ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ ਸੱਤ ਗੈਂਗਸਟਰਾਂ ਨੂੰ ਭਗੌੜਾ ਐਲਾਨਿਆ

ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ ਸੱਤ ਗੈਂਗਸਟਰਾਂ ਨੂੰ ਭਗੌੜਾ ਐਲਾਨਿਆ

ਮੋਗਾ- ਇਸ ਜ਼ਿਲ੍ਹੇ ਨਾਲ ਸਬੰਧਤ ਦੋ ਖ਼ਤਰਨਾਕ ਗੈਂਗਸਟਰਾਂ ਸਮੇਤ ਸੱਤਾਂ ਨੂੰ ਦਿੱਲੀ ਦੀ ਐਨਆਈਏ ਵਿਸ਼ੇਸ਼ ਅਦਾਲਤ ਨੇ ਭਗੌੜਾ ਐਲਾਨ ਦਿੱਤਾ ਹੈ। ਕੌਮੀ ਜਾਂਚ ਏਜੰਸੀ (ਐਨਆਈਏ) ਨੇ 9 ਅਗਸਤ ਨੂੰ ਅਦਾਲਤ ਵਿਚ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਬੰਬੀਹਾ ਦੇ ਕਈ ਮੁੱਖ ਮੈਂਬਰਾਂ ਵਿਰੁੱਧ ਦੋਸ਼ ਪੱਤਰ ਵੀ ਦਾਇਰ ਕੀਤੇ ਹਨ। ਐਨਆਈਏ ਦੇ ਬੁਲਾਰੇ ਨੇ ਦੱਸਿਆ ਕਿ ਐਨਆਈਏ ਵਿਸ਼ੇਸ਼ ਅਦਾਲਤ ਵੱਲੋਂ ਭਗੌੜੇ ਐਲਾਨੇ ਗਏ ਸੱਤ ਭਗੌੜਿਆਂ ਵਿੱਚੋਂ ਖਾਲਿਸਤਾਨ ਟਾਈਗਰ ਫੋਰਸ ਨਾਲ ਸਬੰਧਤ ਅਰਸ਼ਦੀਪ ਡਾਲਾ (ਮੋਗਾ) ਅਤੇ ਲਖਬੀਰ ਸਿੰਘ ਉਰਫ ਲੰਡਾ ਪਾਬੰਦੀਸ਼ੁਦਾ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਸਬੰਧਤ ਹਨ। ਵਿਸ਼ੇਸ਼ ਅਦਾਲਤ ਵਿਚ ਬੰਬੀਹਾ ਗੈਂਗ ਦੇ ਨੌਂ ਮੈਂਬਰਾਂ ਸੁਖਦੂਲ ਸਿੰਘ ਉਰਫ ਸੁੱਖਾ ਦੁੱਨੇਕੇ (ਮੋਗਾ), ਛੇਨੂੰ ਪਹਿਲਵਾਨ, ਦਲੇਰ ਕੋਟੀਆ, ਦਿਨੇਸ਼ ਗਾਂਧੀ, ਸਨੀ ਡਾਗਰ ਉਰਫ ਵਿਕਰਮ ਸਮੇਤ ਚਾਰ ਹੋਰਾਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ। ਜਾਂਚ ਏਜੰਸੀ ਨੇ ਦਾਅਵਾ ਕੀਤਾ ਕਿ ਹੁਣ ਤੱਕ 38 ਖ਼ਤਰਨਾਕ ਗੈਂਗਸਟਰਾਂ ਖ਼ਿਲਾਫ਼ ਅਦਾਲਤ ਵਿਚ ਦੋਸ਼ ਪੱਤਰ ਦਾਇਰ ਕੀਤਾ ਜਾ ਚੁੱਕਾ ਹੈ। ਇਨ੍ਹਾਂ ਖ਼ਿਲਾਫ਼ ਫਿਰੌਤੀਆਂ, ਧਮਕੀਆਂ,ਦਹਿਸ਼ਤ ਫੈਲਾਉਣ ਅਤੇ ਧਾਰਮਿਕ ਤੇ ਸਮਾਜਿਕ ਆਗੂਆਂ, ਡਾਕਟਰਾਂ, ਕਾਰੋਬਾਰੀਆਂ ਅਤੇ ਪੇਸ਼ੇਵਰਾਂ ਦੀਆਂ ਹੱਤਿਆਵਾਂ ਕਰਨ ਲਈ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋਸ਼ ਹਨ। ਐਨਆਈਏ ਮੁਤਾਬਕ ਲੰਡਾ ਭਗੌੜਾ ਹੈ ਜਿਸ ’ਤੇ ਮੁਹਾਲੀ ’ਚ ਪੰਜਾਬ ਪੁਲੀਸ ਸਟੇਟ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਆਰਪੀਜੀ ਹਮਲਾ ਅਤੇ ਜ਼ਿਲ੍ਹਾ ਤਰਨ ਤਾਰਨ ਦੇ ਥਾਣਾ ਸਰਹਾਲੀ ਤੇ ਆਰਪੀਜੀ ਹਮਲੇ ਲਈ ਲੋੜੀਂਦੇ ਹਥਿਆਰ, ਫੰਡ ਅਤੇ ਲੌਜਿਸਟਿਕ ਸਹਾਇਤਾ ਦੇਣ ਦਾ ਦੋਸ਼ ਹੈ।