ਐਂਬੂਲੈਂਸ ਕਾਮਿਆਂ ਨੇ ਪ੍ਰਸ਼ਾਸਨ ਨੂੰ ਦਿੱਤਾ ਦੋ ਦਿਨ ਦਾ ਅਲਟੀਮੇਟਮ

ਐਂਬੂਲੈਂਸ ਕਾਮਿਆਂ ਨੇ ਪ੍ਰਸ਼ਾਸਨ ਨੂੰ ਦਿੱਤਾ ਦੋ ਦਿਨ ਦਾ ਅਲਟੀਮੇਟਮ

ਐਂਪਲਾਈਜ਼ ਐਸੋਸੀਏਸ਼ਨ ਵੱਲੋਂ ਪ੍ਰਸ਼ਾਸਨਿਕ ਅਧਿਆਕੀਆਂ ਦੇ ਦਖਲ ਕਾਰਨ ਰੋਡ ਬੰਦ ਦਾ ਪ੍ਰੋਗਰਾਮ ਅੱਗੇ ਪਾਇਆ
ਲੁਧਿਆਣਾ- ਇੱਥੋਂ ਦੇ ਲਾਡੋਵਾਲ ਟੌਲ ਪਲਾਜ਼ੇ ’ਤੇ ਪਿਛਲੇ ਦਿਨਾਂ ਤੋਂ ਧਰਨੇ ’ਤੇ ਬੈਠੇ 108 ਐਂਬੂਲੈਂਸ ਐਂਪਲਾਈਜ਼ ਐਸੋਸੀਏਸ਼ਨ ਨੇ ਅੱਜ ਦੇ ਰੋਡ ਬੰਦ ਦਾ ਪ੍ਰੋਗਰਾਮ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਦੋ ਦਿਨ ਅੱਗੇ ਪਾ ਦਿੱਤਾ ਹੈ। ਨੁਮਾਇੰਦਿਆਂ ਦਾ ਕਹਿਣਾ ਹੈ ਕਿ ਜੇਕਰ ਇਸ ਦੌਰਾਨ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਕੋਰ ਕਮੇਟੀ ਵੱਲੋਂ ਸੰਘਰਸ਼ ਨੂੰ ਤੇਜ਼ ਕਰਨ ਦਾ ਫ਼ੈਸਲਾ ਲਿਆ ਜਾਵੇਗਾ। ਪੂਰੇ ਪੰਜਾਬ ਦੇ 108 ਐਂਬੂਲੈਂਸ ਚਾਲਕਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਪਿਛਲੇ ਕਈ ਦਿਨਾਂ ਤੋਂ ਲਾਡੋਵਾਲ ਵਿੱਚ ਰੋਸ ਧਰਨਾ ਲਾਇਆ ਹੋਇਆ ਹੈ। ਇਨ੍ਹਾਂ ਵੱਲੋਂ ਅੱਜ ਟੌਲ ਪਲਾਜ਼ਾ ਵਿੱਚ ਰੋਡ ਜਾਮ ਕਰਨ ਦਾ ਪ੍ਰੋਗਰਾਮ ਸੀ। ਉਧਰ ਪ੍ਰਸ਼ਾਸਨ ਵੱਲੋਂ ਕਾਂਗਰਸੀ ਆਗੂ ਚੌਧਰੀ ਸੰਤੋਖ ਸਿੰਘ ਦੀ ਮੌਤ ਦਾ ਹਵਾਲਾ ਦਿੰਦਿਆਂ ਐਸੋਸੀਏਸ਼ਨ ਨਾਲ ਰਾਬਤਾ ਕੀਤਾ ਗਿਆ ਸੀ। ਇਸ ਦੌਰਾਨ ਉਕਤ ਫ਼ੈਸਲੇ ਨੂੰ ਅੱਗੇ ਪਾ ਦਿੱਤਾ ਗਿਆ। ਨੁਮਾਇੰਦਿਆਂ ਦਾ ਕਹਿਣਾ ਕਿ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਦਿੱਤਾ ਜਾ ਰਿਹਾ। ਜਦੋਂ ਕੋਈ ਮੁਲਾਜ਼ਮ ਆਪਣੇ ਹੱਕ ਲਈ ਆਵਾਜ਼ ਚੁੱਕਦਾ ਹੈ ਤਾਂ ਉਸ ਨੂੰ ਜਾਂ ਤਾਂ ਕੱਢ ਦਿੱਤਾ ਜਾਂਦਾ ਹੈ ਅਤੇ ਜਾਂ ਦੂਰ-ਦੁਰਾਡੇ ਭੇਜ ਦਿੱਤਾ ਜਾਂਦਾ ਹੈ। ਇਸ ਸਬੰਧੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਨਿੱਝਰ ਨੇ ਦੱਸਿਆ ਕਿ ਜੇ ਦੋ ਦਿਨ ਬਾਅਦ ਵੀ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਕੋਰ ਕਮੇਟੀ ਦੀ ਮੀਟਿੰਗ ਕਰ ਕੇ ਆਉਂਦੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।

ਧਰਨਾਕਾਰੀਆਂ ਨੇ ਕਿਹਾ ਕਿ ਇਹ ਐਂਬੂਲੈਂਸਾਂ 2011 ਵਿੱਚ ਸ਼ੁਰੂ ਕੀਤੀਆਂ ਗਈਆਂ ਸਨ ਪਰ 2013 ਤੋਂ ਬਾਅਦ ਉਨ੍ਹਾਂ ਨੂੰ ਹਰ ਸਾਲ ਮਿਲਣ ਵਾਲਾ ਕੋਈ ਵਾਧਾ ਨਹੀਂ ਦਿੱਤਾ ਗਿਆ। ਕੋਵਿਡ ਦੌਰਾਨ ਦਿੱਤੀਆਂ ਸੇਵਾਵਾਂ ਲਈ ਵੀ ਕੋਈ ਵਾਧੂ ਭੱਤਾ ਨਹੀਂ ਦਿੱਤਾ ਗਿਆ। ਹੋਰ ਤਾਂ ਹੋਰ ਹਫਤੇ ਬਾਅਦ ਮਿਲਦੀ ਛੁੱਟੀ ਵੀ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਪੱਕੇ ਕਰ ਕੇ ਹਰਿਆਣਾ ਦੀ ਤਰਜ਼ ’ਤੇ ਤਨਖਾਹ ਤੇ ਹੋਰ ਲਾਭ ਦਿੱਤੇ ਜਾਣ।