ਏਜੰਟ ਦੀ ਠੱਗੀ ਦੇ ਸ਼ਿਕਾਰ ਪੰਜਾਬੀ ਵਿਦਿਆਰਥੀਆਂ ਵੱਲੋਂ ਰੋਸ ਵਿਖਾਵਾ

ਏਜੰਟ ਦੀ ਠੱਗੀ ਦੇ ਸ਼ਿਕਾਰ ਪੰਜਾਬੀ ਵਿਦਿਆਰਥੀਆਂ ਵੱਲੋਂ ਰੋਸ ਵਿਖਾਵਾ

ਕੈਨੇਡਾ ਤੋਂ ਕੱਢਣ ਦੇ ਹੁਕਮ ਵਾਪਸ ਲੈਣ ਦੀ ਕੀਤੀ ਮੰਗ
ਵੈਨਕੂਵਰ- ਜਲੰਧਰ ਦੇ ਏਜੰਟ ਵਲੋਂ ਕਥਿਤ ਤੌਰ ’ਤੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਵਿੱਦਿਅਕ ਵੀਜ਼ੇ ਲਗਵਾ ਕੇ ਕੈਨੇਡਾ ਭੇਜੇ ਗਏ ਵਿਦਿਆਰਥੀਆਂ ਨੂੰ ਮਿਲੇ ਦੇਸ਼ ਤੋਂ ਕੱਢਣ ਦੇ ਹੁਕਮਾਂ ਖ਼ਿਲਾਫ਼ ਪੀੜਤ ਵਿਦਿਆਥੀਆਂ ਨੇ ਅੱਜ ਟੋਰਾਂਟੋ ਦੇ ਵਿਕਟੋਰੀਆ ਸਟਰੀਟ ਸਥਿਤ ਕੈਨੇਡਾ ਦੇ ਆਵਾਸ ਤੇ ਪਨਾਹ ਵਿਭਾਗ ਦੇ ਦਫਤਰ ਅੱਗੇ ਰੋਸ ਵਿਖਾਵਾ ਕੀਤਾ। ਉਨ੍ਹਾਂ ਮੰਗ ਕੀਤੀ ਕਿ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਮੰਨ ਕੇ ਉਨ੍ਹਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ ਅਤੇ ਹੋਰ ਵਿਦਿਆਰਥੀਆਂ ਵਾਂਗ ਉਨ੍ਹਾਂ ਨੂੰ ਵੀ ਪੱਕੇ ਹੋਣ ਦੇ ਮੌਕੇ ਦਿੱਤੇ ਜਾਣ। ਵਿਦਿਆਰਥੀ ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਕੋਈ ਧੋਖਾਧੜੀ ਨਹੀਂ ਕੀਤੀ ਸਗੋਂ ਉਹ ਏਜੰਟ ਦੀ ਧੋਖਾਧੜੀ ਦੇ ਸ਼ਿਕਾਰ ਹੋਏ ਹਨ। ਇਸ ਲਈ ਕੈਨੇਡਾ ਸਰਕਾਰ ਨੂੰ ਉਨ੍ਹਾਂ ਨੂੰ ਵਾਪਸ ਭਾਰਤ ਭੇਜਣ ਦੇ ਹੁਕਮ ਵਾਪਸ ਲੈਣੇ ਚਾਹੀਦੇ ਹਨ। ਉਨ੍ਹਾਂ ਭਾਰਤ ਸਰਕਾਰ ਨੂੰ ਵੀ ਕਟਿਹਰੇ ’ਚ ਖੜ੍ਹੇ ਕਰਦਿਆਂ ਕਿਹਾ ਕਿ ਸਰਕਾਰ ਦੀ ਨਾਅਹਿਲੀਅਤ ਕਾਰਨ ਏਜੰਟ ਸਾਧਾਰਨ ਲੋਕਾਂ ਨਾਲ ਧੋਖਾ ਕਰਦੇ ਹਨ। ਵਿਦਿਆਰਥੀਆਂ ਨੇ ਕੈਨੇਡਾ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ,‘ ਜੇਕਰ ਤੁਹਾਡੇ ਵੀਜ਼ਾ ਅਫਸਰ, ਆਵਾਸ ਵਿਭਾਗ ਅਤੇ ਬਾਰਡਰ ਸੁਰੱਖਿਆ ਏਜੰਸੀ ਵਾਲੇ ਟੋਰਾਂਟੋ ਹਵਾਈ ਅੱਡੇ ਉੱਤੇ ਦਾਖਲੇ ਦੀ ਜਾਂਚ ਦੌਰਾਨ ਫਰਜ਼ੀ ਦਸਤਾਵੇਜ਼ਾਂ ਦੀ ਪਛਾਣ ਨਹੀਂ ਸਕੇ ਤਾਂ ਉਹ ਖੁਦ ਕਿਵੇਂ ਜਾਣ ਸਕਦੇ ਸਨ ਕਿ ਉਨ੍ਹਾਂ ਦੀਆਂ ਫਾਈਲਾਂ ਵਿੱਚ ਫਰਜ਼ੀ ਦਸਤਾਵੇਜ਼ ਲਗਾਏ ਗਏ ਹਨ। ਵਿਦਿਆਰਥੀਆਂ ਦੱਸਿਆ ਕਿ ਉਨ੍ਹਾਂ ਵਿੱਚੋਂ ਬਹੁਤਿਆਂ ਨੂੰ ਦੇਸ਼ ਵਿੱਚੋਂ ਕੱਢਣ ਦੇ ਨੋਟਿਸ ਆ ਚੁੱਕੇ ਹਨ ਅਤੇ ਕਈ ਹੋਰਾਂ ਦੇ ਪੱਕੇ ਹੋਣ ਦੇ ਮਾਮਲਿਆਂ ਉੱਤੇ ਸ਼ੱਕੀ ਹੋਣ ਦੇ ਠੱਪੇ ਲਾਏ ਜਾ ਰਹੇ ਹਨ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਵੀ ਮਾਨਵਤਾ ਦੇ ਆਧਾਰ ’ਤੇ ਕੈਨੇਡਾ ਸਰਕਾਰ ਉੱਤੇ ਦਬਾਅ ਬਣਾਏ ਤਾਂ ਜੋ ਪੀੜਤ ਵਿਦਿਆਰਥੀਆਂ ਨੂੰ ਰਾਹਤ ਮਿਲ ਸਕੇ।