ਏਅਰਸ਼ੋਅ ’ਚੋਂ CM ਮਾਨ ਦੀ ਗ਼ੈਰ-ਮੌਜੂਦਗੀ ’ਤੇ ਰਾਜਪਾਲ ਬਨਵਾਰੀ ਲਾਲ ਨੇ ਚੁੱਕੇ ਸਵਾਲ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਇਕ ਵਾਰ ਮੁੜ ਆਹਮੋ-ਸਾਹਮਣੇ ਹੋ ਗਏ ਹਨ। ਚੰਡੀਗੜ੍ਹ ਦੀ ਸੁਖ਼ਨਾ ਝੀਲ ’ਤੇ ਸ਼ਨੀਵਾਰ ਨੂੰ ਭਾਰਤੀ ਸੈਨਾ ਦਿਵਸ ਦੀ 90ਵੀਂ ਵਰ੍ਹੇਗੰਢ ’ਤੇ ਏਅਰਸ਼ੋਅ ’ਚੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਗ਼ੈਰ-ਮੌਜੂਦਗੀ ’ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸਵਾਲ ਚੁੱਕੇ ਹਨ। ਇਸ ਏਅਰਸ਼ੋਅ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੀ ਸ਼ਾਮਲ ਹੋਏ ਸਨ। ਇਸੇ ਨੂੰ ਲੈ ਕੇ ਰਾਜਪਾਲ ਨੇ ਸਵਾਲ ਚੁੱਕਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਪ੍ਰੋਗਰਾਮ ’ਚ ਕਿਉਂ ਸ਼ਾਮਲ ਨਹੀਂ ਹੋਏ।
ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦੌਰਾਨ ਰਾਸ਼ਟਰਪਤੀ ਮੁਰਮੂ ਦੀ ਮੌਜੂਦਗੀ ਕਾਰਨ ਉਨ੍ਹਾਂ ਦਾ ਆਉਣਾ ਸੰਵਿਧਾਨਕ ਜ਼ਿੰਮੇਵਾਰੀ ਸੀ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਮਾਨ ਤੇ ਰਾਜਪਾਲ ਪੁਰੋਹਿਤ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਲੈ ਕੇ ਆਹਮੋ-ਸਾਹਮਣੇ ਹੋ ਚੁੱਕੇ ਹਨ। ਅੱਜ ਦੇ ਇਸ ਏਅਰਸ਼ੋਅ ਦੇ ਪ੍ਰੋਗਰਾਮ ’ਚ ਰਾਜਨਾਥ ਸਿੰਘ, ਪੰਜਾਬ ਅਤੇ ਹਰਿਆਣਾ ਰਾਜਪਾਲ ਅਤੇ ਹਰਿਆਣਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸਮੇਤ ਕਈ ਸ਼ਖ਼ਸੀਅਤਾਂ ਮੌਜੂਦ ਸਨ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਮਾਨ ਇਸ ਸਮੇਂ ਪਾਰਟੀ ਲਈ ਚੋਣ ਪ੍ਰਚਾਰ ਕਰਨ ਗੁਜਰਾਤ ਗਏ ਹੋਏ ਹਨ, ਉਥੇ ਜਲਦ ਹੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।