ਉੱਚ ਸਿੱਖਿਆ ਦੇ ਤਰਸ ਵਾਲੇ ਹਾਲਾਤ

ਉੱਚ ਸਿੱਖਿਆ ਦੇ ਤਰਸ ਵਾਲੇ ਹਾਲਾਤ

ਪ੍ਰੋ (ਡਾ.) ਭੁਪਿੰਦਰ

ਪਿਛਲੇ ਸੈਂਤੀ ਵਰ੍ਹਿਆਂ ਤੋਂ ਅਧਿਐਨ-ਅਧਿਆਪਨ ਦੇ ਕਿੱਤੇ ਨਾਲ ਜੁੜੀ ਹੋਈ ਹਾਂ। ਇਹ ਕਿੱਤਾ ਮੇਰਾ ਸੁਪਨਾ, ਆਦਰਸ਼ ਰਿਹਾ ਹੈ। ਜਦੋਂ ਕੋਈ ਆਪਣੇ ਸੁਪਨੇ, ਆਦਰਸ਼ ਨੂੰ ਹਕੀਕਤ ਵਿਚ ਬਦਲ ਲੈਂਦਾ ਹੈ, ਜਦੋਂ ਆਦਰਸ਼ ਯਥਾਰਥ ਵਿਚ ਢਲ ਜਾਂਦਾ ਹੈ, ਸੰਭਾਵੀ ਸੱਚ ਪ੍ਰਤੀਤੀ ਸੱਚ ਬਣ ਜਾਂਦਾ ਹੈ ਤਾਂ ਬੰਦਾ ਸੱਤਵੇਂ ਅਸਮਾਨ ਉੱਡਿਆ ਫਿਰਦਾ ਪਰ ਕੋਈ ਵੀ ਪ੍ਰਾਪਤੀ ਵਿਅਕਤੀਗਤ ਰੂਪ ਵਿਚ ਹਾਸਲ ਕਰ ਲੈਣਾ ਬੰਦੇ ਦਾ ਹਾਸਿਲ ਨਹੀਂ ਹੁੰਦਾ। ਜਦੋਂ ਉਹ ਆਪਣੀ ਵਿਅਕਤੀਗਤ ਪ੍ਰਾਪਤੀ ਨੂੰ ਸਮੂਹਿਕ ਪ੍ਰਸੰਗ ਵਿਚ ਦੇਖਦਾ, ਸਮੇਂ ਦੇ ਬਦਲਦੇ ਤੌਰ-ਤਰੀਕਿਆਂ ਨਾਲ ਨਿਖ਼ਾਰ ਹਾਸਲ ਕਰਨ ਦੀ ਥਾਂ, ਸਮਾਜ ਦੇ ਛਲਣੀ ਹੋਣ ਦੇ ਸੰਤਾਪ ਨੂੰ ਅਨੁਭਵ ਕਰਦਾ ਤਾਂ ਵਿਅਕਤੀਗਤ ਖੁਸ਼ੀ ਨਿੱਜੀ ਪ੍ਰਾਪਤੀ ਕਿੱਧਰੇ ਉੱਡ-ਪੁੱਡ ਜਾਂਦੀ ਹੈ।

ਮੰਨਿਆ ਜਾਂਦਾ ਹੈ ਕਿ ਸੇਵਾ ਮੁਕਤੀ ਦਾ ਸਮਾਂ ਜਸ਼ਨ ਦਾ ਸਮਾਂ ਹੁੰਦਾ ਹੈ ਪਰ ਜਦੋਂ ਤੁਹਾਡੇ ਕਿੱਤੇ ਦੀ ਮੌਜੂਦਾ ਸਥਿਤੀ ਅਤਿ ਤਰਸਯੋਗ ਹੋਵੇ ਤਾਂ ਸਕੂਨ ਨੂੰ ਵੀ ਤਾਰ-ਤਾਰ ਕਰ ਜਾਂਦੀ ਹੈ। ਗੱਲ ਪੰਜਾਬ ਦੀ ਉੱਚ ਸਿੱਖਿਆ ਦੀ ਸਥਿਤੀ ਦੀ ਹੈ। ਮੈਂ ਉੱਚ ਸਿੱਖਿਆ ਨੀਤੀ ਦੀ ਥਾਂ ’ਤੇ ਸ਼ਬਦ ਸਥਿਤੀ ’ਤੇ ਕੇਂਦਰਿਤ ਹਾਂ ਕਿਉਂਕਿ ਨੀਤੀ ਨੀਅਤ ਨਾਲ ਜੁੜੀ ਹੋਈ ਹੈ। ਨੀਤੀ ਕਿੰਨੀ ਵੀ ਚੰਗੀ ਕਿਉਂ ਨਾ ਹੋਵੇ, ਜੇ ਨੀਅਤ ਸਾਫ਼ ਨਹੀਂ ਤਾਂ ਇਹ ਫਾਈਲਾਂ ਦੀਆਂ ਖੱਲਾਂ-ਖੂੰਜਿਆਂ ਵਿਚ ਸਿਮਟ ਕੇ ਰਹਿ ਜਾਂਦੀ ਹੈ।

ਕਾਲਜਾਂ ਵਿਚ ਵਿਦਿਆਰਥੀਆਂ ਦੀ ਦਿਨੋ-ਦਿਨ ਘਟਦੀ ਸੰਖਿਆ ਚਿੰਤਾ ਦਾ ਵਿਸ਼ਾ ਹੈ। ਚਿੰਤਨ ਕਰਨ ਵਾਲੇ ਸਿਰਫ਼ ਇਹ ਕਹਿ ਕੇ ਸੰਤੁਸ਼ਟ ਹੋ ਜਾਂਦੇ ਹਨ ਜਾਂ ਪੱਲਾ ਝਾੜ ਲੈਂਦੇ ਹਨ ਕਿ ਸਾਡੇ ਨੌਜਵਾਨ ਬੱਚੇ ਬੱਚੀਆਂ, ਭਾਵ ਵਿਦਿਆਰਥੀ, ਵਿਦੇਸ਼ਾਂ ਵੱਲ ਜਾ ਰਹੇ ਹਨ। ਵਿਦੇਸ਼ਾਂ ਦਾ ਰੁਝਾਨ ਕੀ ਸਿਰਫ਼ ਤੇ ਸਿਰਫ਼ ਉੱਥੋ ਦੀਆਂ ਸੁੱਖ-ਸਹੂਲਤਾਂ ਹਨ ਜਿਨ੍ਹਾਂ ਨੂੰ ਹਾਸਲ ਕਰਨ ਲਈ ਹੱਡ ਰੇਤਣੇ ਪੈਂਦੇ ਹਨ? ਉਤਨੀ ਮਿਹਨਤ-ਮੁਸ਼ੱਕਤ ਇੱਥੇ ਕਿਉਂ ਨਹੀਂ? ਇਸ ਦਾ ਜਵਾਬ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੀ ਸੱਤਾ, ਸਰਕਾਰਾਂ ਤੇ ਪ੍ਰਬੰਧਕਾਂ ਦੀ ਨੀਅਤ ਸਾਫ਼ ਨਹੀਂ। ਉਹ ਆਪਣੇ ਮੁਲਕ ਤੇ ਲੋਕਾਂ ਪ੍ਰਤੀ ਸੰਜੀਦਾ ਨਹੀਂ। ਡੰਗ ਟਪਾਊ ਨੀਤੀ ਆਖ਼ਰ ਕਦੋਂ ਤੱਕ ਕਿਸੇ ਮੁਲਕ ਨੂੰ ਬਚਾ ਸਕਦੀ ਹੈ? ਪੰਜਾਬ ਵਿਚ ਆਉਣ ਵਾਲੀ ਹਰ ਸਰਕਾਰ ਨਵੇਂ ਨਵੇਂ, ਵੱਡੇ ਵੱਡੇ, ਸੋਹਣੇ ਸੋਹਣੇ ਵਾਅਦੇ ਕਰਦੀ ਹੈ ਪਰ ਸਿਰਫ਼ ਕਰਦੀ ਹੈ, ਨਿਭਾਉਂਦੀ ਨਹੀਂ। ਬੋਲ ਤਾਂ ਇਹ ਸਨ ਕਿ ਹਰਾ ਪੈੱਨ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਚੱਲੇਗਾ ਪਰ ਅੱਖਾਂ ਅੱਗੇ ਤਸਵੀਰ ਕੋਈ ਹੋਰ ਹੈ: ਫਿਰੋਜ਼ਪੁਰ ਕਾਲਜ ਵਿਚੋਂ ਕੱਢੇ ਗਏ ਪੱਕੇ ਅਧਿਆਪਕਾਂ ਦੀਆਂ ਅੱਖਾਂ ਵਿਚੋਂ ਪਰਲ ਪਰਲ ਵਗਦੇ ਹੰਝੂਆਂ ਦੀ। ਇਹ ਤਾਂ ਇਕ ਉਦਾਹਰਨ ਹੈ ਪਰ ਇਕੋ-ਇਕ ਨਹੀਂ। ਮਨ-ਮਸਤਕ ਵਿਚ ਉਨ੍ਹਾਂ ਨੌਜਵਾਨ ਅਧਿਆਪਕਾਂ ਦੀ ਪੀੜਾ ਉੱਕਰੀ ਪਈ ਹੈ ਜੋ ਉੱਚੀ ਤੋਂ ਉੱਚੀ ਡਿਗਰੀ (ਪੀਐੱਚਡੀ) ਕਰ ਕੇ ਵੀ ਕਈ ਕਈ ਵਰ੍ਹਿਆਂ ਤੋਂ ਪ੍ਰਾਈਵੇਟ ਕਾਲਜਾਂ ਵਿਚ 10-12 ਹਜ਼ਾਰ ਅਤੇ ਯੂਨੀਵਰਸਿਟੀਆਂ ਵਿਚ 20-25 ਹਜ਼ਾਰ ’ਤੇ ਨੌਕਰੀਆਂ ਕਰ ਰਹੇ ਹਨ। ਮੈਂ ਸ਼ਬਦ ‘ਅਧਿਆਪਨ ਕਾਰਜ ਕਰਦੇ’ ਨਹੀਂ ਲਿਖਿਆ, ‘ਨੌਕਰੀ ਕਰਦੇ’ ਲਿਖਿਆ ਕਿਉਂਕਿ ਬਹੁਤੇ ਵਿੱਦਿਅਕ ਅਦਾਰੇ ਅਧਿਆਪਨ ਨੂੰ, ਪੜ੍ਹਨ-ਪੜ੍ਹਾਉਣ ਨੂੰ ਦੁਜੈਲਾ ਸਥਾਨ ਦਿੰਦੇ ਹਨ। ਅਧਿਆਪਕਾਂ ਕੋਲੋ ‘ਦੂਜੇ’ ਕੰਮ ਜਿਵੇਂ ਵਿਦਿਆਰਥੀਆਂ ਦੀ ਗਿਣਤੀ ਵਧਾਉਣਾ, ਸਕਾਲਰਸ਼ਿੱਪ ਦੇ ਫਾਰਮ ਭਰਨੇ-ਭਰਾਉਣੇ, ਦਾਖਲਾ ਕਰਨ ਤੋਂ ਲੈ ਕੈ ਨਤੀਜਾ ਤਿਆਰ ਕਰਨ ਤੱਕ ਦੇ ਸਾਰੇ ਕੰਮ, ਭਾਵ ਗ਼ੈਰ-ਅਧਿਆਪਨੀ ਕੰਮ, ਅਧਿਆਪਕਾਂ ਕੋਲੋਂ ਕਰਵਾਏ ਜਾਂਦੇ ਹਨ ਤਾਂ ਕਿ ਗੈਰ-ਅਧਿਆਪਨੀ ਅਮਲਾ ਨਾ ਰੱਖਿਆ ਜਾਵੇ। ਜਿਸ ਨਾਲ ਸਥਾਪਤੀਆਂ ਧਨ ਤਾਂ ਬਚਾ ਲੈਂਦੀਆਂ ਹਨ ਪਰ ਰੁਜ਼ਗਾਰ ਨਾ ਮਿਲਣ ਦੀ ਸੂਰਤ ਵਿਚ ਨੌਜਵਾਨਾਂ ਅੰਦਰ ਪੈਦਾ ਹੋਣ ਵਾਲੀ ਬੇਚੈਨੀ ਅਤੇ ਨਿਰਾਸ਼ਾ ਨੂੰ ਅੱਖੋਂ-ਪਰੋਖੇ ਕਰ ਕੇ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਜਾਂ ਨਸ਼ਿਆਂ ਦੀ ਦਲਦਲ ਵੱਲ ਧੱਕ ਰਹੀਆਂ ਹਨ।

ਸਮਝਣ ਦੀ ਲੋੜ ਹੈ ਕਿ ਮੌਜੂਦਾ ਸਮਿਆਂ ਵਿਚ ਵਿਦਿਅਕ ਪ੍ਰਬੰਧ ਦਿਨੋ-ਦਿਨ ਨਿਘਾਰ ਵੱਲ ਜਾ ਰਿਹਾ ਹੈ, ਅਧਿਐਨ-ਅਧਿਆਪਨ ਲਈ ਲੋੜੀਂਦਾ ਮਾਹੌਲ ਅਤੇ ਸਹੂਲਤਾਂ ਨਾ ਹੋਣ ਦੀ ਸੂਰਤ ਵਿਚ ਅਧਿਆਪਕ ਅਤੇ ਵਿਦਿਆਰਥੀ, ਦੋਵੇ ਧਿਰਾਂ ਪ੍ਰੇਸ਼ਾਨ ਹਨ। ਅਧਿਆਪਕਾਂ ਦੀਆਂ ਕੱਚੀਆ ਨੌਕਰੀਆਂ, ਕਦੇ ਵੀ ਕੱਢੇ ਜਾਣ ਦੀ ਲਟਕਦੀ ਤਲਵਾਰ, ਭਾਵ ਰੋਜ਼ੀ ਖੁੱਸ ਜਾਣ ਦੇ ਭੈਅ ’ਚ ਗ੍ਰੱਸਿਆ ਬੰਦਾ ਕੀ ਖੋਜ ਕਰ ਸਕੇਗਾ, ਵਿਦਿਆਰਥੀਆਂ ਨੂੰ ਪੂਰੀ ਸੁਹਿਰਦਤਾ ਨਾਲ ਪੜ੍ਹਾ ਸਕੇਗਾ? ਅਧਿਆਪਕ ਆਪਣੇ ਵਿਦਿਆਰਥੀਆਂ ਲਈ ਰੋਲ ਮਾਡਲ ਹੁੰਦਾ ਹੈ, ਗ਼ੈਰ-ਅਧਿਆਪਨੀ ਕੰਮ ਨਬੇੜਦੇ ਤੇ ਤਣਾਓ ਹੰਢਾਉਂਦੇ ਅਧਿਆਪਕ ਨਾ ਆਪਣੇ ਆਪ ਨਾਲ ਤੇ ਨਾ ਹੀ ਆਪਣੇ ਪਰਿਵਾਰ ਨਾਲ ਅਤੇ ਨਾ ਹੀ ਆਪਣੇ ਵਿਦਿਆਰਥੀਆਂ ਨਾਲ ਨਿਆਂ ਕਰ ਸਕਦੇ ਹਨ। ਸੱਤਾ/ਸਥਾਪਤੀ ਤਾਂ ਪਹਿਲਾਂ ਹੀ ਨਹੀਂ ਚਾਹੁੰਦੀ ਕਿ ਵਿਦਿਆਰਥੀਆਂ ਵਿਚ ਪੜ੍ਹਨ ਰੁਚੀ ਪ੍ਰਫੁੱਲਤ ਕੀਤੀ ਜਾਵੇ, ਉਨ੍ਹਾਂ ਨੂੰ ਸੱਚ ਖੋਜਣ ਦੀ ਰਾਹੇ ਤੋਰਿਆ ਜਾਵੇ। ਉਨ੍ਹਾਂ ਦੀ ਬੁੱਧੀ ਵਿਕਾਸ ਦੀ ਰਾਹੇ ਤੁਰ ਪਈ ਤਾਂ ਉਹ ਸਵਾਲ ਕਰਨਗੇ; ਉਹ ਵੋਟਰ ਨਹੀਂ, ਵਿਅਕਤੀ ਬਣਨਗੇ। ਸੱਤਾ ਚਾਹੁੰਦੀ ਹੈ ਕਿ ਨੌਜਵਾਨ ਡਿਗਰੀਆਂ ਬੇਸ਼ੱਕ ਲੈ ਲੈਣ ਤਾਂ ਕਿ ਸੌਖਿਆਂ ਵਿਦੇਸ਼ ਜਾ ਸਕਣ ਪਰ ਕਿਤੇ ਆਪਣੇ ਮੁਲਕ ਦੇ ਰਹਿਬਰਾਂ ਨੂੰ ਮੁਖ਼ਾਤਿਬ ਹੋਣਾ ਨਾ ਸਿੱਖ ਜਾਣ। ਜਦੋਂ ਸਿੱਖਿਆ ਸਥਿਤੀ ਅਜਿਹੀ ਹੋਵੇ ਤਾਂ ਸਮਾਜ ਦੇ ਨਿਘਾਰ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ? ਉਂਝ ਤਾਂ ਸਮਾਜ ਦੇ ਨਿਘਾਰ ਦੀ ਚਿੰਤਾ ਕਰਨ ਵਾਲੇ ਬਹੁਤ ਹਨ ਪਰ ਚਿੰਤਨ ਜਾਂ ਸੰਵਾਦ ਕਰਨ ਵਾਲੇ ਉਂਗਲੀਆਂ ’ਤੇ ਗਿਣਨ ਯੋਗੇ ਹੀ ਹੋਣਗੇ!

ਇਕ ਹੋਰ ਸੱਚ ਸਾਂਝਾ ਕਰਨਾ ਚਾਹੁੰਦੀ ਹਾਂ। 1986 ਵਿਚ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿਚ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਲਾਗੂ ਕੀਤੀ ਗਈ ਤਾਂ ਸਰਕਾਰ ਨੇ ਪੰਜਾਬੀ ਪੜ੍ਹਾਉਣ ਲਈ ਕਾਲਜਾਂ ਨੂੰ ਪੰਜਾਬੀ ਅਧਿਆਪਕਾਂ ਦੀਆਂ 229 ਅਸਾਮੀਆਂ ਦਿੱਤੀਆਂ ਪਰ ਇਨ੍ਹਾਂ ਅਸਾਮੀਆਂ ’ਤੇ ਕਾਰਜ ਕਰਦੇ ਅਧਿਆਪਕ ਜਿਵੇਂ ਜਿਵੇਂ ਸੇਵਾ ਮੁਕਤ ਹੋ ਰਹੇ ਹਨ, ਉਹ ਅਸਾਮੀ ਖ਼ਤਮ ਕੀਤੀ ਜਾ ਰਹੀ ਹੈ। ਹੁਣ ਉਂਗਲਾਂ ’ਤੇ ਗਿਣਨ ਯੋਗੇ ਅਧਿਆਪਕ ਹੀ ਬਚੇ ਹਨ। ਕੀ ਕਾਲਜਾਂ ਵਿਚ ਪੰਜਾਬੀ ਖ਼ਤਮ ਕਰ ਦਿੱਤੀ ਜਾਵੇਗੀ? ਜੇ ਨਹੀਂ ਤਾਂ ਪੰਜਾਬੀ ਪੜ੍ਹਾਉਣ ਲਈ ਅਧਿਆਪਕਾਂ ਦੀ ਭਰਤੀ, ਪੰਜਾਬੀ ਅਧਿਆਪਕਾਂ ਦੀਆਂ ਅਸਾਮੀਆਂ ਭਰਨ ਦੀ ਪ੍ਰਕਿਰਿਆ ਜਲਦੀ ਤੋਂ ਜਲਦੀ ਸ਼ੁਰੂ ਕੀਤੀ ਜਾਵੇ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਮੋਹ ਕਰਨ ਵਾਲਾ ਹਰ ਸ਼ਖ਼ਸ ਇਸ ਸੱਚ ਨੂੰ ਸੰਜੀਦਗੀ ਨਾਲ ਲਵੇ ਅਤੇ ਆਪੋ-ਆਪਣੇ ਢੰਗ ਨਾਲ ਸਰਕਾਰ ਨੂੰ ਉਹਦੇ ਫਰਜ਼ ਪ੍ਰਤੀ ਸੁਚੇਤ ਕਰਨ ਵਿਚ ਭੂਮਿਕਾ ਨਿਭਾਵੇ।