸੀ ਨੇ ਜੁਲਾਈ 2023 ਵਿੱਚ ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਲਖਬੀਰ ਸਿੰਘ ਸੰਧੂ ਉਰਫ ਲੰਡਾ ਅਤੇ ਹੋਰਨਾਂ ਖਿਲਾਫ਼ ਕੇਸ ਦਰਜ ਕੀਤੇ ਸਨ। ਐੱਨਆਈਏ ਨੇ ਅੱਜ ਜਿਨ੍ਹਾਂ ਤਿੰਨ ਮਾਮਲਿਆਂ ’ਤੇ ਕਾਰਵਾਈ ਕੀਤੀ ਹੈ, ਉਹ ਪਾਬੰਦੀਸ਼ੁਦਾ ਸੰਗਠਨ ਅਤੇ ਦੇਸ਼ ’ਚ ਚੱਲ ਰਹੇ ਅਤਿਵਾਦੀ-ਗੈਂਗਸਟਰ ਨੈੱਟਵਰਕ ਵੱਲੋਂ ਕੀਤੀਆਂ ਜਾ ਰਹੀਆਂ ਅਤਿਵਾਦੀ ਗਤੀਵਿਧੀਆਂ ਨਾਲ ਸਬੰਧਤ ਹਨ। ਅਜਿਹੀਆਂ ਗਤੀਵਿਧੀਆਂ ਵਿੱਚ ਸਰਹੱਦ ਪਾਰੋਂ ਹਥਿਆਰ ਅਤੇ ਗੋਲਾ ਬਾਰੂਦ, ਵਿਸਫੋਟਕ, ਆਈਈਡੀ ਆਦਿ ਦੀ ਤਸਕਰੀ ਕਰਨਾ ਸ਼ਾਮਲ ਹੈ। ਟੀਮਾਂ ਨੇ ਕਈ ਥਾਵਾਂ ’ਤੇ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕੀਤੀ ਹੈ। ਦਰਜਨ ਦੇ ਕਰੀਬ ਵਿਅਕਤੀਆਂ ਤੋਂ ਪੁੱਛ ਪੜਤਾਲ ਕੀਤੀ ਗਈ ਹੈ। ਐੱਨਆਈਏ ਦੀਆਂ ਟੀਮਾਂ ਵੱਲੋਂ ਇਸ ਸਾਲ ਦੌਰਾਨ ਪਹਿਲੀ ਵਾਰੀ ਗੈਂਗਸਟਰਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਹਨ। ਲੰਘੇ ਸਾਲ ਦੌਰਾਨ ਐੱਨਆਈਏ ਦੀਆਂ ਟੀਮਾਂ ਪੰਜਾਬ ਵਿੱਚ ਬਹੁਤ ਜ਼ਿਆਦਾ ਸਰਗਰਮ ਰਹੀਆਂ ਸਨ। ਸਾਲ 2022 ਦੌਰਾਨ 8 ਵਾਰੀ ਦੇ ਕਰੀਬ ਪੰਜਾਬ ਵਿੱਚ ਅਤਿਵਾਦੀਆਂ ਅਤੇ ਗੈਂਗਸਟਰਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਗਏ ਸਨ।