ਉੱਤਰੀ ਸਰਹੱਦ ’ਤੇ ਸਥਿਤੀ ਕਾਬੂ ਹੇਠ: ਜਨਰਲ ਕਲੀਤਾ

ਉੱਤਰੀ ਸਰਹੱਦ ’ਤੇ ਸਥਿਤੀ ਕਾਬੂ ਹੇਠ: ਜਨਰਲ ਕਲੀਤਾ

ਪੂਰਬੀ ਕਮਾਂਡ ਦੇ ਮੁਖੀ ਮੁਤਾਬਕ ਚੀਨ ਨੂੰ ਭਾਰਤੀ ਫ਼ੌਜੀਆਂ ਨੇ ਦਿੱਤਾ ਠੋਕਵਾਂ ਜਵਾਬ
ਕੋਲਕਾਤਾ-ਥਲ ਸੈਨਾ ਦੀ ਪੂਰਬੀ ਕਮਾਂਡ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਆਰ ਪੀ ਕਲੀਤਾ ਨੇ ਕਿਹਾ ਹੈ ਕਿ ਮੁਲਕ ਦੀ ਉੱਤਰੀ ਸਰਹੱਦ ਨਾਲ ਲਗਦੇ ਇਲਾਕਿਆਂ ’ਚ ਹਾਲਾਤ ਸਥਿਰ ਹਨ ਅਤੇ ਉਥੇ ਭਾਰਤੀ ਫ਼ੌਜਾਂ ਦਾ ਮਜ਼ਬੂਤ ਕੰਟਰੋਲ ਹੈ। ਕਲੀਤਾ ਇਥੇ ਪੂਰਬੀ ਕਮਾਂਡ ਦੇ ਹੈੱਡਕੁਆਰਟਰ ਫੋਰਟ ਵਿਲੀਅਮ ’ਚ 51ਵੇਂ ਵਿਜੈ ਦਿਵਸ ਮੌਕੇ ਸ਼ਰਧਾਂਜਲੀ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸ਼ਹਿਰ ਦੇ ਉੱਤਰ-ਪੂਰਬ ’ਚ ਸਰਹੱਦੀ ਇਲਾਕੇ ਯਾਂਗਸੇ ’ਚ ਭਾਰਤ ਅਤੇ ਚੀਨੀ ਫ਼ੌਜੀਆਂ ਵਿਚਕਾਰ ਝੜਪ ਦੇ ਇਕ ਹਫ਼ਤੇ ਬਾਅਦ ਕਲੀਤਾ ਨੇ ਇਹ ਗੱਲ ਆਖੀ। ਇਸ ਖ਼ਿੱਤੇ ’ਤੇ ਚੀਨੀ ਫ਼ੌਜ ਪੀਪਲਜ਼ ਲਿਬਰੇਸ਼ਨ ਆਰਮੀ ਨੇ 1962 ਵਿੱਚ ਵੀ ਹਮਲਾ ਕੀਤਾ ਸੀ। ਕਲੀਤਾ ਨੇ ਕਿਹਾ ਕਿ ਅਸਲ ਕੰਟਰੋਲ ਰੇਖਾ ’ਤੇ ਵੱਖ ਵੱਖ ਧਾਰਨਾਵਾਂ ਹਨ ਅਤੇ ਇਨ੍ਹਾਂ ’ਚੋਂ ਅੱਠ ਖੇਤਰਾਂ ਦੀ ਦੋਵੇਂ ਮੁਲਕਾਂ ਨੇ ਪਛਾਣ ਕੀਤੀ ਹੈ। ਉਨ੍ਹਾਂ ਕਿਹਾ ਕਿ ਪੀਐੱਲਏ ਨੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਦੇ ਇਕ ਇਲਾਕੇ ’ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ ਜਿਸ ਦਾ ਭਾਰਤੀ ਫ਼ੌਜ ਨੇ ਠੋਕਵੇਂ ਢੰਗ ਨਾਲ ਜਵਾਬ ਦਿੱਤਾ ਹੈ। ਪੂਰਬੀ ਕਮਾਂਡ ਦੇ ਜਨਰਲ ਆਫੀਸਰ ਕਮਾਂਡਿੰਗ-ਇਨ-ਚੀਫ਼ ਲੈਫ਼ਟੀਨੈਂਟ ਜਨਰਲ ਕਲੀਤਾ ਨੇ ਕਿਹਾ,‘‘ਅਸੀਂ ਸਾਰਿਆਂ ਨੂੰ ਭਰੋਸਾ ਦੇਣਾ ਚਾਹੁੰਦੇ ਹਾਂ ਕਿ ਉੱਤਰੀ ਸਰਹੱਦ ਨਾਲ ਲਗਦੇ ਇਲਾਕਿਆਂ ’ਚ ਹਾਲਾਤ ਸਥਿਰ ਹਨ ਅਤੇ ਸਾਡਾ ਮਜ਼ਬੂਤ ਕੰਟਰੋਲ ਹੈ।’’ ਦੋਵੇਂ ਮੁਲਕਾਂ ਦੇ ਜਵਾਨਾਂ ਨੂੰ ਮਾਮੂਲੀ ਸੱਟਾਂ ਲੱਗਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਥਾਨਕ ਕਮਾਂਡਰਾਂ ਨੇ ਮੌਜੂਦਾ ਪ੍ਰੋਟੋਕੋਲ ਰਾਹੀਂ ਗੱਲਬਾਤ ਕਰ ਕੇ ਇਸ ਮੁੱਦੇ ਨੂੰ ਹੱਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਕੁਝ ਹਿੰਸਾ ਜ਼ਰੂਰ ਹੋਈ ਹੈ ਪਰ ਮੌਜੂਦਾ ਦੁਵੱਲੇ ਪ੍ਰਬੰਧ ਅਤੇ ਪ੍ਰੋਟੋਕੋਲ ਦਾ ਸਹਾਰਾ ਲੈਂਦਿਆਂ ਸਥਾਨਕ ਪੱਧਰ ’ਤੇ ਕੰਟਰੋਲ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਬੁਮਲਾ ’ਚ ਇਕ ਫਲੈਗ ਮੀਟਿੰਗ ਹੋਈ ਜਿਸ ’ਚ ਮੁੱਦੇ ਨੂੰ ਅੱਗੇ ਹੋਰ ਸੁਲਝਾਇਆ ਗਿਆ। ਇਹ ਪੁੱਛੇ ਜਾਣ ’ਤੇ ਕਿ ਕੀ ਚੀਨ ਨੇ ਕੋਈ ਘੁਸਪੈਠ ਕੀਤੀ ਹੈ ਜਾਂ ਅਰੁਣਾਚਲ ’ਚ ਭਾਰਤ ਦੀ ਕੋਈ ਜ਼ਮੀਨ ਉੱਤਰੀ ਗੁਆਂਢੀ ਮੁਲਕ ਦੇ ਕਬਜ਼ੇ ’ਚ ਹੈ, ਤਾਂ ਫ਼ੌਜੀ ਕਮਾਂਡਰ ਨੇ ਕਿਹਾ ਕਿ ਇਸ ਦਾ ਸੰਖੇਪ ਜਵਾਬ ‘ਨਾਂਹ’ ਹੈ। ਉਨ੍ਹਾਂ ਕਿਹਾ ਕਿ ਹਥਿਆਰਬੰਦ ਬਲ ਹਮੇਸ਼ਾ ਦੇਸ਼ ਦੀ ਰੱਖਿਆ ਲਈ ਤਿਆਰ ਰਹਿੰਦੇ ਹਨ ਅਤੇ ਫ਼ੌਜ ਦਾ ਮੁੱਢਲਾ ਫਰਜ਼ ਕਿਸੇ ਵੀ ਬਾਹਰੀ ਜਾਂ ਅੰਦਰੂਨੀ ਖ਼ਤਰੇ ਨਾਲ ਨਜਿੱਠ ਕੇ ਦੇਸ਼ ਦੀ ਖੇਤਰੀ ਅਖੰਡਤਾ ਯਕੀਨੀ ਬਣਾਉਣਾ ਹੈ। ਨਵੀਆਂ ਸੜਕਾਂ, ਰੇਲ ਮਾਰਗਾਂ, ਹਵਾਈ ਅੱਡਿਆਂ ਅਤੇ ਸੰਚਾਰ ਲਾਈਨਾਂ ਦੇ ਨਿਰਮਾਣ ਵੱਲ ਇਸ਼ਾਰਾ ਕਰਦਿਆਂ ਕਲੀਤਾ ਨੇ ਕਿਹਾ ਕਿ ਪਿਛਲੇ 10-15 ਸਾਲਾਂ ’ਚ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਉਚੇਚੇ ਤੌਰ ’ਤੇ ਸਰਹੱਦੀ ਇਲਾਕਿਆਂ ’ਚ ਧਿਆਨ ਦਿੱਤਾ ਗਿਆ ਹੈ।