ਉੱਤਰਕਾਸ਼ੀ: ਸੁਰੰਗ ’ਚੋਂ ਸਾਰੇ ਮਜ਼ਦੂਰ ਸੁਰੱਖਿਅਤ ਬਾਹਰ ਕੱਢੇ

ਉੱਤਰਕਾਸ਼ੀ: ਸੁਰੰਗ ’ਚੋਂ ਸਾਰੇ ਮਜ਼ਦੂਰ ਸੁਰੱਖਿਅਤ ਬਾਹਰ ਕੱਢੇ

  • ਜ਼ਮੀਨ ਖਿਸਕਣ ਕਾਰਨ ਸੁਰੰਗ ਅੰਦਰ ਫਸ ਗਏ ਸਨ 41 ਵਰਕਰ
  • ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੇ ਕੇਂਦਰੀ ਰਾਜ ਮੰਤਰੀ ਵੀਕੇ ਸਿੰਘ ਨੇ ਕੀਤਾ ਮਜ਼ਦੂਰਾਂ ਦਾ ਸਵਾਗਤ
    ਉੱਤਰਕਾਸ਼ੀ : ਬਚਾਅ ਕਰਮੀਆਂ ਦੇ ਕਰੀਬ 17 ਦਿਨਾਂ ਦੇ ਅਣਥੱਕ ਯਤਨਾਂ ਤੋਂ ਬਾਅਦ ਅਖ਼ੀਰ ਅੱਜ ਉੱਤਰਾਖੰਡ ਦੀ ਸਿਲਕਿਆਰਾ ਸੁਰੰਗ ਵਿਚ ਫਸੇ 41 ਵਰਕਰਾਂ ਨੂੰ ਸਫ਼ਲਤਾ ਨਾਲ ਬਾਹਰ ਕੱਢ ਲਿਆ ਗਿਆ। ਬਚਾਏ ਗਏ ਵਰਕਰਾਂ ਨਾਲ ਮੌਕੇ ’ਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੇ ਕੇਂਦਰੀ ਮੰਤਰੀ ਵੀਕੇ ਸਿੰਘ ਨੇ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਟਵੀਟ ਕਰ ਕੇ ਦੱਸਿਆ ਕਿ ਸਾਰੇ ਵਰਕਰਾਂ ਦੀ ਮੁੱਢਲੀ ਸਿਹਤ ਜਾਂਚ ਕਰ ਲਈ ਗਈ ਹੈ।
    ਇਸ ਲਈ ਸੁਰੰਗ ਵਿਚ ਹੀ ਮੈਡੀਕਲ ਕੈਂਪ ਬਣਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਜ਼ਮੀਨ ਖਿਸਕਣ ਕਾਰਨ ਉਸਾਰੀ ਅਧੀਨ ਸੁਰੰਗ ਦਾ ਇਕ ਹਿੱਸਾ 12 ਨਵੰਬਰ ਨੂੰ ਢਹਿ ਗਿਆ ਸੀ। ਸੁਰੰਗ ਦਾ ਇਕ ਹਿੱਸਾ ਢਹਿਣ ਕਾਰਨ ਬਾਹਰ ਨਿਕਲਣ ਦਾ ਰਸਤਾ ਬੰਦ ਹੋ ਗਿਆ ਸੀ ਤੇ ਵਰਕਰ ਅੰਦਰ ਫਸ ਗਏ ਸਨ। ਉਦੋਂ ਤੋਂ ਹੀ ਵਰਕਰਾਂ ਨੂੰ ਛੇ ਇੰਚ ਦੀ ਪਾਈਪ ਰਾਹੀਂ ਭੋਜਨ, ਦਵਾਈਆਂ ਤੇ ਹੋਰ ਜ਼ਰੂਰੀ ਵਸਤਾਂ ਭੇਜੀਆਂ ਜਾ ਰਹੀਆਂ ਸਨ। ਇਹ ਪਾਈਪ ਢਹਿ ਗਏ ਹਿੱਸੇ ਦੇ ਮਲਬੇ ਵਿਚੋਂ ਪਾਈ ਗਈ ਸੀ। ਕਰੀਬ 17 ਦਿਨ ਚੱਲੇ ਇਸ ਬਚਾਅ ਅਪਰੇਸ਼ਨ ਦੌਰਾਨ ਕਈ ਵਾਰ ਉਮੀਦ ਦੀ ਕਿਰਨ ਜਾਗੀ ਤੇ ਕਈ ਵਾਰ ਨਿਰਾਸ਼ਾ ਵੀ ਹੱਥ ਲੱਗੀ। ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨਡੀਆਰਐਫ) ਦੇ ਕਰਮੀਆਂ ਨੇ ਅੱਜ ਦੇਰ ਸ਼ਾਮ ਫਸੇ ਵਰਕਰਾਂ ਨੂੰ ਸਟੀਲ ਦੇ ਪਾਈਪ ਰਾਹੀਂ ਬਾਹਰ ਕੱਢਿਆ ਜੋ ਕਿ 60 ਮੀਟਰ ਦੇ ‘ਐਸਕੇਪ ਪੈਸੇਜ’ (ਬਚਾਅ ਦਾ ਰਾਹ) ਵਿਚ ਪਾਇਆ ਗਿਆ ਸੀ। ਸੁਰੰਗ ’ਚ ਫਸੇ 41 ਵਰਕਰਾਂ ਵਿਚੋਂ ਪਹਿਲੇ ਵਰਕਰ ਨੂੰ ਲੈ ਕੇ ਐਂਬੂਲੈਂਸ ਰਾਤ ਕਰੀਬ 8 ਵਜੇ ਬਾਹਰ ਨਿਕਲੀ।
    ਇਸ ਤੋਂ ਪਹਿਲਾਂ ਕਰੀਬ ਇਕ ਘੰਟਾ ‘ਰੈਟ-ਹੋਲ’ ਮਾਈਨਿੰਗ ਮਾਹਿਰ ਮਲਬੇ ਦੇ ਆਖ਼ਰੀ ਹਿੱਸੇ ਨੂੰ ਪੁੱਟਣ ’ਚ ਲੱਗੇ ਰਹੇ। ਕਈ ਦਿਨਾਂ ਤੋਂ ਬਣੇ ਇਸ ਸੰਕਟ ਦੇ ਹੱਲ ਹੋਣ ਦੇ ਨਾਲ ਹੀ ਮੌਕੇ ’ਤੇ ਮੌਜੂਦ ਲੋਕਾਂ ਨੇ ਇਕ-ਦੂਜੇ ਨੂੰ ਜੱਫੀਆਂ ਪਾ ਲਈਆਂ ਤੇ ਖ਼ੁਸ਼ੀ ਵਿਚ ‘ਹਰ ਹਰ ਮਹਾਦੇਵ’ ਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਾਏ। ਮੌਕੇ ਉਤੇ ਮੌਜੂਦ ਐਂਬੂਲੈਂਸਾਂ ਵਰਕਰਾਂ ਨੂੰ ਸਥਾਨਕ ਕਮਿਊਨਿਟੀ ਸਿਹਤ ਕੇਂਦਰ ਲੈ ਕੇ ਗਈਆਂ ਜਿੱਥੇ ਵਿਸ਼ੇਸ਼ ਤੌਰ ’ਤੇ 41 ਬਿਸਤਰਿਆਂ ਦਾ ਵਾਰਡ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਸਟੀਲ ਪਾਈਪ ਰਾਹੀਂ ਬਾਹਰ ਨਿਕਲੇ ਵਰਕਰਾਂ ਦੀ ਤੁਰੰਤ ਸਿਹਤ ਜਾਂਚ ਕੀਤੀ ਗਈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਵਰਕਰਾਂ ਦੇ ਸੁਰੱਖਿਅਤ ਬਾਹਰ ਨਿਕਲਣ ’ਤੇ ਉਹ ਰਾਹਤ ਮਹਿਸੂਸ ਕਰ ਰਹੇ ਹਨ ਤੇ ਖੁਸ਼ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਏਜੰਸੀਆਂ ਨੇ ਪੂਰੇ ਤਾਲਮੇਲ ਨਾਲ ਬਹੁਤ ਮਹੱਤਵਪੂਰਨ ਬਚਾਅ ਅਪਰੇਸ਼ਨ ਨੂੰ ਸਿਰੇ ਚੜ੍ਹਾਇਆ ਹੈ। ਗਡਕਰੀ ਨੇ ਕੌਮਾਂਤਰੀ ਬਚਾਅ ਮਾਹਿਰਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਪੂਰੇ ਅਪਰੇਸ਼ਨ ਦੀ ਲਗਾਤਾਰ ਨਿਗਰਾਨੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੇ ਕੇਂਦਰੀ ਮੰਤਰੀ ਵੀਕੇ ਸਿੰਘ ਦਾ ਵੀ ਸ਼ੁਕਰੀਆ ਅਦਾ ਕੀਤਾ। ਮੁੱਖ ਮੰਤਰੀ ਧਾਮੀ ਨੇ ਵਰਕਰਾਂ ਤੇ ਬਚਾਅ ਕਰਮੀਆਂ ਦੀ ਹਿੰਮਤ ਦੀ ਸਿਫ਼ਤ ਕੀਤੀ।