ਐਡੀਲੇਡ ਇੰਟਰਨੈਸ਼ਨਲ ਟੈਨਿਸ: ਜੋਕੋਵਿਚ ਤੇ ਪੋਸਪਿਸਿਲ ਦੀ ਜੋੜੀ ਹਾਰੀ

ਐਡੀਲੇਡ ਇੰਟਰਨੈਸ਼ਨਲ ਟੈਨਿਸ: ਜੋਕੋਵਿਚ ਤੇ ਪੋਸਪਿਸਿਲ ਦੀ ਜੋੜੀ ਹਾਰੀ

ਬਰਕਿਕ ਅਤੇ ਐਸਕੋਬਾਰ ਨੇ 4-6, 6-3 (10-5) ਨਾਲ ਹਰਾਇਆ
ਐਡੀਲੇਡ: ਨੋਵਾਕ ਜੋਕੋਵਿਚ ਨੂੰ ਅੱਜ ਇੱਥੇ ਐਡੀਲੇਡ ਇੰਟਰਨੈਸ਼ਨਲ ਟੈਨਿਸ ਟੂਰਨਾਮੈਂਟ ਦੇ ਡਬਲਜ਼ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਦੁਨੀਆ ਦੇ ਨੰਬਰ ਇਕ ਖਿਡਾਰੀ ਦੇ ਕੋਰਟ ’ਤੇ ਪਹੁੰਚਣ ’ਤੇ ਦਰਸ਼ਕਾਂ ਨੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ। 21 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਨੂੰ ਪਿਛਲੇ ਸਾਲ ਆਸਟਰੇਲੀਅਨ ਓਪਨ ਤੋਂ ਪਹਿਲਾਂ ਕੋਵਿਡ-19 ਦੀ ਵੈਕਸੀਨ ਨਾ ਲਗਵਾਉਣ ਕਾਰਨ ਆਸਟਰੇਲੀਆ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ।

ਜੋਕੋਵਿਚ ਅਤੇ ਵਾਸੇਕ ਪੋਸਪਿਸਿਲ ਦੀ ਜੋੜੀ ਨੂੰ ਟੋਮੀਸਲਾਵ ਬਰਕਿਕ ਅਤੇ ਗੋਂਜ਼ਾਲੋ ਐਸਕੋਬਾਰ ਤੋਂ 4-6, 6-3 (10-5) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਅਨ ਓਪਨ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਟੂਰਨਾਮੈਂਟ ਖੇਡ ਰਿਹਾ ਜੋਕੋਵਿਚ ਸਿੰਗਲਜ਼ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਭਲਕੇ ਮੰਗਲਵਾਰ ਨੂੰ ਕਾਂਸਟੈਂਟ ਲੇਸਟਾਈਨ ਖ਼ਿਲਾਫ਼ ਕਰੇਗਾ। ਦਿਨ ਦੇ ਹੋਰ ਮੈਚਾਂ ਵਿੱਚ ਚੌਥਾ ਦਰਜਾ ਪ੍ਰਾਪਤ ਰੂਸ ਦੀ ਵੇਰੋਨਿਕਾ ਕੁਦਰਮੇਤੋਵਾ ਨੇ ਅਮਰੀਕਾ ਦੀ ਅਮਾਂਡਾ ਅਨਿਸਿਮੋਵਾ ਨੂੰ 6-3, 6-0 ਨਾਲ ਹਰਾਇਆ, ਜਦਕਿ ਜਾਪਾਨ ਦੀ ਯੋਸ਼ੀਹਿਤੋ ਨਿਸ਼ੀਓਕਾ ਨੇ ਪੰਜਵਾਂ ਦਰਜਾ ਪ੍ਰਾਪਤ ਡੈਨਮਾਰਕ ਦੀ ਹੋਲਗਰ ਰੂਨੇ ਨੂੰ 2-6, 6-4 ਨਾਲ ਹਰਾਇਆ।