ਉੱਤਰਾਖੰਡ: ਜੋਸ਼ੀਮੱਠ ’ਚ ਮੰਦਰ ਡਿੱਗਿਆ

ਉੱਤਰਾਖੰਡ: ਜੋਸ਼ੀਮੱਠ ’ਚ ਮੰਦਰ ਡਿੱਗਿਆ

ਜਾਨੀ ਨੁਕਸਾਨ ਤੋਂ ਬਚਾਅ; ਪਹਿਲਾਂ ਤੋਂ ਖ਼ੌਫ਼ਜ਼ਦਾ ਲੋਕਾਂ ਦੇ ਫ਼ਿਕਰ ਵਧੇ
ਜੋਸ਼ੀਮੱਠ/ਚਮੋਲੀ- ਜੋਸ਼ੀਮੱਠ ਦੇ ਸਿੰਗਧਾਰ ਵਾਰਡ ਵਿੱਚ ਅੱਜ ਸ਼ਾਮੀਂ ਇਕ ਮੰਦਿਰ ਢਹਿ ਗਿਆ। ਹਾਲਾਂਕਿ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਚੇਤੇ ਰਹੇ ਕਿ ਜੋਸ਼ੀਮੱਠ ’ਚ ਪਿਛਲੇ ਦਿਨਾਂ ਵਿੱਚ ਜ਼ਮੀਨ ਧਸਣ ਕਰਕੇ ਸੈਂਕੜੇ ਮਕਾਨਾਂ ਵਿੱਚ ਤਰੇੜਾਂ ਆ ਗਈਆਂ ਸਨ ਤੇ ਸਮੇਂ ਦੇ ਨਾਲ ਨੁਕਸਾਨ ਲਗਾਤਾਰ ਵਧ ਰਿਹਾ ਹੈ। ਮੰਦਿਰ ਢਹਿਣ ਦੀ ਘਟਨਾ ਨੇ ਪਹਿਲਾਂ ਤੋਂ ਹੀ ਖ਼ੌਫ਼ਜ਼ਦਾ ਸਥਾਨਕ ਲੋਕਾਂ ਦੇ ਫ਼ਿਕਰਾਂ ਨੂੰ ਹੋਰ ਵਧਾ ਦਿੱਤਾ ਹੈ। ਇਸ ਦੌਰਾਨ ਸਥਾਨਕ ਲੋਕਾਂ ਦੇ ਮੁੜ-ਵਸੇਬੇ ਨੂੰ ਲੈ ਕੇ ਜੋਸ਼ੀਮੱਠ ਦੇ ਤਹਿਸੀਲ ਦਫ਼ਤਰ ਵਿੱਚ ਧਰਨਾ ਅੱਜ ਵੀ ਜਾਰੀ ਰਿਹਾ। ਉਧਰ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਮਾਹਿਰਾਂ ਦੀ ਟੀਮ ਵੱੱਲੋਂ ਜੋਸ਼ੀਮੱਠ ਵਿੱਚ ਡੇਰੇ ਲਾ ਕੇ ਇਸ ਸਮੱਸਿਆ ਦੇ ਹੱਲ ਲਈ ਸਾਰੇ ਪਹਿਲੂਆਂ ਦਾ ਅਧਿਐਨ ਕੀਤਾ ਜਾ ਰਿਹਾ ਹੈ। ਮਾਹਿਰਾਂ ਦੀ ਟੀਮ, ਜਿਸ ਵਿਚ ਪ੍ਰਸ਼ਾਸਨ ਅਤੇ ਸੂਬਾਈ ਆਫ਼ਤ ਪ੍ਰਬੰਧਨ ਦੇ ਅਧਿਕਾਰੀ ਸ਼ਾਮਲ ਹਨ, ਨੇ ਜ਼ਮੀਨ ਧਸਣ ਕਰਕੇ ਅਸਰਅੰਦਾਜ਼ ਖੇਤਰਾਂ ਦਾ ਘਰ ਘਰ ਜਾ ਕੇ ਸਰਵੇਖਣ ਸ਼ੁਰੂ ਕਰ ਦਿੱਤਾ ਹੈ। ਇਸੇ ਦੌਰਾਨ ਕੇਂਦਰੀ ਜਲ ਸ਼ਕਤੀ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਜੋਸ਼ੀਮੱਠ ’ਚ ਜ਼ਮੀਨ ਧਸਣ ਨਾਲ ਜੁੜੇ ਮਾਮਲੇ ਦੀ ਘੋਖ ਲਈ ਕਮੇਟੀ ਕਾਇਮ ਕਰ ਦਿੱਤੀ ਹੈ।

ਸਥਾਨਕ ਲੋਕਾਂ ਮੁਤਾਬਕ ਅੱਜ ਦੇ ਹਾਦਸੇ ਮੌਕੇ ਮੰਦਰ ਵਿੱਚ ਕੋਈ ਵੀ ਮੌਜੂਦ ਨਹੀਂ ਸੀ, ਜਿਸ ਕਰਕੇ ਸੱਟ-ਫੇਟ ਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਲੋਕਾਂ ਮੁਤਾਬਕ ਇਸ ਮੰਦਿਰ ਵਿੱਚ ਪਿਛਲੇ 15 ਦਿਨਾਂ ਦੌਰਾਨ ਵੱਡੀਆਂ ਤਰੇੜਾਂ ਪੈ ਗਈਆਂ ਸਨ। ਆਫ਼ਤ ਪ੍ਰਬੰਧਨ ਅਧਿਕਾਰੀ ਨੇ ਕਿਹਾ ਕਿ ਕਈ ਘਰਾਂ ਵਿੱਚ ਵੱਡੀਆਂ ਦਰਾੜਾਂ ਉੱਭਰ ਆਈਆਂ ਹਨ ਅਤੇ 50 ਦੇ ਕਰੀਬ ਪਰਿਵਾਰਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਭੇਜ ਦਿੱਤਾ ਹੈ। ਡਾਇਰੈਕਟਰ ਪੰਕਜ ਚੌਹਾਨ ਨੇ ਕਿਹਾ ਕਿ ਇਨ੍ਹਾਂ ਤੋਂ ਇਲਾਵਾ ਵਿਸ਼ਨੂ ਪ੍ਰਯਾਗ ਜਲ ਵਿਦਯੁਤ ਪਰਿਯੋਜਨਾ ਮੁਲਾਜ਼ਮਾਂ ਲਈ ਬਣੀ ਕਲੋਨੀ ’ਚ ਰਹਿੰਦੇ 60 ਪਰਿਵਾਰਾਂ ਨੂੰ ਕਿਤੇ ਹੋਰ ਤਬਦੀਲ ਕੀਤਾ ਗਿਆ ਹੈ। ਸਭ ਤੋਂ ਵੱਧ ਮਾਰ ਮਾਰਵਾੜੀ ਇਲਾਕੇ ਨੂੰ ਪਈ, ਜਿੱਥੇ ਤਿੰਨ ਦਿਨ ਪਹਿਲਾਂ ਚੱਟਾਨ ’ਚ ਧਮਾਕਾ ਹੋਇਆ ਸੀ। ਧਮਾਕੇ ਕਰਕੇ ਕਈ ਘਰਾਂ ਨੂੰ ਨੁਕਸਾਨ ਪੁੱਜਾ ਸੀ ਜਦੋਂਕਿ ਚੱਟਾਨ ਦੇ ਇਸ ਹਿੱਸੇ ’ਚੋਂ ਲਗਾਤਾਰ ਪਾਣੀ ਪੂਰੇ ਜ਼ੋਰ ਨਾਲ ਨਿਕਲ ਰਿਹਾ ਹੈ। ਸਥਾਨਕ ਲੋਕਾਂ ਦੀ ਮੰਗ ’ਤੇ ਚਾਰਧਾਮ ਤੇ ਐੱਨਟੀਪੀਸੀ ਪਣਬਿਜਲੀ ਪ੍ਰਾਜੈਕਟਾਂ ਵਿੱਚ ਸਾਰੀਆਂ ਉਸਾਰੀ ਸਰਗਰਮੀਆਂ ਤੇ ਔਲੀ ਰੋਪਵੇਅ ਸੇਵਾ ਨੂੰ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ ਹੈ। ਸਥਾਨਕ ਨਿਗਮ ਦੇ ਪ੍ਰਧਾਨ ਰਿਸ਼ੀ ਪ੍ਰ੍ਰਸਾਦ ਸਤੀ ਨੇ ਕਿਹਾ ਕਿ ਰੋਪਵੇਅ ਸੇਵਾ ਦੇ ਹੇਠਾਂ ਵੱਡੀ ਦਰਾੜ ਪੈ ਗਈ ਹੈ, ਜਿਸ ਕਰਕੇ ਇਸ ਨੂੰ ਬੰਦ ਕਰ ਦਿੱਤਾ ਹੈ।