ਏਸ਼ਿਆਈ ਖੇਡਾਂ: ਭਾਜਪਾ ਨੇ ਮੈਡਲਾਂ ਦੇ ਸੈਂਕੜੇ ਦੀ ਖੁਸ਼ੀ ਮਨਾਈ

ਏਸ਼ਿਆਈ ਖੇਡਾਂ: ਭਾਜਪਾ ਨੇ ਮੈਡਲਾਂ ਦੇ ਸੈਂਕੜੇ ਦੀ ਖੁਸ਼ੀ ਮਨਾਈ

ਨਵੀਂ ਦਿੱਲੀ,-ਦਿੱਲੀ ਭਾਜਪਾ ਯੁਵਾ, ਪੂਰਵਾਂਚਲ, ਓਬੀਸੀ, ਐੱਸਟੀ ਤੇ ਮਹਿਲਾ ਮੋਰਚਾ ਦੇ ਵਰਕਰਾਂ ਨੇ ਅੱਜ ਪਾਰਟੀ ਦਫ਼ਤਰ ਵਿੱਚ ਏਸ਼ਿਆਈ ਖੇਡਾਂ ਵਿੱਚ ਭਾਰਤ ਵੱਲੋਂ 100 ਤੋਂ ਵੱਧ ਤਮਗੇ ਜਿੱਤਣ ਦਾ ਜਸ਼ਨ ਮਨਾਇਆ। ਭਾਰਤ ਨੇ ਪਹਿਲੀ ਵਾਰ ਏਸ਼ਿਆਈ ਖੇਡਾਂ ਵਿੱਚ ਤਗਮਿਆਂ ਦਾ ਸੈਂਕੜਾ ਲਾਇਆ ਹੈ। ਸੀਨੀਅਰ ਮਹਿਲਾ ਮੋਰਚਾ ਵਰਕਰਾਂ ਨੇ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੂੰ ਮਠਿਆਈਆਂ ਖੁਆਈਆਂ ਤੇ ਪਾਰਟੀ ਵਰਕਰਾਂ ਨੇ ਕੌਮੀ ਝੰਡੇ ਲਹਿਰਾ ਕੇ ਢੋਲ ’ਤੇ ਭੰਗੜੇ ਪਾਏ। ਉਨ੍ਹਾਂ ਤਮਗਾ ਜੇਤੂ ਖਿਡਾਰੀਆਂ ਨੂੰ ਵਧਾਈ ਵੀ ਦਿੱਤੀ।

ਜਸ਼ਨ ਮਨਾ ਰਹੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। 45 ਦਿਨਾਂ ਦੇ ਸਮੇਂ ਵਿੱਚ ਭਾਰਤ ਨੇ ਚੰਦਰਯਾਨ 3, ਆਦਿਤਿਆ ਐਲ1, ਜੀ20, ਯਸ਼ੋਭੂਮੀ, ਨਾਰੀ ਸ਼ਕਤੀ ਵੰਦਨ ਸਫਲਤਾ ਅਤੇ ਹੁਣ ਏਸ਼ਿਆਈ ਖੇਡਾਂ ਵਿੱਚ 100 ਤੋਂ ਵੱਧ ਤਮਗੇ ਜਿੱਤ ਕੇ ਵੱਡੀਆਂਪ੍ਰਾਪਤੀਆਂ ਹਾਸਲ ਕੀਤੀਆਂ ਹਨ। ਏਸ਼ਿਆਈ ਖੇਡਾਂ 2023 ਵਿੱਚ ਭਾਰਤੀ ਮੈਡਲਾਂ ਦਾ ਸੈਂਕੜਾ ਪ੍ਰਧਾਨ ਮੰਤਰੀ ਮੋਦੀ ਦੇ ਖੇਲੋ ਇੰਡੀਆ ਪ੍ਰੋਗਰਾਮ ਦੀ ਸਫਲਤਾ ਦਾ ਪ੍ਰਮਾਣ ਹੈ, ਜਿਸ ਤਹਿਤ 9 ਸਾਲਾਂ ਵਿੱਚ ਖੇਡਾਂ ਦੇ ਬਜਟ ਵਿੱਚ ਲਗਪਗ 2.75 ਗੁਣਾ ਵਾਧਾ ਹੋਇਆ ਹੈ। ਪੀਆਈਬੀ ਦੀ ਰਿਪੋਰਟ ਅਨੁਸਾਰ 2013-14 ਵਿੱਚ ਜੋ ਖੇਡਾਂ ਦਾ ਬਜਟ 1219 ਕਰੋੜ ਰੁਪਏ ਸੀ, ਉਹ ਅੱਜ 3397 ਕਰੋੜ ਰੁਪਏ ਹੈ।