ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਲੂ ਲੱਗਣ ਕਾਰਨ 97 ਮੌਤਾਂ

ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਲੂ ਲੱਗਣ ਕਾਰਨ 97 ਮੌਤਾਂ

ਹਸਪਤਾਲ ਪ੍ਰਬੰਧਕਾਂ ਵੱਲੋਂ ਮਰੀਜ਼ਾਂ ਦੀ ਮੌਤ ਹੋਰ ਕਾਰਨਾਂ ਕਰਕੇ ਹੋਣ ਦਾ ਦਾਅਵਾ; ਜਾਂਚ ਲਈ ਲਖਨਊ ਤੋਂ ਪੁੱਜੀ ਟੀਮ
ਬਲੀਆ/ਪਟਨਾ- ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਲੂ ਲੱਗਣ ਕਾਰਨ ਹੁਣ ਤੱਕ 97 ਮੌਤਾਂ ਹੋ ਚੁੱਕੀਆਂ ਹਨ। ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਹਸਪਤਾਲ ਵਿੱਚ ਪਿਛਲੇ ਚਾਰ ਦਿਨਾਂ ਦੌਰਾਨ ਲੂ ਲੱਗਣ ਕਾਰਨ ਭਰਤੀ ਹੋਏ ਤਕਰੀਬਨ 57 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਬਿਹਾਰ ਵਿੱਚ ਪਿਛਲੇ 19 ਦਿਨਾਂ ਦੌਰਾਨ 40 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

ਬਿਹਾਰ ਸਰਕਾਰ ਨੇ ਲੂ ਤੋਂ ਬਚਣ ਲਈ ਲੋਕਾਂ ਨੂੰ ਸਵੇਰੇ ਨੌਂ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ। ਹਾਲਾਂਕਿ ਉੱਤਰ ਪ੍ਰਦੇਸ਼ ਸਰਕਾਰ ਨੇ ਬਲੀਆ ਵਿੱਚ ਹੋਈਆਂ ਮੌਤਾਂ ਦੀ ਵਜ੍ਹਾ ਲੂ ਲੱਗਣਾ ਮੰਨਣ ਤੋਂ ਇਨਕਾਰ ਕੀਤਾ ਹੈ।

ਲਖਨਊ ਤੋਂ ਸਿਹਤ ਵਿਭਾਗ ਦੀ ਟੀਮ ਮੌਤ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ। ਅਧਿਕਾਰੀਆਂ ਅਨੁਸਾਰ ਜ਼ਿਲ੍ਹਾ ਹਸਪਤਾਲ ਵਿੱਚ 15 ਤੋਂ 17 ਜੂਨ ਤੱਕ ਤਕਰੀਬਨ 400 ਮਰੀਜ਼ ਦਾਖ਼ਲ ਹੋਏ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਇਲਾਜ ਦੌਰਾਨ ਮਰਨ ਵਾਲੇ ਸਾਰੇ ਮਰੀਜ਼ਾਂ ਦੀ ਉਮਰ 60 ਸਾਲ ਤੋਂ ਵੱਧ ਸੀ।

ਇਸੇ ਦੌਰਾਨ ਜ਼ਿਲ੍ਹਾ ਹਸਪਤਾਲ ਦੇ ਚੀਫ਼ ਮੈਡੀਕਲ ਸੁਪਰਡੈਂਟ (ਸੀਐੱਮਐੱਸ) ਡਾ. ਦਿਵਾਕਰ ਸਿੰਘ ਨੂੰ ਮੌਤ ਦੇ ਕਾਰਨਾਂ ਬਾਰੇ ਕਥਿਤ ਤੌਰ ’ਤੇ ਲਾਪ੍ਰਵਾਹੀ ਨਾਲ ਟਿੱਪਣੀ ਕਰਨ ਮਗਰੋਂ ਇੱਥੋਂ ਹਟਾ ਕੇ ਆਜ਼ਮਗੜ੍ਹ ਭੇਜ ਦਿੱਤਾ ਗਿਆ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਡਾ. ਐੱਸਕੇ ਯਾਦਵ ਨੇ ਸੀਐੱਮਐੱਸ ਦਾ ਚਾਰਜ ਸੌਂਪਿਆ ਗਿਆ ਹੈ।

ਹਾਲਾਂਕਿ ਮੁੱਖ ਸਿਹਤ ਅਧਿਕਾਰੀ (ਸੀਐੱਚਓ) ਡਾ. ਜੈਅੰਤ ਕੁਮਾਰ ਨੇ ਦਾਅਵਾ ਕੀਤਾ ਕਿ ਬਲੀਆ ਜ਼ਿਲ੍ਹੇ ਵਿੱਚ ਲੂ ਲੱਗਣ ਕਾਰਨ ਹੁਣ ਤੱਕ ਦੋ ਜਣਿਆਂ ਦੀ ਮੌਤ ਹੋਈ ਹੈ ਅਤੇ ਬਾਕੀ ਮਰੀਜ਼ਾਂ ਦੀ ਮੌਤ ਹੋਰ ਕਾਰਨਾਂ ਕਰਕੇ ਹੋਈ ਹੈ। ਸਿਹਤ ਅਧਿਕਾਰੀ ਅਨੁਸਾਰ ਹਸਪਤਾਲ ਵਿੱਚ ਰੋਜ਼ਾਨਾ ਸੱਤ ਤੋਂ ਨੌਂ ਮੌਤਾਂ ਹੋ ਰਹੀਆਂ ਹਨ। ਜੈਅੰਤ ਕੁਮਾਰ ਨੇ ਦੱਸਿਆ, ‘‘ਜ਼ਿਲ੍ਹਾ ਹਸਪਤਾਲ ਦੇ ਰਿਕਾਰਡ ਅਨੁਸਾਰ 54 ਮਰੀਜ਼ਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚ 40 ਫ਼ੀਸਦੀ ਮਰੀਜ਼ ਬੁਖ਼ਾਰ ਤੋਂ ਪੀੜਤ ਸਨ ਅਤੇ 60 ਫ਼ੀਸਦੀ ਮਰੀਜ਼ ਹੋਰ ਬਿਮਾਰੀਆਂ ਨਾਲ ਜੂੁਝ ਰਹੇ ਸਨ। ਇਸੇ ਤਰ੍ਹਾਂ ਲੂ ਲੱਗਣ ਕਾਰਨ ਜ਼ਿਲ੍ਹੇ ਵਿੱਚ ਸਿਰਫ਼ ਦੋ ਜਣਿਆਂ ਦੀ ਮੌਤ ਹੋਈ ਹੈ।’’ ਸੀਐੱਮਐੱਸ ਐੱਸਕੇ ਯਾਦਵ ਨੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਵਿੱਚ ਇਸ ਵੇਲੇ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਹਰ ਰੋਜ਼ 125 ਤੋਂ 135 ਮਰੀਜ਼ ਭਰਤੀ ਹੋ ਰਹੇ ਹਨ।

ਉਨ੍ਹਾਂ ਦੱਸਿਆ ਕਿ 15 ਜੂਨ ਨੂੰ ਹਸਪਤਾਲ ਵਿੱਚ 154 ਮਰੀਜ਼ ਭਰਤੀ ਹੋਏ, ਜਿਸ ਵਿੱਚੋਂ 23 ਜਣਿਆਂ ਦੀ ਵੱਖ ਵੱਖ ਕਾਰਨਾਂ ਕਰਕੇ ਮੌਤ ਹੋ ਗਈ। ਇਸੇ ਤਰ੍ਹਾਂ 16 ਜੂਨ ਨੂੰ 20 ਮਰੀਜ਼ਾਂ ਅਤੇ 17 ਜੂਨ ਨੂੰ 11 ਮਰੀਜ਼ਾਂ ਦੀ ਮੌਤ ਹੋ ਗਈ। ਉਨ੍ਹਾਂ ਸਪੱਸ਼ਟ ਕੀਤਾ ਕਿ ਤਿੰਨ ਦਿਨਾਂ ਵਿੱਚ 54 ਜਣਿਆਂ ਦੀ ਵੱਖ ਵੱਖ ਕਾਰਨਾਂ ਕਰਕੇ ਮੌਤ ਹੋਈ ਹੈ। ਆਜ਼ਮਗੜ੍ਹ ਡਵੀਜ਼ਨ ਦੇ ਸਿਹਤ ਵਿਭਾਗ ਦੇ ਅਡੀਸ਼ਨਲ ਡਾਇਰੈਕਟਰ ਓਪੀ ਤਿਵਾੜੀ ਨੇ ਕਿਹਾ ਕਿ ਜਾਂਚ ਮਗਰੋਂ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਉਨ੍ਹਾਂ ਕਿਹਾ, ‘‘ਹੋ ਸਕਦਾ ਇਹ ਕੋਈ ਬਿਮਾਰੀ ਹੋਵੇ, ਜਿਸ ਦਾ ਪਤਾ ਨਹੀਂ ਲੱਗ ਸਕਿਆ। ਇਲਾਕੇ ਵਿੱਚ ਤਾਪਮਾਨ ਵੀ ਕਾਫ਼ੀ ਵੱਧ ਹੈ। ਗਰਮੀਆਂ ਅਤੇ ਸਰਦੀਆਂ ਦੌਰਾਨ ਸ਼ੂਗਰ ਦੇ ਮਰੀਜ਼ਾਂ ਅਤੇ ਸਾਹ ਲੈਣ ਵਿੱਚ ਮੁਸ਼ਕਲ ਅਤੇ ਬਲੱਡ ਪ੍ਰੈਸ਼ਰ ਵਾਲੇ ਮਰੀਜ਼ਾਂ ਦੀ ਮੌਤ ਦਰ ਆਮ ਤੌਰ ’ਤੇ ਵੱਧ ਜਾਂਦੀ ਹੈ।’’

ਇਸੇ ਦੌਰਾਨ ਬਿਹਾਰ ਵਿੱਚ ਗਰਮ ਹਵਾਵਾਂ ਕਾਰਨ ਕਈ ਥਾਈਂ ਪਾਰਾ 45 ਡਿਗਰੀ ਤੋਂ ਟੱਪ ਗਿਆ ਹੈ। ਪੂਰਬੀ ਪਟਨਾ ਵਿੱਚ ਵੱਧ ਤੋਂ ਵੱਧ ਤਾਪਮਾਨ 45.7 ਡਿਗਰੀ, ਜਦਕਿ ਪੱਛਮੀ ਪਟਨਾ ਵਿੱਚ ਤਾਪਮਾਨ 45.1 ਡਿਗਰੀ ਦਰਜ ਕੀਤਾ ਗਿਆ, ਜੋ ਕਿ ਸੂਬੇ ਵਿੱਚ ਇਸ ਤੋਂ ਪਹਿਲਾਂ ਸਾਲ 2012 ਵਿੱਚ ਰਿਕਾਰਡ ਕੀਤਾ ਗਿਆ ਸੀ।