ਏਸ਼ਿਆਈ ਖੇਡਾਂ ਵਿੱਚ ਭਾਰਤੀ ਹਾਕੀ

ਏਸ਼ਿਆਈ ਖੇਡਾਂ ਵਿੱਚ ਭਾਰਤੀ ਹਾਕੀ

ਨਵਦੀਪ ਸਿੰਘ ਗਿੱਲ

ਚੀਨ ਦੇ ਸ਼ਹਿਰ ਹਾਂਗਜ਼ੂ ਵਿਖੇ 19ਵੀਆਂ ਏਸ਼ਿਆਈ ਖੇਡਾਂ 23 ਸਤੰਬਰ ਤੋਂ 8 ਅਕਤੂਬਰ, 2023 ਤੱਕ ਕਰਵਾਈਆਂ ਜਾ ਰਹੀਆਂ ਹਨ। ਕੋਵਿਡ-19 ਮਹਾਮਾਰੀ ਕਰਕੇ ਓਲੰਪਿਕ ਖੇਡਾਂ ਵਾਂਗ ਏਸ਼ਿਆਈ ਖੇਡਾਂ ਨੂੰ ਵੀ ਮੁਲਤਵੀ ਕਰਨ ਦੀ ਬਜਾਏ ਇੱਕ ਸਾਲ ਲਈ ਅੱਗੇ ਪਾ ਦਿੱਤਾ ਗਿਆ ਸੀ। ਇਸ ਕਾਰਨ 2022 ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਹੁਣ ਇਸ ਸਾਲ ਕਰਵਾਈਆਂ ਜਾ ਰਹੀਆਂ ਹਨ। ਏਸ਼ਿਆਈ ਖੇਡਾਂ ਦੇ ਹਾਕੀ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਪੁਰਸ਼ ਵਰਗ ਵਿੱਚ ਭਾਰਤੀ ਟੀਮ ਇਸ ਵਾਰ ਸੋਨ ਤਗ਼ਮਾ ਜਿੱਤਣ ਦੀ ਤਕੜੀ ਦਾਅਵੇਦਾਰ ਹੈ। ਹਾਲ ਹੀ ਵਿੱਚ ਚੇਨਈ ਵਿਖੇ ਸ਼ਾਨ ਨਾਲ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤ ਕੇ ਭਾਰਤ ਨੇ ਆਪਣਾ ਦਾਅਵਾ ਹੋਰ ਮਜ਼ਬੂਤ ਕੀਤਾ ਹੈ।

ਪਿਛਲੇ ਚਾਰ ਸਾਲ ਦਾ ਰਿਕਾਰਡ ਦੇਖਿਆ ਜਾਵੇ ਤਾਂ ਏਸ਼ੀਅਨ ਮੁਲਕਾਂ ਵਿੱਚ ਭਾਰਤ ਨੇ ਹੀ ਚੰਗਾ ਪ੍ਰਦਰਸ਼ਨ ਕੀਤਾ ਹੈ। ਹਾਲਾਂਕਿ ਸਾਲ 2018 ਵਿੱਚ ਜਕਾਰਤਾ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਵੀ ਭਾਰਤੀ ਟੀਮ ਚੰਗੀ ਦਾਅਵੇਦਾਰ ਸੀ, ਪਰ ਉਸ ਵੇਲੇ ਜਪਾਨ ਨੇ ਵੱਡਾ ਉਲਟ ਫੇਰ ਕਰਦਿਆਂ ਸੋਨ ਤਗ਼ਮਾ ਜਿੱਤਿਆ ਸੀ ਅਤੇ ਭਾਰਤੀ ਟੀਮ ਨੂੰ ਕਾਂਸੀ ਦੇ ਤਗ਼ਮੇ ਉਤੇ ਸਬਰ ਕਰਨਾ ਪਿਆ ਸੀ। ਉਸ ਤੋਂ ਬਾਅਦ ਭਾਰਤ ਨੇ 2021 ਵਿੱਚ ਟੋਕੀਓ ਵਿਖੇ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ, 2022 ਵਿੱਚ ਬਰਮਿੰਘਮ ਵਿਖੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਅਤੇ ਹੁਣ ਸਾਲ 2023 ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ। ਹਾਕੀ ਦੀ ਪ੍ਰੋ. ਲੀਗ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ। ਵਿਸ਼ਵ ਰੈਂਕਿੰਗ ਦੀ ਗੱਲ ਕਰੀਏ ਤਾਂ ਭਾਰਤ ਪੂਰੀ ਦੁਨੀਆ ਵਿੱਚ ਤੀਜੇ ਨੰਬਰ ਉਤੇ ਹੈ ਜਦੋਂ ਕਿ ਪਹਿਲੇ ਅੱਠਾਂ ਵਿੱਚ ਉਹ ਇਕਲੌਤਾ ਏਸ਼ੀਅਨ ਮੁਲਕ ਹੈ। ਦੱਖਣੀ ਕੋਰੀਆ ਨੌਵੇਂ, ਮਲੇਸ਼ੀਆ 10ਵੇਂ, ਪਾਕਿਸਤਾਨ 16ਵੇਂ ਤੇ ਜਪਾਨ 19ਵੇਂ ਸਥਾਨ ਉਤੇ ਹੈ।

ਏਸ਼ਿਆਈ ਖੇਡਾਂ ਵਿੱਚ ਹਾਕੀ ਦੇ ਇਤਿਹਾਸ ਉਤੇ ਝਾਤੀ ਮਾਰੀਏ ਤਾਂ 1958 ਵਿੱਚ ਟੋਕੀਓ ਵਿਖੇ ਹੋਈਆਂ ਤੀਜੀਆਂ ਏਸ਼ਿਆਈ ਖੇਡਾਂ ਵਿੱਚ ਪਹਿਲੀ ਵਾਰ ਪੁਰਸ਼ ਹਾਕੀ ਨੂੰ ਇਨ੍ਹਾਂ ਖੇਡਾਂ ਦਾ ਹਿੱਸਾ ਬਣਾਇਆ ਗਿਆ ਸੀ। ਹੁਣ ਤੱਕ 16 ਵਾਰ ਹੋਏ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਭਾਰਤ ਨੇ 2006 ਦੀਆਂ ਦੋਹਾ ਏਸ਼ਿਆਈ ਖੇਡਾਂ ਨੂੰ ਛੱਡ ਕੇ ਹਰ ਵਾਰ ਕੋਈ ਨਾ ਕੋਈ ਤਗ਼ਮਾ ਜਿੱਤਿਆ ਹੈ। ਭਾਰਤ ਨੇ ਤਿੰਨ ਵਾਰ ਸੋਨੇ, 9 ਵਾਰ ਚਾਂਦੀ ਤੇ ਤਿੰਨ ਵਾਰ ਕਾਂਸੀ ਦੇ ਤਗ਼ਮੇ ਸਣੇ ਕੁੱਲ 15 ਵਾਰ ਤਗ਼ਮੇ ਜਿੱਤੇ ਹਨ। ਸੋਨ ਤਗ਼ਮਿਆਂ ਦੇ ਲਿਹਾਜ਼ ਨਾਲ ਪਾਕਿਸਤਾਨ ਨੇ ਸਭ ਤੋਂ ਵੱਧ 8 ਵਾਰ ਸੋਨੇ ਦਾ ਤਗ਼ਮਾ ਜਿੱਤਿਆ ਹੈ। ਪਾਕਿਸਤਾਨ ਨੇ ਤਿੰਨ-ਤਿੰਨ ਚਾਂਦੀ ਤੇ ਕਾਂਸੀ ਦੇ ਤਗ਼ਮਿਆਂ ਨਾਲ ਕੁੱਲ 14 ਵਾਰ ਤਗ਼ਮੇ ਜਿੱਤੇ ਹਨ। ਦੱਖਣੀ ਕੋਰੀਆ ਨੇ ਚਾਰ ਵਾਰ ਸੋਨੇ, ਇੱਕ ਵਾਰ ਚਾਂਦੀ ਤੇ ਦੋ ਵਾਰ ਕਾਂਸੀ ਦਾ ਤਗ਼ਮਾ, ਜਪਾਨ ਨੇ ਇੱਕ ਵਾਰ ਸੋਨੇ, ਮਲੇਸ਼ੀਆ ਨੇ ਦੋ ਵਾਰ ਚਾਂਦੀ ਤੇ ਚੀਨ ਨੇ ਇੱਕ ਵਾਰ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਉਕਤ ਛੇ ਮੁਲਕਾਂ ਤੋਂ ਬਿਨਾਂ ਹੋਰ ਕਿਸੇ ਮੁਲਕ ਨੂੰ ਤਗ਼ਮਾ ਜਿੱਤਣ ਦਾ ਮੌਕਾ ਨਹੀਂ ਮਿਲਿਆ। ਹਾਲਾਂਕਿ ਭਾਰਤ ਨੇ ਓਲੰਪਿਕ ਖੇਡਾਂ ਵਿੱਚ ਅੱਠ ਸੋਨੇ, ਇੱਕ ਚਾਂਦੀ ਤੇ ਤਿੰਨ ਕਾਂਸੀ ਦੇ ਤਗ਼ਮੇ ਜਿੱਤ ਕੇ ਹੋਰਨਾਂ ਏਸ਼ੀਅਨ ਮੁਲਕਾਂ ਨਾਲੋਂ ਕਿਤੇ ਬਿਹਤਰ ਪ੍ਰਦਰਸ਼ਨ ਦਿਖਾਇਆ ਹੈ, ਪਰ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣਾ ਭਾਰਤ ਲਈ ਵੱਡੀ ਚੁਣੌਤੀ ਰਿਹਾ ਹੈ।

ਭਾਰਤੀ ਟੀਮ ਨੇ 1958 ਤੋਂ 1982 ਦੀਆਂ ਨਵੀਂ ਦਿੱਲੀ ਏਸ਼ਿਆਈ ਖੇਡਾਂ ਤੱਕ ਲਗਾਤਾਰ ਸੱਤ ਵਾਰ ਫਾਈਨਲ ਖੇਡਿਆ, ਪਰ ਸੋਨ ਤਗ਼ਮਾ ਸਿਰਫ਼ ਇੱਕੋ ਵਾਰ 1966 ਵਿੱਚ ਬੈਂਕਾਕ ਵਿਖੇ ਜਿੱਤਿਆ ਸੀ। ਉਸ ਵੇਲੇ 1964 ਦੀਆਂ ਟੋਕੀਓ ਓਲੰਪਿਕ ਖੇਡਾਂ ਦਾ ਸੋਨ ਤਗ਼ਮਾ ਜੇਤੂ ਭਾਰਤੀ ਟੀਮ ਨੇ ਏਸ਼ਿਆਈ ਖੇਡਾਂ ਵਿੱਚ ਪਹਿਲੀ ਵਾਰ ਸੋਨੇ ਦਾ ਤਗ਼ਮਾ ਜਿੱਤਿਆ ਸੀ। ਟੀਮ ਦੇ ਅੰਤਿਮ 11 ਖਿਡਾਰੀਆਂ ਵਿੱਚ ਗੋਲਚੀ ਸ਼ੰਕਰ ਲਕਸ਼ਮਣ ਨੂੰ ਛੱਡ ਕੇ ਬਾਕੀ 10 ਖਿਡਾਰੀ ਪੰਜਾਬੀ ਸਨ। ਤਿੰਨ ਤਾਂ ਬਲਬੀਰ ਸਿੰਘ ਟੀਮ ਦਾ ਹਿੱਸਾ ਸਨ। ਪ੍ਰਿਥੀਪਾਲ ਸਿੰਘ, ਹਰਮੀਕ ਸਿੰਘ, ਤਰਸੇਮ ਸਿੰਘ ਕੁਲਾਰ, ਧਰਮ ਸਿੰਘ, ਗੁਰਬਖ਼ਸ਼ ਸਿੰਘ ਅਤੇ ਹਰੀ ਪਾਲ ਕੌਸ਼ਿਕ ਇਸੇ ਟੀਮ ਦਾ ਹਿੱਸਾ ਸਨ। ਭਾਰਤ ਨੇ ਫਾਈਨਲ ਵਿੱਚ ਪਾਕਿਸਤਾਨ ਨੂੰ ਬਲਬੀਰ ਸਿੰਘ ਕੁਲਾਰ ਦੇ ਵਾਧੂ ਸਮੇਂ ਵਿੱਚ ਕੀਤੇ ਗੋਲ ਸਦਕਾ 1-0 ਨਾਲ ਹਰਾਇਆ ਸੀ। ਉਸ ਤੋਂ ਬਾਅਦ ਭਾਰਤੀ ਟੀਮ ਨੇ ਤਿੰਨ ਵਾਰ ਫੇਰ ਫਾਈਨਲ ਖੇਡੇ, ਪਰ ਜਿੱਤ ਨਸੀਬ ਨਾ ਹੋਈ। ਭਾਰਤੀ ਹਾਕੀ ਦੇ ਇਤਿਹਾਸ ਵਿੱਚ ਸਭ ਤੋਂ ਬੁਰੀ ਹਾਰ 1982 ਦੀਆਂ ਏਸ਼ਿਆਈ ਖੇਡਾਂ ਦੇ ਫਾਈਨਲ ਵਿੱਚ ਮਿਲੀ। ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ ਫਾਈਨਲ ਵਿੱਚ ਭਾਰਤੀ ਟੀਮ ਪਾਕਿਸਤਾਨ ਖਿਲਾਫ਼ ਪਹਿਲੇ ਗੋਲ ਦੀ ਲੀਡ ਤੋਂ ਬਾਅਦ ਅਜਿਹੀ ਪੱਛੜੀ ਕਿ 1-7 ਨਾਲ ਆਪਣੇ ਘਰ ਵਿੱਚ ਹਾਰੀ। 1986 ਵਿੱਚ ਸਿਓਲ ਵਿਖੇ ਭਾਰਤੀ ਟੀਮ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਅਤੇ ਕਾਂਸੀ ਦਾ ਤਗ਼ਮਾ ਜਿੱਤਿਆ।

1990 ਦੀਆਂ ਬੀਜਿੰਗ ਏਸ਼ਿਆਈ ਖੇਡਾਂ ਤੋਂ ਲੈ ਕੇ 2002 ਦੀਆਂ ਬੁਸਾਨ ਏਸ਼ਿਆਈ ਖੇਡਾਂ ਤੱਕ ਭਾਰਤ ਨੇ ਲਗਾਤਾਰ ਚਾਰ ਵਾਰ ਫਾਈਨਲ ਖੇਡਿਆ ਅਤੇ 1998 ਵਿੱਚ ਬੈਂਕਾਕ ਵਿਖੇ ਏਸ਼ਿਆਈ ਖੇਡਾਂ ਦਾ ਆਪਣਾ ਦੂਜਾ ਸੋਨ ਤਗ਼ਮਾ ਜਿੱਤਿਆ। 1998 ਵਿੱਚ ਭਾਰਤ ਨੇ ਦੱਖਣੀ ਕੋਰੀਆ ਨੂੰ ਪੈਨਲਟੀਆਂ ਵਿੱਚ 4-2 ਨਾਲ ਹਰਾਇਆ ਅਤੇ ਫਾਈਨਲ ਦਾ ਹੀਰੋ ਗੋਲਚੀ ਆਸ਼ੀਸ਼ ਬਲਾਲ ਬਣਿਆ। ਉਸ ਵੇਲੇ ਭਾਰਤੀ ਟੀਮ ਵਿੱਚ ਧਨਰਾਜ ਪਿੱਲੈ, ਬਲਜੀਤ ਸਿੰਘ ਢਿੱਲੋਂ, ਦਲੀਪ ਟਿਰਕੀ, ਰਮਨਦੀਪ ਸਿੰਘ ਗਰੇਵਾਲ, ਮੁਕੇਸ਼, ਮੁਹੰਮਦ ਰਿਆਜ਼, ਬਲਜੀਤ ਸਿੰਘ ਸੈਣੀ ਆਦਿ ਖਿਡਾਰੀਆਂ ਦਾ ਵੱਡਾ ਯੋਗਦਾਨ ਸੀ। 2006 ਵਿੱਚ ਪਹਿਲੀ ਵਾਰ ਭਾਰਤੀ ਟੀਮ ਦੋਹਾ ਵਿਖੇ ਸੈਮੀ ਫਾਈਨਲ ਤੱਕ ਵੀ ਨਾ ਪਹੁੰਚਣ ਕਰਕੇ ਖਾਲੀ ਹੱਥ ਵਾਪਸ ਆਈ। 2010 ਵਿੱਚ ਗੁਆਂਗਜ਼ੂ ਵਿਖੇ ਕਾਂਸੀ ਦਾ ਤਗ਼ਮਾ ਜਿੱਤਿਆ। 2014 ਵਿੱਚ ਇੰਚੇਓਨ ਵਿਖੇ ਭਾਰਤ ਨੇ ਏਸ਼ਿਆਈ ਖੇਡਾਂ ਦਾ ਤੀਜਾ ਸੋਨ ਤਗ਼ਮਾ ਜਿੱਤਿਆ। ਇਸ ਮੈਚ ਦਾ ਫੈਸਲਾ ਵੀ ਟਾਈਬ੍ਰੇਕਰ ਵਿੱਚ ਹੋਇਆ ਜਿੱਥੇ ਭਾਰਤ ਨੇ ਪਾਕਿਸਤਾਨ ਨੂੰ 4-2 ਨਾਲ ਹਰਾਇਆ। ਪੂਰੇ ਟੂਰਨਾਮੈਂਟ ਦੌਰਾਨ ਡਰੈਗ ਫਲਿੱਕਰਾਂ ਦੀ ਜੋੜੀ ਰੁਪਿੰਦਰ ਪਾਲ ਸਿੰਘ ਤੇ ਰਘੂਨਾਥ ਨੇ ਪੰਜ-ਪੰਜ ਗੋਲ ਕੀਤੇ। ਭਾਰਤੀ ਟੀਮ ਵੱਲੋਂ ਸਰਦਾਰ ਸਿੰਘ, ਮਨਪ੍ਰੀਤ ਸਿੰਘ, ਸ੍ਰੀਜੇਸ਼, ਅਕਾਸ਼ਦੀਪ ਸਿੰਘ, ਰਮਨਦੀਪ ਸਿੰਘ, ਧਰਮਵੀਰ ਸਿੰਘ, ਥਿਮਾਇਆ, ਚਿੰਗਲੇਨਸਨਾ, ਕੋਠਾਜੀਤ ਸਿੰਘ, ਗੁਰਬਾਜ਼ ਸਿੰਘ, ਗੁਰਵਿੰਦਰ ਸਿੰਘ ਚੰਦੀ ਅਤੇ ਐੱਸ.ਵੀ. ਸੁਨੀਲ ਨੇ ਬਿਹਤਰ ਖੇਡ ਦਿਖਾਈ। 2018 ਵਿੱਚ ਭਾਰਤੀ ਟੀਮ ਦਾਅਵੇਦਾਰ ਹੋਣ ਦੇ ਬਾਵਜੂਦ ਕਾਂਸੀ ਦਾ ਤਗ਼ਮਾ ਹੀ ਜਿੱਤ ਸਕੀ ਅਤੇ ਜਪਾਨ ਨੇ ਪਹਿਲੀ ਵਾਰ ਸੋਨੇ ਦਾ ਤਗ਼ਮਾ ਜਿੱਤਿਆ।

ਹੁਣ ਏਸ਼ਿਆਈ ਖੇਡਾਂ ਵਿੱਚ ਭਾਰਤ ਦੇ ਪੂਲ ਵਿੱਚ ਜਪਾਨ, ਪਾਕਿਸਤਾਨ, ਬੰਗਲਾਦੇਸ਼, ਉਜ਼ਬੇਕਸਿਤਾਨ ਤੇ ਸਿੰਗਾਪੁਰ ਹਨ। ਮੌਜੂਦਾ ਫਾਰਮ ਨੂੰ ਦੇਖਦਿਆਂ ਭਾਰਤੀ ਟੀਮ ਤੋਂ ਬਹੁਤ ਉਮੀਦਾਂ ਹਨ। ਫੀਲਡ ਗੋਲ ਤੇ ਪੈਨਲਟੀ ਕਾਰਨਰ ਮਾਹਰਤ ਦੇ ਨਾਲ ਦੋਵੇਂ ਗੋਲਚੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਟੀਮ ਅਗਲੇ ਸਾਲ ਪੈਰਿਸ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਸਿੱਧੇ ਕੁਆਲੀਫਾਈ ਹੋ ਜਾਵੇਗੀ ਜਿਸ ਕਾਰਨ ਇਸ ਟੂਰਨਾਮੈਂਟ ਨੂੰ ਜਿੱਤਣਾ ਹੋਰ ਵੀ ਅਹਿਮ ਹੋ ਜਾਂਦਾ ਹੈ।

ਮਹਿਲਾ ਹਾਕੀ ਦੀ ਗੱਲ ਕਰੀਏ ਤਾਂ 1982 ਵਿੱਚ ਨਵੀਂ ਦਿੱਲੀ ਵਿਖੇ ਪਹਿਲੀ ਵਾਰ ਇਸ ਨੂੰ ਏਸ਼ਿਆਈ ਖੇਡਾਂ ਦਾ ਹਿੱਸਾ ਬਣਾਇਆ ਗਿਆ। ਭਾਰਤ ਨੇ ਪਹਿਲੀ ਵਾਰ ਹੀ ਆਪਣੀ ਮੇਜ਼ਬਾਨੀ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ। ਰਾਜਬੀਰ ਕੌਰ ਭਾਰਤੀ ਹਾਕੀ ਵਿੱਚ ਇਸੇ ਕਰਕੇ ਗੋਲਡਨ ਗਰਲ ਦੇ ਨਾਮ ਨਾਲ ਜਾਣੀ ਜਾਂਦੀ ਹੈ। 1982 ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਕਦੇ ਵੀ ਸੋਨੇ ਦਾ ਤਗ਼ਮਾ ਨਹੀਂ ਜਿੱਤ ਸਕੀ। ਭਾਰਤੀ ਮਹਿਲਾ ਟੀਮ ਨੇ ਦੋ ਵਾਰ ਚਾਂਦੀ ਦਾ ਤਗ਼ਮਾ (1998 ਬੈਂਕਾਕ ਤੇ 2018 ਜਕਾਰਤਾ) ਅਤੇ ਤਿੰਨ ਵਾਰ ਕਾਂਸੀ ਦਾ ਤਗ਼ਮਾ (1986 ਸਿਓਲ, 2006 ਦੋਹਾ ਤੇ 2014 ਇੰਚੇਓਨ) ਜਿੱਤਿਆ। ਮਹਿਲਾ ਹਾਕੀ ਵਿੱਚ ਦੱਖਣੀ ਕੋਰੀਆ ਨੇ ਪੰਜ ਵਾਰ ਸੋਨੇ ਤੇ ਤਿੰਨ ਵਾਰ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਚੀਨ ਨੇ ਤਿੰਨ ਵਾਰ ਸੋਨੇ, ਦੋ ਵਾਰ ਚਾਂਦੀ ਤੇ ਤਿੰਨ ਵਾਰ ਕਾਂਸੀ ਅਤੇ ਜਪਾਨ ਨੇ ਇੱਕ ਵਾਰ ਸੋਨੇ ਅਤੇ ਤਿੰਨ-ਤਿੰਨ ਵਾਰ ਚਾਂਦੀ ਤੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਇਸ ਵਾਰ ਮਹਿਲਾ ਹਾਕੀ ਵਿੱਚ ਭਾਰਤ ਦੇ ਪੂਲ ਵਿੱਚ ਦੱਖਣੀ ਕੋਰੀਆ, ਮਲੇਸ਼ੀਆ, ਹਾਂਗਕਾਂਗ ਤੇ ਸਿੰਗਾਪੁਰ ਹੈ। 2021 ਦੀਆਂ ਟੋਕੀਓ ਓਲੰਪਿਕ ਖੇਡਾਂ ਦੇ ਸੈਮੀ ਫਾਈਨਲ ਤੱਕ ਪੁੱਜਣ ਵਾਲੀ ਭਾਰਤੀ ਟੀਮ ਇਸ ਵਾਰ 41 ਵਰ੍ਹਿਆਂ ਦਾ ਸੋਨ ਤਗ਼ਮੇ ਦਾ ਸੋਕਾ ਤੋੜਨ ਲਈ ਪੂਰੀ ਜੱਦੋਜਹਿਦ ਕਰੇਗੀ।