ਐੱਨਆਈਏ ਵੱਲੋਂ ਪੰਜਾਬ ’ਚ ਕਈ ਥਾਵਾਂ ’ਤੇ ਛਾਪੇ

ਐੱਨਆਈਏ ਵੱਲੋਂ ਪੰਜਾਬ ’ਚ ਕਈ ਥਾਵਾਂ ’ਤੇ ਛਾਪੇ

ਨਵੀਂ ਦਿੱਲੀ- ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪੰਜਾਬ, ਜੰਮੂ ਕਸ਼ਮੀਰ ਤੇ ਦਿੱਲੀ ਵਿਚ 14 ਥਾਵਾਂ ਉਤੇ ਛਾਪੇ ਮਾਰੇ ਗਏ ਹਨ। ਇਹ ਛਾਪੇ- ਖਾਲਿਸਤਾਨ ਲਿਬਰੇਸ਼ਨ ਫੋਰਸ, ਬੱਬਰ ਖਾਲਸਾ ਇੰਟਰਨੈਸ਼ਨਲ ਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਿਹੀਆਂ ਅਤਿਵਾਦੀ ਜਥੇਬੰਦੀਆਂ ਦੇ ਮੈਂਬਰਾਂ ਦੀਆਂ ਦਹਿਸ਼ਤੀ ਗਤੀਵਿਧੀਆਂ ਨਾਲ ਸਬੰਧਤ ਕੇਸ ਵਿਚ ਮਾਰੇ ਗਏ ਹਨ। ਐੱਨਆਈਏ ਨੇ ਕਿਹਾ ਕਿ ਸਰਹੱਦ ਪਾਰੋਂ ਹਥਿਆਰਾਂ, ਅਸਲੇ ਤੇ ਧਮਾਕਾਖੇਜ਼ ਸਮੱਗਰੀ ਦੀ ਤਸਕਰੀ ਜਿਹੀਆਂ ਦਹਿਸ਼ਤੀ ਗਤੀਵਿਧੀਆਂ ਅਤਿਵਾਦੀ ਸੰਗਠਨਾਂ ਦੇ ਮੈਂਬਰਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿਚ ਮੁਲਕ ਦੇ ਵੱਖ-ਵੱਖ ਹਿੱਸਿਆਂ ਦੇ ਸੰਗਠਿਤ ਅਪਰਾਧੀ ਗੈਂਗ ਵੀ ਸ਼ਾਮਲ ਹਨ। ਇਹ ਮਿੱਥ ਕੇ ਹੱਤਿਆਵਾਂ ਕਰਨ ਤੇ ਬੰਬ ਧਮਾਕਿਆਂ ਵਰਗੀਆਂ ਸਾਜ਼ਿਸ਼ਾਂ ਘੜ ਰਹੇ ਹਨ। ਏਜੰਸੀ ਮੁਤਾਬਕ ਤਲਾਸ਼ੀ ਦੌਰਾਨ ਇਤਰਾਜ਼ਯੋਗ ਸਮੱਗਰੀ, ਡਿਜੀਟਲ ਉਪਕਰਨ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਮਾਮਲੇ ਦੀ ਗੰਭੀਰਤਾ ਦਾ ਨੋਟਿਸ ਲੈਂਦਿਆਂ ਐੱਨਆਈਏ ਨੇ 20 ਅਗਸਤ ਨੂੰ ਕੇਸ ਦਰਜ ਕੀਤਾ ਸੀ। ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ।