ਏਸ਼ੀਆ ਕੱਪ: ਭਾਰਤ ਨੇ ਪਾਕਿਸਤਾਨ ਨੂੰ 228 ਦੌੜਾਂ ਨਾਲ ਹਰਾਇਆ

ਏਸ਼ੀਆ ਕੱਪ: ਭਾਰਤ ਨੇ ਪਾਕਿਸਤਾਨ ਨੂੰ 228 ਦੌੜਾਂ ਨਾਲ ਹਰਾਇਆ

ਵਿਰਾਟ ਕੋਹਲੀ ਤੇ ਕੇਐਲ ਰਾਹੁਲ ਦੇ ਨਾਬਾਦ ਸੈਂਕੜੇ; ਦੌੜਾਂ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਜਿੱਤ
ਕੋਲੰਬੋ- ਵਿਰਾਟ ਕੋਹਲੀ ਤੇ ਲੋਕੇਸ਼ ਰਾਹੁਲ ਦੇ ਨਾਬਾਦ ਸੈਂਕੜਿਆਂ ਤੇ ਦੋਵਾਂ ਵਿਚਾਲੇ ਅਟੁੱਟ ਭਾਈਵਾਲੀ ਤੋਂ ਬਾਅਦ ਕੁਲਦੀਪ ਯਾਦਵ ਦੀ ਫਿਰਕੀ ਦੇ ਜਾਦੂ ਨਾਲ ਭਾਰਤ ਨੇ ਮੀਂਹ ਤੋਂ ਪ੍ਰਭਾਵਿਤ ਏਸ਼ੀਆ ਕੱਪ ਦੇ ਸੁਪਰ ਚਾਰ ਮੈਚ ਵਿਚ ਇੱਥੇ ਪਾਕਿਸਤਾਨ ਨੂੰ 228 ਦੌੜਾਂ ਨਾਲ ਹਰਾ ਦਿੱਤਾ। ਪਾਕਿਸਤਾਨ ਖ਼ਿਲਾਫ ਦੌੜਾਂ ਦੇ ਲਿਹਾਜ਼ ਨਾਲ ਇਹ ਭਾਰਤ ਦੀ ਸਭ ਤੋਂ ਵੱਡੀ ਜਿੱਤ ਹੈ। ਭਾਰਤ ਦੇ 357 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਟੀਮ ਸਪਿੰਨਰ ਕੁਲਦੀਪ (25 ਦੌੜਾਂ ਉਤੇ ਪੰਜ ਵਿਕਟ) ਦੀ ਗੇਂਦਬਾਜ਼ੀ ਅੱਗੇ 32 ਓਵਰਾਂ ਵਿਚ 128 ਦੌੜਾਂ ਉਤੇ ਢੇਰ ਹੋ ਗਈ। ਕੋਹਲੀ ਨੇ ਨਾਬਾਦ 122 ਤੇ ਰਾਹੁਲ ਨੇ 111 ਦੌੜਾਂ ਬਣਾਈਆਂ। ਕੋਹਲੀ ਦਾ ਇੱਥੋਂ ਦੇ ਸਟੇਡੀਅਮ ਵਿਚ ਇਹ ਲਗਾਤਾਰ ਚੌਥਾ ਸੈਂਕੜਾ ਹੈ।

ਸਭ ਤੋਂ ਘੱਟ ਪਾਰੀਆਂ ’ਚ 13 ਹਜ਼ਾਰ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਿਆ ਕੋਹਲੀ
ਕੋਲੰਬੋ: ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਘੱਟ ਪਾਰੀਆਂ ਵਿੱਚ 13 ਹਜ਼ਾਰ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਉਸ ਨੇ ਇੱਥੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਏਸ਼ੀਆ ਕੱਪ ਦੇ ਸੁਪਰ-4 ਮੁਕਾਬਲੇ ਵਿੱਚ ਆਪਣੇ ਆਦਰਸ਼ ਖਿਡਾਰੀ ਸਚਿਨ ਤੇਂਦੁਲਕਰ ਦਾ 19 ਸਾਲ ਪਰਾਣਾ ਰਿਕਾਰਡ ਤੋੜਿਆ। ਸਚਿਨ ਨੇ 321 ਪਾਰੀਆਂ ਵਿੱਚ ਇਹ ਪ੍ਰਾਪਤੀ ਹਾਸਲ ਕੀਤੀ ਸੀ ਜਦਕਿ ਕੋਹਲੀ 278 ਪਾਰੀਆਂ ਵਿੱਚ ਇਸ ਮੁਕਾਮ ’ਤੇ ਪਹੁੰਚ ਗਿਆ। ਸਭ ਤੋਂ ਘੱਟ ਪਾਰੀਆਂ ਵਿੱਚ 8 ਹਜ਼ਾਰ, 9 ਹਜ਼ਾਰ, 10 ਹਜ਼ਾਰ, 11 ਹਜ਼ਾਰ ਅਤੇ 12 ਹਜ਼ਾਰ ਦੌੜਾਂ ਬਣਾਉਣ ਦਾ ਰਿਕਾਰਡ ਵੀ ਕੋਹਲੀ ਦੇ ਨਾਮ ਹੀ ਹੈ। ਉਹ ਇੱਕ ਰੋਜ਼ਾ ਮੈਚਾਂ ਵਿੱਚ 13 ਹਜ਼ਾਰ ਦੌੜਾਂ ਬਣਾਉਣ ਵਾਲਾ ਦੁਨੀਆ ਦਾ ਪੰਜਵਾਂ ਅਤੇ ਭਾਰਤ ਦਾ ਦੂਜਾ ਬੱਲੇਬਾਜ਼ ਹੈ।