ਐਡਮਿੰਟਨ ਯੂਥ ਕਲੱਬ ਨੇ ਜਿੱਤਿਆ ‘ਟੋਬਾ ਕੱਪ 2023’

ਐਡਮਿੰਟਨ ਯੂਥ ਕਲੱਬ ਨੇ ਜਿੱਤਿਆ ‘ਟੋਬਾ ਕੱਪ 2023’

ਵਿਨੀਪੈਗ: ਵਿਨੀਪੈਗ ਵਿੱਚ ਨਵੀਂ ਪਨੀਰੀ ਨੂੰ ਫੀਲਡ ਹਾਕੀ ਨਾਲ ਜੋੜਨ ਲਈ ਸਥਾਨਕ ਟੋਬਾ ਵਾਰੀਅਰਜ਼ ਫੀਲਡ ਹਾਕੀ ਅਕੈਡਮੀ ਮੈਨੀਟੋਬਾ ਵੱਲੋਂ ਪੰਜਵਾਂ ‘ਟੋਬਾ ਗੋਲਡ ਕੱਪ 2023’ ਫੀਲਡ ਹਾਕੀ ਟੂਰਨਾਮੈਂਟ 1717 ਗੇਟਵੇਅ ਰਿਕਰੇਸ਼ਨ ਸੈਂਟਰ ਵਿਨੀਪੈਗ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਕੈਨੇਡਾ ਦੀਆਂ ਪ੍ਰਸਿੱਧ ਅੱਠ ਟੀਮਾਂ ਨੇ ਹਿੱਸਾ ਲਿਆ ਜਿਨ੍ਹਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ।

ਪੂਲ ‘ਏ’ ਵਿੱਚ ਐਡਮਿੰਟਨ ਯੂਥ ਫੀਲਡ ਹਾਕੀ ਕਲੱਬ, ਯੂਨਾਈਟਿਡ ਹਾਕੀ ਫੀਲਡ ਗਰੀਨ ਕੈਲਗਰੀ, ਹਾਕਸ ਫੀਲਡ ਹਾਕੀ ਕਲੱਬ ਕੈਲਗਰੀ, ਸੀਐੱਫਐੱਚਸੀਸੀ ਬਰੈਂਪਟਨ, ਜਦੋਂ ਕਿ ਪੂਲ ‘ਬੀ’ ਵਿੱਚ ਕਿੰਗਜ਼ ਇਲੈਵਨ ਹਾਕੀ ਫੀਲਡ ਕਲੱਬ, ਯੂਨਾਈਟਿਡ ਹਾਕੀ ਫੀਲਡ ਕਲੱਬ ਬਲੂ ਕੈਲਗਰੀ, ਬਰੈਂਪਟਨ ਫੀਲਡ ਹਾਕੀ ਕਲੱਬ ਤੇ ਟੋਬਾ ਵਾਰੀਅਰਜ਼ ਹਾਕੀ ਅਕੈਡਮੀ ਵਿਨੀਪੈਗ ਦੀਆਂ ਟੀਮਾਂ ਸ਼ਾਮਲ ਸਨ। ਇਹ ਟੂਰਨਾਮੈਂਟ ਲੀਗ ਕਮ-ਨਾਕ-ਆਊਟ ਦੇ ਆਧਾਰ ’ਤੇ ਖੇਡਿਆ ਗਿਆ। ਲੀਗ ਮੈਚਾਂ ਵਿੱਚ ਪੂਲ ਏ ’ਚੋਂ ਐਡਮਿੰਟਨ ਯੂਥ ਫੀਲਡ ਹਾਕੀ ਕਲੱਬ ਤੇ ਐੱਫਐੱਚਸੀਸੀ ਬਰੈਂਪਟਨ ਤੇ ਪੂਲ ਬੀ ’ਚੋਂ ਬਰੈਂਪਟਨ ਫੀਲਡ ਹਾਕੀ ਕਲੱਬ ਤੇ ਯੂਨਾਈਟਿਡ ਹਾਕੀ ਫੀਲਡ ਕਲੱਬ ਬਲੂ ਕੈਲਗਰੀ ਨੇ ਆਪਣੇ ਆਪਣੇ ਲੀਗ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਪਹਿਲੇ ਸੈਮੀਫਾਈਨਲ ’ਚ ਬਰੈਂਪਟਨ ਫੀਲਡ ਹਾਕੀ ਕਲੱਬ ਨੇ ਸੀਐੱਫਐੱਚਸੀਸੀ ਬਰੈਂਪਟਨ ਨੂੰ ਨਿਰਧਾਰਿਤ ਸਮੇਂ ਵਿੱਚ ਮੈਚ ਦੋ-ਦੋ ਗੋਲਾਂ ਨਾਲ ਬਰਾਬਰ ਰਹਿਣ ਤੋਂ ਬਾਅਦ ਸ਼ੂਟ ਆਊਟ ਵਿੱਚ ਜਿੱਤ ਪ੍ਰਾਪਤ ਕੀਤੀ। ਦੂਜੇ ਸੈਮੀਫਾਈਨਲ ’ਚ ਐਡਮਿੰਟਨ ਯੂਥ ਫੀਲਡ ਹਾਕੀ ਕਲੱਬ ਨੇ ਦੋ ਗੋਲਾਂ ਦੇ ਮੁਕਾਬਲੇ ਚਾਰ ਗੋਲਾਂ ਨਾਲ ਯੂਨਾਈਟਿਡ ਹਾਕੀ ਫੀਲਡ ਕਲੱਬ ਬਲੂ ਕੈਲਗਰੀ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਫਾਈਨਲ ਮੁਕਾਬਲਾ ਬਹੁਤ ਫਸਵਾਂ ਸੀ ਜਿਸ ’ਚ ਐਡਮਿੰਟਨ ਯੂਥ ਫੀਲਡ ਹਾਕੀ ਕਲੱਬ ਨੇ ਤਿੰਨ ਗੋਲਾਂ ਦੇ ਮੁਕਾਬਲੇ ਪੰਜ ਗੋਲਾਂ ਨਾਲ ਬਰੈਂਪਟਨ ਫੀਲਡ ਹਾਕੀ ਕਲੱਬ ਨੂੰ ਹਰਾ ਕੇ ‘ਟੋਬਾ ਕੱਪ 2023’ ਆਪਣੇ ਨਾਂ ਕੀਤਾ। ਓਵੀ ਖਾਨ ਮੈਨੀਟੋਬਾ ਦੇ ਖੇਡ, ਸੱਭਿਆਚਾਰ ਅਤੇ ਵਿਰਾਸਤ ਮੰਤਰੀ ਨੇ ਇਨਾਮਾਂ ਦੀ ਵੰਡ ਲਈ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 3000 ਡਾਲਰ, ਦੂਸਰੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 2000 ਡਾਲਰ ਦੇ ਨਕਦ ਇਨਾਮਾਂ ਤੋਂ ਇਲਾਵਾ ਮੈਡਲ ਤੇ ਟਰਾਫੀਆਂ ਵੀ ਦਿੱਤੀਆਂ ਗਈਆਂ। ਐਡਮਿੰਟਨ ਯੂਥ ਫੀਲਡ ਹਾਕੀ ਕਲੱਬ ਦੇ ਕਰਨ ਗਰੇਵਾਲ ਨੂੰ ਇਸ ਟੂਰਨਾਮੈਂਟ ਦਾ ਵਧੀਆ ਖਿਡਾਰੀ ਐਲਾਨਿਆ ਗਿਆ ਤੇ ਸੀਐਫਐੱਚਸੀਸੀ ਬਰੈਂਪਟਨ ਦੇ ਜੋਸ਼ ਮੀਰਨਦਾ ਨੂੰ ਉੱਂਭਰ ਰਹੇ ਖਿਡਾਰੀ ਵਜੋਂ ਸਨਮਾਨਿਤ ਕੀਤਾ ਗਿਆ।

ਇਸ ਤੋਂ ਇਲਾਵਾ ਇਸ ਟੂਰਨਾਮੈਂਟ ਵਿੱਚ ਕੁਲਵਿੰਦਰ ਢਿੱਲੋਂ, ਗੁਰਪ੍ਰੀਤ ਸਿੰਘ ਤੇ ਜੂਲੀਆ ਡੀਸ਼ੂਜਾ ਵੱਲੋਂ ਕ੍ਰਮਵਾਰ ਨੌਂ, ਅੱਠ ਤੇ ਸੱਤ ਗੋਲ ਕੀਤੇ ਗਏ। ਟੋਬਾ ਵਾਰੀਅਰਜ਼ ਦੇ ਜੂਨੀਅਰ ਬੱਚਿਆਂ ਦਾ ਮੈਚ ਵੀ ਕਰਵਾਇਆ ਗਿਆ ਜਿਸ ਵਿੱਚ ਸਟੇਡੀਅਮ ਵਿੱਚ ਮੌਜੂਦ ਬੱਚਿਆਂ ਨੇ ਹਿੱਸਾ ਲਿਆ। ਮੌਜੂਦ ਦਰਸ਼ਕਾਂ ਲਈ ਵੀ ਤਿੰਨ ਦਿਲ ਖਿੱਚਵੇਂ ਇਨਾਮ ਦਿੱਤੇ ਗਏ। ਟੋਬਾ ਵਾਰੀਅਰਜ਼ ਹਾਕੀ ਕਲੱਬ ਦੇ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਜੂਨੀਅਰ ਹਾਕੀ ਲੜਕੇ ਤੇ ਲੜਕੀਆਂ ਦੀ ਟਰੇਨਿੰਗ ਵੀ ਚੱਲ ਰਹੀ ਹੈ।