ਉੱਤਰ ਤੇ ਦੱਖਣ ਭਾਰਤ : ਮਾਲਾ ਦੇ ਰੰਗ ਬਿਰੰਗੇ ਮਣਕੇ

ਉੱਤਰ ਤੇ ਦੱਖਣ ਭਾਰਤ : ਮਾਲਾ ਦੇ ਰੰਗ ਬਿਰੰਗੇ ਮਣਕੇ

ਜੀ. ਐੱਸ. ਗੁਰਦਿੱਤ

ਭਾਰਤ ਵੱਡ-ਆਕਾਰੀ ਮੁਲਕ ਹੈ ਜੋ ਤਿੰਨ ਪਾਸਿਉਂ ਸਮੁੰਦਰ ਨਾਲ ਘਿਰਿਆ ਹੋਇਆ ਹੈ। ਸਾਰੇ ਵੱਡੇ ਮੁਲਕਾਂ ਦਾ ਮੁਕਾਬਲਾ ਕਰਕੇ ਵੇਖੀਏ ਤਾਂ ਭਾਰਤ ਸੱਤਵਾਂ ਵੱਡਾ ਮੁਲਕ ਬਣ ਜਾਂਦਾ ਹੈ। ਦੁਨੀਆ ਦੇ ਤਕਰੀਬਨ 200 ਵੱਡੇ-ਛੋਟੇ ਮੁਲਕਾਂ ਵਿੱਚੋਂ ਕੇਵਲ ਰੂਸ, ਕੈਨੇਡਾ, ਅਮਰੀਕਾ, ਚੀਨ, ਬ੍ਰਾਜ਼ੀਲ ਅਤੇ ਆਸਟਰੇਲੀਆ ਹੀ ਭਾਰਤ ਤੋਂ ਵੱਡੇ ਹਨ। ਆਬਾਦੀ ਦੇ ਲਿਹਾਜ਼ ਨਾਲ ਅਜੇ ਤੱਕ ਚੀਨ ਦੁਨੀਆ ਦਾ ਸਭ ਤੋਂ ਵੱਡਾ ਮੁਲਕ ਹੈ ਅਤੇ ਭਾਰਤ ਦਾ ਸਥਾਨ ਦੂਸਰਾ ਹੈ। ਪਰ ਜੇਕਰ ਦੋਹਾਂ ਮੁਲਕਾਂ ਦੀ ਆਬਾਦੀ ਦੇ ਵਾਧੇ ਦੀ ਰਫ਼ਤਾਰ ਵੇਖੀਏ ਤਾਂ ਭਾਰਤ ਚੀਨ ਤੋਂ ਅੱਗੇ ਲੰਘਣ ਵਾਲਾ ਹੈ। ਇਸ ਤੋਂ ਇਲਾਵਾ ਭਾਰਤ ਵਿੱਚ ਕਈ ਤਰ੍ਹਾਂ ਦੀਆਂ ਮਨੁੱਖੀ ਨਸਲਾਂ, ਵੰਨ-ਸੁਵੰਨੇ ਸੱਭਿਆਚਾਰ, ਵੱਖ-ਵੱਖ ਧਰਮ ਅਤੇ ਭਾਸ਼ਾਵਾਂ, ਅਜੀਬੋ-ਗ਼ਰੀਬ ਰੀਤੀ ਰਿਵਾਜਾਂ, ਵੰਨ-ਸੁਵੰਨੇ ਪਕਵਾਨਾਂ ਆਦਿ ਦਾ ਹਿਸਾਬ ਲਾਉਣ ਬੈਠ ਜਾਈਏ ਤਾਂ ਇਹ ਇੱਕ ਮੁਲਕ ਘੱਟ ਅਤੇ ਇੱਕ ਮਹਾਂਦੀਪ ਵੱਧ ਲੱਗਦਾ ਹੈ। ਉੱਤਰ ਭਾਰਤ ਤੋਂ ਦੱਖਣ ਭਾਰਤ ਤੱਕ ਜਾਂਦੇ ਹੋਏ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਕਈ ਵੱਖਰੇ-ਵੱਖਰੇ ਦੇਸ਼ਾਂ ਵਿੱਚੋਂ ਲੰਘ ਰਹੇ ਹੋਈਏ।

ਉੱਤਰ ਭਾਰਤ ਵਾਲੇ ਆਮ ਕਰਕੇ ਵੱਧ ਬਾਹਰਮੁਖੀ, ਅਖੌਤੀ ਆਧੁਨਿਕਤਾ ਨੂੰ ਜ਼ਿਆਦਾ ਅਪਣਾਉਣ ਵਾਲੇ, ਗੋਰੇ ਰੰਗ ਨੂੰ ਵੱਧ ਮਹੱਤਤਾ ਦੇਣ ਵਾਲੇ, ਲੀੜੇ-ਕੱਪੜੇ ਉੱਤੇ ਵੱਧ ਪੈਸਾ ਖ਼ਰਚਣ ਵਾਲੇ, ਹਰ ਕੰਮ ਵਿੱਚ ਫਾਲਤੂ ਟੰਗ ਅੜਾਉਣ ਵਾਲੇ, ਜਲਦੀ ਕਾਨੂੰਨ ਤੋੜਨ ਵਾਲੇ, ਬੱਸਾਂ ਜਾਂ ਰੇਲ ਗੱਡੀਆਂ ਵਿੱਚ ਸੀਟਾਂ ਪਿੱਛੇ ਇੱਕ-ਦੂਜੇ ਨਾਲ ਕਲੇਸ਼ ਕਰਨ ਵਾਲੇ, ਘੱਟ ਪੜ੍ਹਾਈ, ਪਰ ਵੱਧ ਵਿਖਾਵਾ ਕਰਨ ਵਾਲੇ ਅਤੇ ਵੱਧ ਸਿਆਸੀ ਚਰਚਾ ਕਰਨ ਵਾਲੇ ਹੁੰਦੇ ਹਨ। ਇਸ ਦੇ ਉਲਟ ਦੱਖਣ ਵਾਲੇ ਆਮ ਕਰਕੇ ਵੱਧ ਸਹਿਜ, ਵੱਧ ਸਲੀਕੇ ਵਾਲੇ, ਨਿਯਮਾਂ ਮੁਤਾਬਕ ਜ਼ਿੰਦਗੀ ਜਿਉਣ ਵਾਲੇ, ਵੱਧ ਪੜ੍ਹੇ-ਲਿਖੇ, ਪਰ ਵੇਖਣ ਨੂੰ ਬਿਲਕੁਲ ਸਾਦੇ, ਪੁਰਾਤਨਤਾ ਅਤੇ ਕਲਾਸੀਕਲ ਸੰਗੀਤ ਨਾਲ ਵੱਧ ਜੁੜੇ ਹੋਏ, ਸਮਾਜਿਕ ਜੀਵਨ ਵਿੱਚ ਵੱਧ ਦਕਿਆਨੂਸੀ, ਜਨਮ-ਕੁੰਡਲੀਆਂ ਅਤੇ ਜੋਤਿਸ਼ ਵਰਗੇ ਵਹਿਮਾਂ -ਭਰਮਾਂ ਵਿੱਚ ਵੱਧ ਵਿਸ਼ਵਾਸ ਕਰਨ ਵਾਲੇ, ਨਵੀਆਂ ਸਿਆਸੀ ਲਹਿਰਾਂ ਪ੍ਰਤੀ ਘੱਟ ਝੁਕਾਅ ਰੱਖਣ ਵਾਲੇ ਅਤੇ ਸਿਆਸਤ ਬਾਰੇ ਘੱਟ ਚਰਚਾ ਕਰਨ ਵਾਲੇ ਹੁੰਦੇ ਹਨ।

ਹਾਲੀਆ ਕਿਸਾਨੀ ਸੰਘਰਸ਼ ਵੇਲੇ ਦੱਖਣ ਭਾਰਤੀਆਂ ਨੇ ਘੱਟ ਉਤਸ਼ਾਹ ਦਿਖਾਇਆ। ਪਹਿਲਾਂ ਤਾਂ ਲੱਗਦਾ ਸੀ ਕਿ ਸਾਰੇ ਭਾਰਤ ਦੇ ਕਿਸਾਨ ਹੀ ਦਿੱਲੀ ਵਿੱਚ ਡੇਰੇ ਲਾ ਲੈਣਗੇ, ਪਰ ਅਖੀਰ ਉਹ ਸੰਘਰਸ਼ ਉੱਤਰ ਭਾਰਤ ਦੇ ਕਿਸਾਨਾਂ ਨੇ ਹੀ ਲੜਿਆ ਅਤੇ ਦੱਖਣ ਵਾਲਿਆਂ ਲਈ ਦਿੱਲੀ ਦੂਰ ਹੀ ਰਹੀ। ਸ਼ੁਰੂ ਵਿੱਚ ਮਹਾਰਾਸ਼ਟਰ ਵਿੱਚ ਥੋੜ੍ਹੀ ਬਹੁਤੀ ਹਿਲਜੁਲ ਜ਼ਰੂਰ ਹੋਈ। ਇਸ ਤੋਂ ਪਹਿਲਾਂ ਮਹਾਰਾਸ਼ਟਰ ਵਿੱਚ ਵੱਡਾ ਕਿਸਾਨ ਮਾਰਚ ਹੋਇਆ ਸੀ, ਪਰ ਕਿਸਾਨ ਅੰਦੋਲਨ ਸਮੇਂ ਉਹ ਕੌਮੀ ਪੱਧਰ ਦੇ ਮੁਹਾਜ਼ ’ਤੇ ਨਹੀਂ ਆਏ। ਬਾਕੀ ਦੱਖਣੀ ਸੂਬੇ ਜ਼ਿਆਦਾਤਰ ਸ਼ਾਂਤ ਰਹੇ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਦੱਖਣ ਭਾਰਤੀਆਂ ਦੀ ਖੇਤੀ ਉੱਤੇ ਨਿਰਭਰਤਾ ਉੱਤਰ ਭਾਰਤੀਆਂ ਜਿੰਨੀ ਨਹੀਂ ਹੈ। ਇਹੀ ਹਾਲ ਫ਼ੌਜ ਵਿੱਚ ਭਰਤੀ ਵਾਲੀ ਅਗਨੀਪਥ ਸਕੀਮ ਵੇਲੇ ਹੋਇਆ। ਤੇਲੰਗਾਨਾ ਦੀ ਥੋੜ੍ਹੀ ਜਿਹੀ ਹਿਲਜੁਲ ਤੋਂ ਇਲਾਵਾ ਦੱਖਣ ਭਾਰਤੀ ਨੌਜਵਾਨਾਂ ਨੇ ਇਸ ਦੇ ਵਿਰੋਧ ਵਿੱਚ ਸ਼ਾਇਦ ਹੀ ਕੋਈ ਮੁਜ਼ਾਹਰਾ ਕੀਤਾ ਹੋਵੇ। ਜਦੋਂ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਉੱਤਰੀ ਸੂਬਿਆਂ ਵਿੱਚ ਅਨੇਕਾਂ ਬੱਸਾਂ ਸਾੜੀਆਂ ਗਈਆਂ ਅਤੇ ਸਰਕਾਰ ਨੂੰ ਕਈ ਮਹੀਨੇ ਵਖ਼ਤ ਪਿਆ ਰਿਹਾ।

ਇਹ ਕੋਈ ਅੱਜ ਦੀ ਹੀ ਗੱਲ ਨਹੀਂ ਹੈ। 1857 ਵਾਲੀ ਅੰਗਰੇਜ਼ਾਂ ਵਿਰੋਧੀ ਬਗ਼ਾਵਤ ਵੀ ਉੱਤਰੀ ਭਾਰਤ ਵਿੱਚ ਹੀ ਹੋਈ ਸੀ। ਇਸੇ ਤਰ੍ਹਾਂ ਜਦੋਂ 1975 ਵਿੱਚ ਇੰਦਰਾ ਗਾਂਧੀ ਨੇ ਦੇਸ਼ਵਿਆਪੀ ਐਮਰਜੈਂਸੀ ਲਗਾਈ ਸੀ, ਉਦੋਂ ਵੀ ਜੇਲ੍ਹਾਂ ਭਰਨ ਵਾਲੇ ਆਮ ਕਰਕੇ ਉੱਤਰ ਭਾਰਤੀ ਹੀ ਸਨ ਅਤੇ ਬਹੁਤੇ ਦੱਖਣ ਵਾਲੇ ਆਮ ਵਾਂਗ ਸ਼ਾਂਤ ਰਹੇ। ਭਾਰਤੀ ਸਿਆਸਤ ਵਿੱਚ ਉੱਤਰ ਦਾ ਦਬਦਬਾ ਹਮੇਸ਼ਾਂ ਵਾਂਗ ਅੱਜ ਵੀ ਕਾਇਮ ਹੈ। ਹੈਰਾਨੀ ਦੀ ਗੱਲ ਹੈ ਕਿ ਪਿਛਲੇ 8 ਸਾਲਾਂ ਤੋਂ ਮਜ਼ਬੂਤੀ ਨਾਲ ਦੇਸ਼ ਦੀ ਸਰਕਾਰ ਚਲਾ ਰਹੀ ਭਾਰਤੀ ਜਨਤਾ ਪਾਰਟੀ ਦੀ ਦੱਖਣ ਦੇ ਕੇਵਲ ਇੱਕ ਹੀ ਵੱਡੇ ਸੂਬੇ ਕਰਨਾਟਕ ਵਿੱਚ ਸਰਕਾਰ ਹੈ। ਜਦੋਂ ਕਿ ਉੱਤਰੀ ਭਾਰਤ ਵਿੱਚ ਉਹ ਕਾਂਗਰਸ ਦੇ ਬਦਲ ਵਜੋਂ ਸਥਾਪਤ ਹੋ ਚੁੱਕੀ ਹੈ। ਹੁਣ ਤੱਕ ਉੱਤਰ ਭਾਰਤ ਤੋਂ 13 ਪ੍ਰਧਾਨ ਮੰਤਰੀ ਬਣ ਚੁੱਕੇ ਹਨ, ਪਰ ਦੱਖਣ ਤੋਂ ਕੇਵਲ 2 ਹੀ ਬਣੇ ਹਨ। ਅਗਲੇ ਸਾਲਾਂ ਵਿੱਚ ਜਦੋਂ 2026 ਤੋਂ ਬਾਅਦ ਸੰਸਦ ਵਿੱਚ ਸੀਟਾਂ ਦੀ ਗਿਣਤੀ ਵਧਾਉਣ ਦੀ ਉਮੀਦ ਹੈ ਤਾਂ ਲੱਗਦਾ ਹੈ ਕਿ ਦੱਖਣ ਨੂੰ ਹੋਰ ਵੀ ਘਾਟਾ ਪੈਣ ਵਾਲਾ ਹੈ ਕਿਉਂਕਿ ਪਿਛਲੇ 30-40 ਸਾਲਾਂ ਵਿੱਚ ਉੱਥੇ ਆਬਾਦੀ ਦਾ ਵਾਧਾ ਉੱਤਰ ਭਾਰਤ ਦੇ ਮੁਕਾਬਲੇ ਕਾਫ਼ੀ ਘੱਟ ਹੋਇਆ ਹੈ। ਇੰਜ ਰਾਸ਼ਟਰੀ ਰਾਜਨੀਤੀ ਵਿੱਚ ਉੱਤਰ ਭਾਰਤ ਦਾ ਦਬਦਬਾ ਹੋਰ ਵੀ ਵਧਣ ਵਾਲਾ ਹੈ।

ਨਵੀਆਂ ਤਕਨੀਕਾਂ ਦੇ ਮਾਮਲੇ ਵਿੱਚ ਦੱਖਣ ਭਾਰਤ ਆਮ ਕਰਕੇ ਉੱਤਰ ਭਾਰਤ ਤੋਂ ਅੱਗੇ ਹੀ ਦਿਸਦਾ ਹੈ। ਇਸ ਦੀ ਇੱਕ ਉਦਾਹਰਨ 2016 ਦੀ ਨੋਟਬੰਦੀ ਵੇਲੇ ਵੀ ਸਾਹਮਣੇ ਆਈ। ਉਦੋਂ ਉੱਤਰ ਭਾਰਤ ਦੇ ਹਰ ਰਾਜ ਵਿੱਚ ਬੈਂਕਾਂ ਦੇ ਬਾਹਰ ਲੰਬੀਆਂ ਕਤਾਰਾਂ ਵਿੱਚ ਲੋਕ ਖੜ੍ਹੇ ਨਜ਼ਰ ਆਏ ਕਿਉਂਕਿ ਉੱਤਰ ਭਾਰਤੀ ਬਾਜ਼ਾਰਾਂ ਵਿੱਚ ਨਗਦ ਅਦਾਇਗੀਆਂ ਦੀ ਮੰਗ ਹੀ ਕੀਤੀ ਜਾਂਦੀ ਸੀ। ਆਨਲਾਈਨ ਅਦਾਇਗੀਆਂ ਲਈ ਬਹੁਤ ਘੱਟ ਦੁਕਾਨਦਾਰ ਹਾਮੀ ਭਰਦੇ ਸਨ, ਪਰ ਦੱਖਣ ਵਿੱਚ ਜ਼ਿੰਦਗੀ ਤਕਰੀਬਨ ਸਹਿਜ ਰੂਪ ਵਿੱਚ ਹੀ ਚੱਲਦੀ ਰਹੀ। ਉੱਥੋਂ ਦੇ ਦੁਕਾਨਦਾਰਾਂ, ਵਪਾਰੀਆਂ ਅਤੇ ਸੈਲਾਨੀ ਏਜੰਸੀਆਂ ਆਦਿ ਨੇ ਬਿਨਾਂ ਕਿਸੇ ਝਿਜਕ ਦੇ ਡੈਬਿਟ ਕਾਰਡ, ਕਰੈਡਿਟ ਕਾਰਡ ਅਤੇ ਯੂਪੀਆਈ ਰਾਹੀਂ ਅਦਾਇਗੀਆਂ ਮਨਜ਼ੂਰ ਕੀਤੀਆਂ। ਨਾ ਹੀ ਦੱਖਣ ਵਾਲਿਆਂ ਨੇ ਉੱਤਰ ਵਾਲਿਆਂ ਵਾਂਗ ਪੁਰਾਣੇ ਨੋਟ ਬਦਲਾਉਣ ਵਾਸਤੇ ਬੈਂਕਾਂ ਮੂਹਰੇ ਮੰਜੇ ਡਾਹ ਕੇ ਰਾਤਾਂ ਕੱਟੀਆਂ।

ਉੱਤਰ ਭਾਰਤ ਦੇ ਬਹੁਤੇ ਲੋਕ ਇਹ ਸੋਚਦੇ ਹਨ ਕਿ ਹਿੰਦੀ ਭਾਰਤ ਦੀ ਰਾਸ਼ਟਰੀ ਭਾਸ਼ਾ ਹੈ ਜਦੋਂ ਕਿ ਸੰਵਿਧਾਨ ਵਿੱਚ ਅਜਿਹਾ ਕੋਈ ਜ਼ਿਕਰ ਨਹੀਂ ਹੈ। ਦੱਖਣ ਵਾਲੇ ਅਕਸਰ ਹਿੰਦੀ ਦੇ ਵਿਰੋਧ ਵਿੱਚ ਇਸ ਕਰਕੇ ਹੀ ਖੜ੍ਹ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉੱਤਰ ਵਾਲੇ ਹਿੰਦੀ ਨੂੰ ਉਨ੍ਹਾਂ ਉੱਤੇ ਥੋਪਣਾ ਚਾਹੁੰਦੇ ਹਨ। ਦੱਖਣ ਵਿੱਚ ਆਪੋ-ਆਪਣੀ ਮਾਂ-ਬੋਲੀ ਨੂੰ ਵੱਧ ਸਤਿਕਾਰਿਆ ਜਾਂਦਾ ਹੈ ਅਤੇ ਉਹ ਵਾਹ ਲੱਗਦੇ ਆਪਣੀ ਬੋਲੀ ਹੀ ਬੋਲਦੇ ਹਨ। ਜੇਕਰ ਜ਼ਰੂਰਤ ਪਵੇ ਉਹ ਫਿਰ ਹੀ ਅੰਗਰੇਜ਼ੀ ਬੋਲਣੀ ਪਸੰਦ ਕਰਦੇ ਹਨ ਭਾਵੇਂ ਕਿ ਉਨ੍ਹਾਂ ਨੂੰ ਅੰਗਰੇਜ਼ੀ ਉੱਤਰ ਵਾਲਿਆਂ ਨਾਲੋਂ ਵੱਧ ਆਉਂਦੀ ਹੁੰਦੀ ਹੈ। ਪਰ ਉੱਤਰ ਭਾਰਤ ਵਾਲੇ ਬਹੁਤੀ ਮਹਿਮਾਨ-ਨਿਵਾਜ਼ੀ ਦੇ ਚੱਕਰ ਵਿੱਚ ਆਪਣੀ ਬੋਲੀ ਛੱਡ ਕੇ ਅਗਲੇ ਦੀ ਬੋਲੀ ਬੋਲਣੀ ਸ਼ੁਰੂ ਕਰ ਦਿੰਦੇ ਹਨ। ਜਿਵੇਂ ਕਿ ਪੰਜਾਬ ਵਿੱਚ ਕਿਸੇ ਪਰਵਾਸੀ ਮਜ਼ਦੂਰ ਨੂੰ ਗੱਲ ਸਮਝਾਉਣ ਵੇਲੇ ਹਰ ਕੋਈ ਹਮਕੋ-ਤੁਮਕੋ ਕਰਨ ਲੱਗ ਪੈਂਦਾ ਹੈ।

ਜਦੋਂ ਅਸੀਂ ਉੱਤਰ ਅਤੇ ਦੱਖਣ ਭਾਰਤ ਦਾ ਮੁਕਾਬਲਾ ਕਰਦੇ ਹਾਂ ਇਹ ਕੋਈ ਸੌਖਾ ਮੁਕਾਬਲਾ ਨਹੀਂ ਹੈ ਕਿਉਂਕਿ ਇੱਥੇ ਪੱਛਮੀ ਭਾਰਤ ਅਤੇ ਪੂਰਬੀ ਭਾਰਤ ਦੇ ਵੱਡੇ ਇਲਾਕੇ ਵੀ ਹਨ ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉੱਤਰ ਭਾਰਤ ਵਿੱਚ ਵੀ ਜੇਕਰ ਪੰਜਾਬ ਅਤੇ ਯੂਪੀ-ਬਿਹਾਰ ਦਾ ਮੁਕਾਬਲਾ ਕਰਨ ਲੱਗ ਜਾਈਏ ਤਾਂ ਬਹੁਤ ਸਾਰੇ ਫ਼ਰਕ ਸਾਹਮਣੇ ਆ ਜਾਣਗੇ। ਪਰ ਫਿਰ ਵੀ ਜੇਕਰ ਅਸੀਂ ਜੰਮੂ ਕਸ਼ਮੀਰ ਨੂੰ ਤਾਮਿਲਨਾਡੂ ਦੇ ਸਾਹਮਣੇ ਰੱਖ ਕੇ ਵੇਖੀਏ ਤਾਂ ਇਹ ਵਖਰੇਵੇਂ ਬਹੁਤ ਉੱਭਰ ਕੇ ਸਾਹਮਣੇ ਆਉਂਦੇ ਹਨ। ਵਖਰੇਵਿਆਂ ਵਿੱਚ ਮਨੁੱਖੀ ਨਸਲ, ਰੰਗ-ਰੂਪ, ਦਿੱਖ ਦਾ ਫ਼ਰਕ, ਸੁਭਾਅ ਦਾ ਫ਼ਰਕ, ਸਮਾਜਿਕ ਤਾਣਾ-ਬਾਣਾ, ਰਾਜਨੀਤਕ ਸੋਚ ਅਤੇ ਹੋਰ ਬੜਾ ਕੁਝ ਵੇਖਣ ਨੂੰ ਮਿਲਦਾ ਹੈ। ਪਰ ਉੱਤਰ ਅਤੇ ਦੱਖਣ ਵਿੱਚ ਕੁਝ ਅਜੀਬ ਸਮਾਨਤਾਵਾਂ ਵੀ ਮਿਲ ਜਾਣਗੀਆਂ। ਜਿਵੇਂ ਕਿ ਵਿਦੇਸ਼ਾਂ ਪ੍ਰਤੀ ਖਿੱਚ ਦੇ ਮਾਮਲੇ ਵਿੱਚ ਪੰਜਾਬ, ਗੁਜਰਾਤ ਅਤੇ ਕੇਰਲ ਦੇ ਲੋਕ ਇੱਕੋ ਜਿਹੇ ਹਨ। ਤਿੰਨਾਂ ਵਿੱਚ ਹੀ ਪੱਛਮੀ ਦੇਸ਼ਾਂ ਦਾ ਵੀਜ਼ਾ ਲਗਵਾਉਣ ਦੀ ਹੋੜ ਇੱਕੋ ਜਿਹੀ ਹੈ। ਸਿਆਸੀ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਦੇ ਮਾਮਲੇ ਵਿੱਚ ਵੀ ਉੱਤਰ ਅਤੇ ਦੱਖਣ ਇੱਕੋ ਜਿਹੇ ਹੀ ਨਜ਼ਰ ਆਉਂਦੇ ਹਨ। ਦੋਵੇਂ ਪਾਸੇ ਦੇ ਬਹੁਤੇ ਸਿਆਸਤਦਾਨਾਂ ਨੇ ਇਸ ਮਾਮਲੇ ਵਿੱਚ ਆਮ ਕਰਕੇ ਬਦਨਾਮੀ ਹੀ ਖੱਟੀ ਹੈ। ਦੋਵੇਂ ਪਾਸੇ ਹੀ ਸਿਆਸੀ ਲੋਕਾਂ ਦੇ ਅੰਧ-ਭਗਤਾਂ ਦੀ ਕੋਈ ਕਮੀ ਨਹੀਂ ਹੈ। ਮੁਫ਼ਤ ਸਹੂਲਤਾਂ ਦੀ ਹੋੜ ਵੀ ਤਕਰੀਬਨ ਦੋਵੇਂ ਪਾਸੇ ਇੱਕੋ ਜਿਹੀ ਹੀ ਹੈ। ਇਹ ਵੀ ਮੰਨਣਾ ਪਏਗਾ ਕਿ ਅੱਜ ਜਦੋਂ ਪੂਰੀ ਦੁਨੀਆ ਇੱਕ ਪਿੰਡ ਵਰਗੀ ਬਣਦੀ ਜਾ ਰਹੀ ਹੈ ਤਾਂ ਉੱਤਰ ਅਤੇ ਦੱਖਣ ਭਾਰਤ ਵੀ ਸਹਿਜੇ-ਸਹਿਜੇ ਇਕਮਿਕ ਹੁੰਦੇ ਜਾ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਕਈ ਵਖਰੇਵੇਂ ਘਟਦੇ ਜਾਣਗੇ ਅਤੇ ਹੌਲੀ-ਹੌਲੀ ਸ਼ਾਇਦ ਖ਼ਤਮ ਹੀ ਹੋ ਜਾਣ ।