ਉੱਤਰ ਪ੍ਰੇਦਸ਼ ’ਚ ਬੱਸ ਨੂੰ ਅੱਗ ਲੱਗਣ ਕਾਰਨ 5 ਮੌਤਾਂ ਤੇ 11 ਜ਼ਖ਼ਮੀ

ਉੱਤਰ ਪ੍ਰੇਦਸ਼ ’ਚ ਬੱਸ ਨੂੰ ਅੱਗ ਲੱਗਣ ਕਾਰਨ 5 ਮੌਤਾਂ ਤੇ 11 ਜ਼ਖ਼ਮੀ

ਗਾਜ਼ੀਪੁਰ (ਯੂਪੀ)- ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਦੇ ਬਾਰਹੀ ਪਿੰਡ ਨੇੜੇ ਅੱਜ ਨਿੱਜੀ ਬੱਸ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ 5 ਵਿਅਕਤੀਆਂ ਦੀ ਮੌਤ ਹੋ ਗਈ ਤੇ 11 ਜ਼ਖ਼ਮੀ ਹੋ ਗਏ। ਬੱਸ ਹਾਈ ਟੈਂਸ਼ਨ ਤਾਰ ਦੇ ਸੰਪਰਕ ਵਿੱਚ ਆ ਗਈ, ਜਿਸ ਕਾਰਨ ਉਸ ਨੂੰ ਅੱਗ ਲੱਗ ਗਈ। ਸੂਤਰਾਂ ਮੁਤਾਬਕ ਮਾਊ ਜ਼ਿਲ੍ਹੇ ਤੋਂ ਆ ਰਹੀ ਬੱਸ 50 ਦੇ ਕਰੀਬ ਸਵਾਰੀਆਂ ਨੂੰ ਲੈ ਕੇ ਵਿਆਹ ਵਿੱਚ ਜਾ ਰਹੀ ਸੀ, ਜਦੋਂ ਇਹ ਹਾਦਸਾ ਵਾਪਰਿਆ। ਬਚਾਅ ਕਾਰਜਾਂ ਦੀ ਨਿਗਰਾਨੀ ਲਈ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਮੌਕੇ ‘ਤੇ ਵੱਡੀ ਗਿਣਤੀ ‘ਚ ਸਥਾਨਕ ਲੋਕ ਇਕੱਠੇ ਹੋ ਗਏ ਪਰ ਉਹ ਸੜਦੀ ਹੋਈ ਬੱਸ ਦੇ ਨੇੜੇ ਜਾਣ ਦੀ ਹਿੰਮਤ ਨਾ ਕਰ ਸਕੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ੇ ਦੇ ਨਾਲ-ਨਾਲ ਮੁਫਤ ਇਲਾਜ ਦਾ ਐਲਾਨ ਕੀਤਾ ਹੈ।