ਐੱਨਆਈਏ ਨੇ ਪੰਜਾਬ ਸਣੇ 8 ਰਾਜਾਂ ਵਿੱਚ 70 ਥਾਵਾਂ ’ਤੇ ਮਾਰੇ ਛਾਪੇ

ਐੱਨਆਈਏ ਨੇ ਪੰਜਾਬ ਸਣੇ 8 ਰਾਜਾਂ ਵਿੱਚ 70 ਥਾਵਾਂ ’ਤੇ ਮਾਰੇ ਛਾਪੇ

ਗੈਂਗਸਟਰ-ਅਤਿਵਾਦੀ ਗੱਠਜੋੜ ਨੂੰ ਤੋੜਨ ਲਈ ਕਾਰਵਾਈ
ਚੰਡੀਗੜ੍ਹ- ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਗੈਂਗਸਟਰਾਂ ਤੇ ਦਹਿਸ਼ਤਗਰਦਾਂ ਦੇ ਗੱਠਜੋੜ ਨੂੰ ਤੋੜਨ ਲਈ ਛੇ ਮਹੀਨਿਆਂ ਵਿੱਚ ਅੱਜ ਤੀਸਰੀ ਦਫ਼ਾ ਵੱਡੀ ਕਾਰਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਸਣੇ ਦੇਸ਼ ਦੇ ਅੱਠ ਰਾਜਾਂ ਵਿੱਚ 70 ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਐੱਨਆਈਏ ਨੇ ਗੈਗਸਟਰਾਂ ਅਤੇ ਉਨ੍ਹਾਂ ਦੇ ਅਪਰਾਧਿਕ ਸਿੰਡੀਕੇਟ ਖ਼ਿਲਾਫ਼ ਦਰਜ ਕੇਸ ਨੂੰ ਲੈ ਕੇ ਲਾਰੈਂਸ ਬਿਸ਼ਨੋਈ, ਕਾਲਾ ਜਠੇੜੀ ਗੈਂਗ ਅਤੇ ਨੀਰਜ ਬਵਾਨਾ ਗੈਂਗ ਦੇ ਕਰੀਬੀਆਂ ’ਤੇ ਅੱਜ ਇੱਕੋ ਸਮੇਂ ਛਾਪੇ ਮਾਰੇ ਹਨ। ਪੰਜਾਬ ਵਿਚ ਅੱਜ ਬਠਿੰਡਾ, ਗਿੱਦੜਬਾਹਾ ਅਤੇ ਮੋਗਾ ਵਿਚ ਕਰੀਬ ਤੀਹ ਥਾਵਾਂ ’ਤੇ ਛਾਪੇ ਮਾਰ ਕੇ ਘਰਾਂ ਦੀ ਤਲਾਸ਼ੀ ਲਈ ਗਈ ਹੈ। ਕੌਮੀ ਜਾਂਚ ਏਜੰਸੀ ਹੁਣ ਤੱਕ ਕਰੀਬ 75 ਮੋਬਾਈਲ ਫ਼ੋਨ ਜ਼ਬਤ ਕਰ ਚੁੱਕੀ ਹੈ, ਜਿਨ੍ਹਾਂ ਤੋਂ ਮਿਲੀ ਸੂਹ ਦੇ ਆਧਾਰ ’ਤੇ ਅੱਜ ਛਾਪੇ ਮਾਰੇ ਗਏ ਹਨ। ਇਨ੍ਹਾਂ ਛਾਪਿਆਂ ਕਰਕੇ ਅੱਜ ਸੂਬੇ ਵਿਚ ਦਹਿਸ਼ਤ ਵਾਲਾ ਮਾਹੌਲ ਬਣਿਆ ਰਿਹਾ।
ਪੰਜਾਬ ਵਿਚ ਫਿਰੌਤੀਆਂ ਮੰਗਣ ਦੀ ਦਰ ’ਚ ਵਾਧਾ ਹੋਣ ਕਰਕੇ ਜਾਂਚ ਏਜੰਸੀ ਨੇ ਇਸ ਨਜ਼ਰੀਏ ਤੋਂ ਵੀ ਪੁੱਛਗਿੱਛ ਕੀਤੀ ਹੈ। ਜਾਂਚ ਏਜੰਸੀ ਨੇ ਪੰਜਾਬ ਤੋਂ ਇਲਾਵਾ ਹਰਿਆਣਾ ਦੇ ਕਾਲਿਆਂ ਵਾਲੀ, ਤਖ਼ਤਮੱਲ ਤੇ ਡੱਬਵਾਲੀ ਵਿਚ ਵੀ ਛਾਪੇ ਮਾਰੇ ਹਨ। ਜਾਂਚ ਏਜੰਸੀ ਨੇ ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਗੁਜਰਾਤ ਵਿਚ ਵੀ ਛਾਪੇਮਾਰੀ ਕੀਤੀ ਹੈ। ਰਾਜਸਥਾਨ ਵਿਚ ਚਾਰ ਥਾਵਾਂ ’ਤੇ ਛਾਪੇ ਮਾਰੇ ਗਏ ਹਨ। ਟੀਮਾਂ ਨੇ ਅੱਜ ਮੋਗਾ ਵਿਚ ਅਰਸ਼ ਡਾਲਾ ਦੇ ਘਰ ਅਤੇ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਬਠਿੰਡਾ ਜ਼ਿਲ੍ਹੇ ਦੇ ਪਿੰਡ ਮਛਾਣਾ ਦੇ ਰੰਮੀ ਮਛਾਣਾ ਦੇ ਘਰ ਅੱਜ ਸਵੇਰ ਵਕਤ ਹੀ ਟੀਮ ਪੁੱਜ ਗਈ ਸੀ ਜਿਸ ਵੱਲੋਂ ਸਾਰੇ ਘਰੇਲੂ ਸਮਾਨ ਦੀ ਤਲਾਸ਼ੀ ਲਈ ਗਈ ਅਤੇ ਮੋਬਾਈਲ ਫ਼ੋਨ ਵੀ ਆਪਣੇ ਕਬਜ਼ੇ ਵਿਚ ਲੈ ਲਏ ਸਨ। ਰੰਮੀ ਮਸਾਣਾ ਇਸ ਵੇਲੇ ਜੇਲ੍ਹ ਵਿਚ ਬੰਦ ਹੈ। ਰੰਮੀ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਟੀਮ ਨੇ ਪੂਰੇ ਘਰ ਦੀ ਫਰੋਲਾ ਫਰਾਲੀ ਕੀਤੀ ਹੈ। ਗਿੱਦੜਬਾਹਾ ਦੇ ਪਿਊਰੀ ਰੋਡ ’ਤੇ ਪੈਂਦੇ ਕਿੰਗਰਾ ਫਾਰਮ ’ਤੇ ਵੀ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ ਅਤੇ ਕਰੀਬ ਸੱਤ ਘੰਟੇ ਤੱਕ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ। ਫਾਰਮ ਮਾਲਕਾਂ ਨੇ ਦੱਸਿਆ ਕਿ ਜਾਂਚ ਏਜੰਸੀ ਉਨ੍ਹਾਂ ਦੇ ਲਾਇਸੈਂਸੀ ਹਥਿਆਰ ਅਤੇ ਮੋਬਾਈਲ ਫ਼ੋਨ ਵੀ ਨਾਲ ਲੈ ਗਈ ਹੈ। ਤਲਵੰਡੀ ਸਾਬੋ ਦੇ ਪਿੰਡ ਬਹਿਮਣ ਕੌਰ ਸਿੰਘ ਵਾਲਾ ਵਿਚ ਮਨਜਿੰਦਰ ਸਿੰਘ ਦੇ ਘਰ ਛਾਪਾ ਮਾਰਿਆ ਗਿਆ, ਜੋ ਗੈਂਗਸਟਰ ਜੱਗਾ ਤਖ਼ਤਮੱਲ ਦਾ ਸਾਥੀ ਦੱਸਿਆ ਜਾਂਦਾ ਹੈ।