ਏਸ਼ਿਆਈ ਅਥਲੈਟਿਕਸ: ਤੇਜਿੰਦਰਪਾਲ ਤੂਰ ਨੇ ਜਿੱਤਿਆ ਸੋਨ ਤਗ਼ਮਾ

ਏਸ਼ਿਆਈ ਅਥਲੈਟਿਕਸ: ਤੇਜਿੰਦਰਪਾਲ ਤੂਰ ਨੇ ਜਿੱਤਿਆ ਸੋਨ ਤਗ਼ਮਾ

ਬੈਂਕਾਕ- ਭਾਰਤੀ ਅਥਲੀਟ ਤੇਜਿੰਦਰਪਾਲ ਸਿੰਘ ਤੂਰ ਨੇ ਅੱਜ ਇੱਥੇ ਏਸ਼ਿਆਈ ਅਥਲੈਟਿਕ ਚੈਂਪੀਅਨਸ਼ਿਪ ਦੇ ਗੋਲਾ-ਸੁੱਟਣ (ਸ਼ਾਟ-ਪੁੱਟ) ਵਿੱਚ ਸੋਨ ਤਗ਼ਮਾ ਜਿੱਤ ਕੇ ਮਹਾਂਦੀਪੀ ਟੂਰਨਾਮੈਂਟ ਵਿੱਚ ਆਪਣਾ ਦਬਦਬਾ ਬਰਕਰਾਰ ਰੱਖਿਆ। ਹਾਲਾਂਕਿ, ਦੂਸਰੇ ਥਰੋਅ ਵਿੱਚ ਆਪਣੇ ਸਰਵੋਤਮ ਪ੍ਰਦਰਸ਼ਨ ਮਗਰੋਂ ਉਹ ਲੰਗੜਾਉਂਦਾ ਹੋਇਆ ਮੈਦਾਨ ’ਚੋਂ ਬਾਹਰ ਆਇਆ। ਏਸ਼ਿਆਈ ਰਿਕਾਰਡਧਾਰੀ ਤੂਰ ਨੇ ਦੂਸਰੇ ਥਰੋਅ ਦੌਰਾਨ 20.23 ਮੀਟਰ ਦੀ ਦੂਰੀ ਤੱਕ ਗੋਲ ਸੁੱਟਿਆ। ਇਸ ਯਤਨ ਮਗਰੋਂ ਉਹ ‘ਗ੍ਰੋਇਨ’ ਵਿੱਚ ਸੱਟ ਕਾਰਨ ਲੰਗ ਮਾਰਦਾ ਹੋਇਆ ਬਾਹਰ ਆਇਆ। ਇਰਾਨ ਦੇ ਸਾਬਰੀ ਮਹਿਦੀ ਨੇ 19.98 ਮੀਟਰ ਦੇ ਥਰੋਅ ਨਾਲ ਚਾਂਦੀ, ਜਦੋਂਕਿ ਕਜ਼ਾਖ਼ਸਤਾਨ ਦੇ ਇਵਾਨ ਇਵਾਨੋਵ ਨੇ 19.87 ਮੀਟਰ ਗੋਲਾ ਸੁੱਟ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਪੰਜਾਬ ਦਾ 28 ਸਾਲਾ ਅਥਲੀਟ ਤੂਰ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਆਪਣੇ ਖ਼ਿਤਾਬ ਦਾ ਬਚਾਅ ਕਰਨ ਵਾਲਾ ਤੀਜਾ ਗੋਲਾ ਸੁਟਾਵਾ ਬਣ ਗਿਆ ਹੈ। ਕਤਰ ਦੇ ਬਿਲਾਲ ਸਾਦ ਮੁਬਾਰਕ ਨੇ ਚਾਰ ਵਾਰ ਆਪਣੇ ਖ਼ਿਤਾਬ ਦਾ ਬਚਾਅ ਕੀਤਾ ਹੈ। ਉਸ ਨੇ 1995 ਤੇ 1998 ਅਤੇ 2002 ਤੇ 2003 ਵਿੱਚ ਇਹ ਮਹਾਂਦੀਪੀ ਖ਼ਿਤਾਬ ਜਿੱਤੇ ਹਨ। ਕੁਵੈਤ ਦੇ ਮੁਹੰਮਦ ਗ਼ਰੀਬ ਅਲ ਜ਼ਿੰਕਾਵੀ ਨੇ ਲਗਾਤਾਰ ਤਿੰਨ ਵਾਰ (1979, 1981 ਅਤੇ 1983) ਏਸ਼ਿਆਈ ਖ਼ਿਤਾਬ ਆਪਣੇ ਨਾਮ ਕੀਤੇ ਹਨ। ਫਿਲਹਾਲ ਤੂਰ ਦੀ ਸੱਟ ਬਾਰੇ ਪਤਾ ਨਹੀਂ ਲੱਗ ਸਕਿਆ, ਪਰ ਇਹ ਉਸ ਲਈ ਚਿੰਤਾ ਦਾ ਸਬੱਬ ਬਣ ਸਕਦੀ ਹੈ ਕਿਉਂਕਿ ਅਗਲੇ ਮਹੀਨੇ ਬੁੱਡਾਪੈਸਟ ਵਿੱਚ ਵਿਸ਼ਵ ਚੈਂਪੀਅਨਸ਼ਿਪ (17 ਤੋਂ 27 ਅਗਸਤ ਤੱਕ) ਹੋਣੀ ਹੈ।