ਏਸ਼ਿਆਈ ਖੇਡਾਂ ਦੇ ਤਗ਼ਮਾ ਜੇਤੂਆਂ ਨੂੰ ਨਕਦ ਇਨਾਮ ਦੇਣ ਦਾ ਐਲਾਨ

ਏਸ਼ਿਆਈ ਖੇਡਾਂ ਦੇ ਤਗ਼ਮਾ ਜੇਤੂਆਂ ਨੂੰ ਨਕਦ ਇਨਾਮ ਦੇਣ ਦਾ ਐਲਾਨ

ਭਗਵੰਤ ਮਾਨ ਵੱਲੋਂ ਐਗਜ਼ੀਕਿਊਟਿਵ ਕੋਚਾਂ ਨਾਲ ਵਿਚਾਰਾਂ

ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ ਹਾਲ ਹੀ ਵਿੱਚ ਏਸ਼ਿਆਈ ਖੇਡਾਂ ’ਚ ਤਗ਼ਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਚੀਨ ਤੋਂ ਵਾਪਸੀ ਦੇ 10 ਦਿਨਾਂ ਦੇ ਅੰਦਰ-ਅੰਦਰ ਨਕਦ ਇਨਾਮ ਤੇ ਹੋਰ ਲਾਭ ਦਿੱਤੇ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਉਨ੍ਹਾਂ ਅੱਜ ਚੰਡੀਗੜ੍ਹ ਦੇ ਸੈਕਟਰ-35 ਵਿੱਚ ਸਥਿਤ ਮਿਉਂਸਿਪਲ ਭਵਨ ’ਚ ਸੂਬੇ ਦੇ ਐਗਜ਼ੀਕਿਊਟਵਿ ਕੋਚਾਂ ਨਾਲ ਵਿਚਾਰ-ਵਟਾਂਦਰੇ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਤਗ਼ਮਾ ਜੇਤੂ ਖਿਡਾਰੀਆਂ ਦੇ ਸਨਮਾਨ ਦੀ ਕਦੇ ਪ੍ਰਵਾਹ ਨਹੀਂ ਕੀਤੀ ਪਰ ‘ਆਪ’ ਸਰਕਾਰ ਇਸ ਕੰਮ ਨੂੰ ਪੂਰੀ ਤਰਜੀਹ ਦੇਵੇਗੀ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਤਗ਼ਮਾ ਜੇਤੂਆਂ ਨੂੰ ਵਤਨ ਵਾਪਸੀ ਤੋਂ ਮਗਰੋਂ ਛੇਤੀ ਤੋਂ ਛੇਤੀ ਨਕਦ ਇਨਾਮ ਤੇ ਹੋਰ ਲਾਭ ਦਿੱਤੇ ਜਾਣ।

ਸ੍ਰੀ ਮਾਨ ਨੇ ਕਿਹਾ ਕਿ ਇਨ੍ਹਾਂ ਖੇਡਾਂ ’ਚ ਪੰਜਾਬ ਦੇ 33 ਖਿਡਾਰੀਆਂ ਨੇ 8 ਸੋਨੇ, 6 ਚਾਂਦੀ ਤੇ 5 ਕਾਂਸੀ ਦੇ ਤਗ਼ਮੇ ਪੰਜਾਬ ਦੀ ਝੋਲੀ ਪਾ ਕੇ 72 ਵਰ੍ਹਿਆਂ ਦਾ ਰਿਕਾਰਡ ਤੋੜ ਦਿੱਤਾ ਹੈ। ਇਹ ਸਿਹਰਾ ਇਕ ਪਾਸੇ ਖਿਡਾਰੀਆਂ ਦੇ ਸਮਰਪਣ ਨੂੰ ਜਾਂਦਾ ਹੈ, ਦੂਜੇ ਪਾਸੇ ਕੋਚਾਂ ਵੱਲੋਂ ਨਿਭਾਈ ਮੋਹਰੀ ਭੂਮਿਕਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਲਈ ਖਿਡਾਰੀਆਂ ਨੂੰ ਤਿਆਰ ਕਰਨ ਲਈ ਕੋਚਾਂ ਦਾ ਅਹਿਮ ਯੋਗਦਾਨ ਹੁੰਦਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਖੇਡਾਂ ਦੇ ਖ਼ੇਤਰ ’ਚ ਆਈਆਂ ਨਵੀਆਂ ਤਕਨੀਕਾਂ ਬਾਰੇ ਵਾਕਫ਼ ਹੋ ਕੇ ਖਿਡਾਰੀਆਂ ਨੂੰ ਤਿਆਰੀ ਕਰਵਾਉਣ ’ਚ ਕੋਚ ਸਭ ਤੋਂ ਅਹਿਮ ਹੁੰਦੇ ਹਨ। ਸ੍ਰੀ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਖੇਡਾਂ ਦੇ ਖੇਤਰ ਨੂੰ ਬੁਰੀ ਤਰ੍ਹਾਂ ਅਣਗੌਲਿਆ ਕੀਤਾ, ਜਿਸ ਨਾਲ ਸੂਬੇ ਨੂੰ ਬਹੁਤ ਵੱਡਾ ਨੁਕਸਾਨ ਹੋਇਆ। ਇਸ ਮੌਕੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਾਰੇ ਪਤਵੰਤਿਆਂ ਦਾ ਸਵਾਗਤ ਕੀਤਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੋਚ ਵੀ ਖੇਡਾਂ ਨੂੰ ਉਤਸ਼ਾਹਿਤ ਕਰ ਕੇ ਸੂਬੇ ਵਿੱਚੋਂ ਨਸ਼ਿਆਂ ਦੇ ਕੋਹੜ ਦੇ ਖ਼ਾਤਮੇ ਲਈ ਅਹਿਮ ਭੂਮਿਕਾ ਨਿਭਾ ਸਕਦੇ ਹਨ। ਮੁੱਖ ਮੰਤਰੀ ਨੇ ਕੋਚਾਂ ਨੂੰ ਅਪੀਲ ਕੀਤੀ ਕਿ ਉਹ ਕੌਮਾਂਤਰੀ ਪੱਧਰ ਦੇ ਖਿਡਾਰੀ ਤਿਆਰ ਕਰਨ, ਜਿਸ ਨਾਲ ਪੰਜਾਬ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ।