ਐਮਰਜੈਂਸੀ ਭਾਰਤ ਦੇ ਇਤਿਹਾਸ ਦਾ ਕਾਲਾ ਦੌਰ: ਮੋਦੀ

ਐਮਰਜੈਂਸੀ ਭਾਰਤ ਦੇ ਇਤਿਹਾਸ ਦਾ ਕਾਲਾ ਦੌਰ: ਮੋਦੀ

ਪ੍ਰਧਾਨ ਮੰਤਰੀ ਨੇ ਐਮਰਜੈਂਸੀ ਵੇਲੇ ਦੇ ਹਾਲਾਤ ਤੋਂ ਲੋਕਾਂ ਨੂੰ ਕਰਾਇਆ ਜਾਣੂ
ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਐਮਰਜੈਂਸੀ ਭਾਰਤ ਦੇ ਇਤਿਹਾਸ ਦਾ ਉਹ ਕਾਲਾ ਦੌਰ ਸੀ ਜਦੋਂ ਲੋਕਤੰਤਰ ਦੇ ਹਮਾਇਤੀਆਂ ’ਤੇ ਜ਼ੁਲਮ ਕੀਤਾ ਗਿਆ ਤੇ ਉਨ੍ਹਾਂ ਨੂੰ ਤਸੀਹੇ ਦਿੱਤੇ ਗਏ। ਉਹ ਆਕਾਸ਼ਵਾਣੀ ਦੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 102ਵੀਂ ਕਿਸ਼ਤ ’ਚ ਆਪਣੇ ਵਿਚਾਰ ਸਾਂਝੇ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1975 ਵਿੱਚ ਭਾਰਤ ’ਚ ਐਮਰਜੈਂਸੀ ਲਾਈ ਸੀ। ਇਸ ਨੂੰ ਭਾਰਤ ਦੇ ਇਤਿਹਾਸ ਦੀ ਵੱਡੀ ਘਟਨਾ ਮੰਨਿਆ ਜਾਂਦਾ ਹੈ।

ਮੋਦੀ ਨੇ ਕਿਹਾ, ‘ਭਾਰਤ ਲੋਕਤੰਤਰ ਦੀ ਮਾਂ ਹੈ। ਅਸੀਂ ਆਪਣੇ ਜਮਹੂਰੀ ਆਦਰਸ਼ਾਂ ਨੂੰ ਸਭ ਤੋਂ ਉੱਪਰ ਮੰਨਦੇ ਹਾਂ, ਆਪਣੇ ਸੰਵਿਧਾਨ ਨੂੰ ਸਭ ਤੋਂ ਉੱਪਰ ਮੰਨਦੇ ਹਾਂ। ਇਸ ਲਈ ਅਸੀਂ 25 ਜੂਨ ਨੂੰ ਕਦੀ ਭੁਲਾ ਨਹੀਂ ਸਕਦੇ। ਇਹ ਉਹੀ ਦਿਨ ਹੈ ਜਦੋਂ ਸਾਡੇ ਦੇਸ਼ ’ਤੇ ਐਮਰਜੈਂਸੀ ਲਾਈ ਗਈ ਸੀ।’ ਉਨ੍ਹਾਂ ਕਿਹਾ, ‘ਇਹ ਭਾਰਤ ਦੇ ਇਤਿਹਾਸ ਦਾ ਕਾਲਾ ਦੌਰ ਸੀ। ਲੱਖਾਂ ਲੋਕਾਂ ਨੇ ਐਮਰਜੈਂਸੀ ਦਾ ਪੂਰੀ ਤਾਕਤ ਨਾਲ ਵਿਰੋਧ ਕੀਤਾ ਸੀ। ਲੋਕਤੰਤਰ ਦੇ ਹਮਾਇਤੀਆਂ ’ਤੇ ਉਸ ਦੌਰਾਨ ਇੰਨਾ ਜ਼ੁਲਮ ਕੀਤਾ ਗਿਆ ਤੇ ਇੰਨੇ ਤਸੀਹੇ ਦਿੱਤੇ ਗਏ ਕਿ ਅੱਜ ਵੀ ਰੂਹ ਕੰਬ ਉੱਠਦੀ ਹੈ।’

ਉਨ੍ਹਾਂ ਕਿਹਾ ਕਿ ਪੁਲੀਸ ਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਇਨ੍ਹਾਂ ਜ਼ੁਲਮਾਂ ਤੇ ਸਜ਼ਾਵਾਂ ਬਾਰੇ ਕਈ ਕਿਤਾਬਾਂ ਲਿਖੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਸ ਸਮੇਂ ਉਨ੍ਹਾਂ ‘ਸੰਘਰਸ਼ ਮੇਂ ਗੁਜਰਾਤ’ ਦੇ ਨਾਂ ਹੇਠ ਇੱਕ ਕਿਤਾਬ ਲਿਖੀ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਜਦੋਂ ਆਜ਼ਾਦੀ ਦੇ 75 ਸਾਲਾਂ ਤੋਂ ਸੌਵੇਂ ਸਾਲ ਵੱਧ ਰਿਹਾ ਹੈ ਤਾਂ ਆਜ਼ਾਦੀ ਨੂੰ ਖਤਰੇ ’ਚ ਪਾਉਣ ਵਾਲੀ ਐਮਰਜੈਂਸੀ ਦੇ ਅਪਰਾਧਾਂ ਬਾਰੇ ਜਾਣਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਲੋਕਤੰਤਰ ਦੇ ਮਾਇਨੇ ਤੇ ਉਸ ਦੀ ਅਹਿਮੀਅਤ ਸਮਝਣ ਵਿੱਚ ਹੋਰ ਜ਼ਿਆਦਾ ਆਸਾਨੀ ਹੋਵੇਗੀ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ 21 ਜੂਨ ਨੂੰ ਮਨਾਏ ਜਾਣ ਵਾਲੇ ਕੌਮਾਂਤਰੀ ਯੋਗ ਦਿਵਸ ਦਾ ਵੀ ਜ਼ਿਕਰ ਕੀਤਾ ਅਤੇ ਦੇਸ਼ ਦੇ ਲੋਕਾਂ ਨੂੰ ਯੋਗ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ।

ਮੋਦੀ ਨੇ ਕਿਹਾ ਕਿ ਉਹ ਮਹੀਨੇ ਦੇ ਆਖਰੀ ਐਤਵਾਰ ਦੀ ਥਾਂ 18 ਜੂਨ ਨੂੰ ਮਨ ਕੀ ਬਾਤ ਰੇਡੀਓ ਪ੍ਰੋਗਰਾਮ ਇਸ ਲਈ ਕਰ ਰਹੇ ਹਨ ਕਿਉਂਕਿ ਉਹ ਅਗਲੇ ਹਫ਼ਤੇ ਅਮਰੀਕਾ ਦੀ ਯਾਤਰਾ ’ਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦੌਰਾਨ ਉਨ੍ਹਾਂ ਨੂੰ ਨਿਊਯਾਰਕ ਦੇ ਸੰਯੁਕਤ ਰਾਸ਼ਟਰ ਹੈੱਡ ਕੁਆਰਟਰ ’ਚ ਕੌਮਾਂਤਰੀ ਯੋਗ ਦਿਵਸ ਪ੍ਰੋਗਰਾਮ ’ਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ।

ਚੱਕਰਵਾਤੀ ਤੂਫ਼ਾਨ ਬਿਪਰਜੁਆਏ ਕਾਰਨ ਗੁਜਰਾਤ ਦੇ ਕੱਛ ਜ਼ਿਲ੍ਹੇ ’ਚ ਹੋਈ ਤਬਾਹੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਥੋਂ ਦੇ ਲੋਕਾਂ ਨੇ ਜਿਸ ਹਿੰਮਤ ਨਾਲ ਇਸ ਸਮੁੰਦਰੀ ਤੂਫਾਨ ਦਾ ਸਾਹਮਣਾ ਕੀਤਾ ਉਹ ਬੇਮਿਸਾਲ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਕੱਛ ਦੇ ਲੋਕ ਜਲਦੀ ਹੀ ਇਸ ਤਬਾਹੀ ਤੋਂ ਉੱਭਰ ਆਉਣਗੇ। –