ਐਮੀਨੈਂਸ ਸਕੂਲ: ਕੁੰਵਰ ਵਿਜੈ ਪ੍ਰਤਾਪ ਨੇ ਸਰਕਾਰ ਨੂੰ ਘੇਰਿਆ

ਐਮੀਨੈਂਸ ਸਕੂਲ: ਕੁੰਵਰ ਵਿਜੈ ਪ੍ਰਤਾਪ ਨੇ ਸਰਕਾਰ ਨੂੰ ਘੇਰਿਆ

ਸਕੂਲ ਨੂੰ ਪੁਰਾਣਾ ਤੇ ਪਹਿਲਾਂ ਤੋਂ ਹੀ ਬਿਹਤਰੀਨ ਦੱਸਿਆ; ਡਿਲੀਟ ਕਰਨ ਦੇ ਬਾਵਜੂਦ ਵਾਇਰਲ ਹੋਇਆ ਟਵੀਟ
ਚੰਡੀਗੜ੍ਹ – ਅੰਮ੍ਰਿਤਸਰ ਵਿੱਚ ਖੁੱਲ੍ਹੇ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ’ਤੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹੀ ਉਂਗਲ ਚੁੱਕਣ ਲੱਗੇ ਹਨ। ਅੱਜ ਪੰਜਾਬ ਦੇ ਸਾਬਕਾ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੇ ਐਮੀਨੈਂਸ ਸਕੂਲ ਸਬੰਧੀ ਟਵੀਟ ਕੀਤਾ। ਇਸ ਦੌਰਾਨ ਸਾਬਕਾ ਆਈਪੀਐੱਸ ਅਧਿਕਾਰੀ ਤੇ ‘ਆਪ’ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਨੇ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਨਿੱਜਰ ਨੂੰ ਐਮੀਨੈਂਸ ਸਕੂਲ ਖੁੱਲ੍ਹਣ ’ਤੇ ਮੁਬਾਰਕ ਦਿੱਤੀ ਅਤੇ ਆਖਿਆ ਕਿ ਜੇਕਰ ਇਹ ਸਕੂਲ ਨਵਾਂ ਬਣਿਆ ਹੈ ਤਾਂ ਉਨ੍ਹਾਂ ਨੂੰ ਵੀ ਦਿਖਾਇਆ ਜਾਵੇ। ਹਾਲਾਂਕਿ ਕੁੰਵਰ ਵਿਜੈ ਪ੍ਰਤਾਪ ਨੇ ਬਾਅਦ ਵਿੱਚ ਇਸ ਟਵੀਟ ਬਾਰੇ ਕੀਤੀ ਆਪਣੀ ਟਿੱਪਣੀ ਡਿਲੀਟ ਕਰ ਦਿੱਤੀ ਪਰ ਹੁਣ ਇਹ ਪੋਸਟ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਕੱਲ੍ਹ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਸੂਬੇ ਦੇ ਪਲੇਠੇ ਸਕੂਲ ਆਫ ਐਮੀਨੈਂਸ ਦਾ ਜ਼ੋਰ-ਸ਼ੋਰ ਨਾਲ ਉਦਘਾਟਨ ਕੀਤਾ ਸੀ। ਇਸ ਤੋਂ ਪਹਿਲਾਂ ਅੱਜ ਕੁੰਵਰ ਵਿਜੈ ਪ੍ਰਤਾਪ ਨੇ ਨਿੱਜਰ ਦੇ ਟਵੀਟ ’ਤੇ ਪ੍ਰਤੀਕਿਰਿਆ ਕਰਦਿਆਂ ਆਖਿਆ, ‘‘ਜਿਥੋਂ ਤੱਕ ਮੇਰਾ ਖਿਆਲ ਹੈ ਇਹ ਸਕੂਲ ਪਹਿਲਾਂ ਹੀ ਬਿਹਤਰੀਨ ਸੀ। ਪਿਛਲੀਆਂ ਸਰਕਾਰਾਂ ਵੱਲੋਂ ਇਸ ਨੂੰ ਸਮਾਰਟ ਸਕੂਲ ਬਣਾਇਆ ਗਿਆ ਸੀ। ਮੈਂ ਕਈ ਖਾਸ ਮੌਕਿਆਂ ’ਤੇ ਇਸ ਸਕੂਲ ਵਿੱਚ ਗਿਆ ਹਾਂ।

ਹੁਣ ਇਸ ਸਕੂਲ ਵਿੱਚ ਮਹਿਜ਼ ਰੈਨੋਵੇਸ਼ਨ ਕੀਤੀ ਗਈ ਹੈ। ਜਿਥੋਂ ਤਕ ਮੈਨੂੰ ਪਤਾ ਹੈ, ਇਸ ਸਕੂਲ ਦੀ ਕਾਇਆ-ਕਲਪ ਸਤਪਾਲ ਡਾਂਗ ਨੇ ਕੀਤੀ ਸੀ। ਹਾਲ ਹੀ ਵਿੱਚ ਮੈਂ ਉਨ੍ਹਾਂ ਦੀ ਭਤੀਜੀ ਮਧੂ ਡਾਂਗ ਵੱਲੋਂ ਇਸ ਸਕੂਲ ਵਿੱਚ ਕਰਵਾਏ ਗਏ ਇਕ ਸਮਾਗਮ ਦੌਰਾਨ ਸ਼ਿਰਕਤ ਕੀਤੀ ਸੀ। ਇਸ ਸਕੂਲ ਦੇ ਨਤੀਜੇ ਪਿਛਲੇ ਸਮੇਂ ਤੋਂ ਬਹੁਤ ਸ਼ਾਨਦਾਰ ਆ ਰਹੇ ਹਨ। ਅਸੀਂ ਜਿਹੜੇ ਲੋਕਾਂ ਨਾਲ ਨਵੇਂ ਸਕੂਲ ਬਣਾਉਣ ਦੇ ਵਾਅਦੇ ਕੀਤੇ ਸਨ ਉਨ੍ਹਾਂ ਬਾਰੇ ਚਾਨਣਾ ਪਾਇਆ ਜਾਵੇ।’’ ਸਾਬਕਾ ਪੁਲੀਸ ਅਧਿਕਾਰੀ ਦਾ ਟਵੀਟ ਉਦੋਂ ਆਇਆ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਨਅਤਕਾਰਾਂ ਨਾਲ ਮੀਟਿੰਗ ਕਰ ਰਹੇ ਸਨ। ਇਸ ਟਵੀਟ ਨੇ ਸਿਆਸੀ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।

ਜਾਣਕਾਰੀ ਅਨੁਸਾਰ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਕੁੰਵਰ ਵਿਜੈ ਪ੍ਰਤਾਪ ਲਗਾਤਾਰ ਵੱਖ-ਵੱਖ ਮਾਮਲਿਆਂ ਵਿੱਚ ਸਰਕਾਰ ਦੀ ਆਲੋਚਨਾ ਕਰਦੇ ਆ ਰਹੇ ਹਨ। ਇਸ ਤੋਂ ਪਹਿਲਾਂ ਕੁੰਵਰ ਵਿਜੈ ਪ੍ਰਤਾਪ ਨੇ ਬੇਅਦਬੀ ਮਾਮਲਿਆਂ ਸਬੰਧੀ ਵੀ ਸਰਕਾਰ ਨੂੰ ਘੇਰਿਆ ਸੀ। ਉਹ ਸਰਕਾਰ ਤੋਂ ਖਫ਼ਾ ਹੋ ਕੇ ਵਿਧਾਨ ਸਭਾ ਦੀ ਕਮੇਟੀ ਤੋਂ ਅਸਤੀਫ਼ਾ ਦੇ ਚੁੱਕੇ ਹਨ, ਜੋ ਬੇਅਦਬੀ ਮਾਮਲਿਆਂ ਦੀ ਸਮੀਖਿਆ ਲਈ ਕਾਇਮ ਕੀਤੀ ਗਈ ਸੀ।