ਉੱਘੇ ਖੇਤੀ ਵਿਗਿਆਨੀ ਐੱਮ ਐੱਸ ਸਵਾਮੀਨਾਥਨ ਦਾ ਦੇਹਾਂਤ

ਉੱਘੇ ਖੇਤੀ ਵਿਗਿਆਨੀ ਐੱਮ ਐੱਸ ਸਵਾਮੀਨਾਥਨ ਦਾ ਦੇਹਾਂਤ

ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸਮੇਤ ਹੋਰਾਂ ਨੇ ਅਫ਼ਸੋਸ ਪ੍ਰਗਟਾਇਆ
ਚੇਨੱਈ-ਭੁੱਖਮਰੀ ਖ਼ਿਲਾਫ਼ ਉਮਰ ਭਰ ਸੰਘਰਸ਼ ਕਰਨ ਅਤੇ ਦੇਸ਼ ’ਚ ਹਰੇ ਇਨਕਲਾਬ ਦੇ ਮੋਢੀ ਉੱਘੇ ਖੇਤੀ ਵਿਗਿਆਨੀ ਐੱਮ ਐੱਸ ਸਵਾਮੀਨਾਥਨ (98) ਦਾ ਅੱਜ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ’ਚ ਤਿੰਨ ਧੀਆਂ ਹਨ ਜਨਿ੍ਹਾਂ ’ਚੋਂ ਇਕ ਡਾਕਟਰ ਸੌਮਿਆ ਸਵਾਮੀਨਾਥਨ ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨੀ ਰਹੀ ਹੈ। ਭੋਜਨ ਅਤੇ ਪੋਸ਼ਣ ਸੁਰੱਖਿਆ ਦੀ ਵਕਾਲਤ ਕਰਨ ਵਾਲੇ ਸਵਾਮੀਨਾਥਨ ਨੇ 1960ਵਿਆਂ ਦੌਰਾਨ ਅਜਿਹਾ ਇਤਿਹਾਸਕ ਕੰਮ ਕੀਤਾ ਜਿਸ ਨਾਲ ਅਕਾਲ ਦਾ ਕੋਈ ਜ਼ਿਆਦਾ ਅਸਰ ਨਹੀਂ ਪਿਆ। ਉਹ ਵੱਡੀ ਉਮਰ ਨਾਲ ਜੁੜੀਆਂ ਬਿਮਾਰੀਆਂ ਤੋਂ ਪੀੜਤ ਸਨ ਅਤੇ ਅੱਜ ਸਵੇਰੇ ਸਵਾ 11 ਵਜੇ ਦੇ ਕਰੀਬ ਆਪਣੀ ਰਿਹਾਇਸ਼ ’ਤੇ ਆਖਰੀ ਸਾਹ ਲਏ। ਉਨ੍ਹਾਂ ਦੇ ਦੇਹਾਂਤ ’ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁਰਮੂ ਨੇ ਕਿਹਾ ਕਿ ਸਵਾਮੀਨਾਥਨ ਆਪਣੇ ਪਿੱਛੇ ਅਮੀਰ ਵਿਰਸਾ ਛੱਡ ਗਏ ਹਨ ਜੋ ਦੁਨੀਆ ਨੂੰ ਮਨੁੱਖਤਾ ਲਈ ਇਕ ਸੁਰੱਖਿਅਤ ਅਤੇ ਭੁੱਖ-ਮੁਕਤ ਭਵਿੱਖ ਵੱਲ ਲਿਜਾਣ ’ਚ ਮਾਰਗ ਦਰਸ਼ਕ ਵਜੋਂ ਕੰਮ ਕਰੇਗਾ। ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਸਵਾਮੀਨਾਥਨ ਵੱਲੋਂ ਲੱਖਾਂ ਕਿਸਾਨਾਂ ਦੀ ਖੁਸ਼ਹਾਲੀ ਲਈ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਵਾਮੀਨਾਥਨ ਦੇ ਇਤਿਹਾਸਕ ਕੰਮ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਯਕੀਨੀ ਬਣਾਈ। ਭਾਰਤੀ ਖੇਤੀ ਖੋਜ ਇੰਸਟੀਚਿਊਟ ਦੇ ਡਾਇਰੈਕਟਰ ਏ ਕੇ ਸਿੰਘ ਨੇ ਕਿਹਾ ਕਿ ਸਵਾਮੀਨਾਥਨ ਦੇ ਦੇਹਾਂਤ ਨਾਲ ਖੇਤੀ ਖੋਜ, ਸਿੱਖਿਆ ਅਤੇ ਵਿਸਥਾਰ ’ਚ ਕਾਢਾਂ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ। ਤਾਮਿਲ ਨਾਡੂ ਦੇ ਰਾਜਪਾਲ ਆਰ ਐੱਨ ਰਵੀ, ਮੁੱਖ ਮੰਤਰੀ ਐੱਮ ਕੇ ਸਟਾਲਨਿ ਅਤੇ ਕਈ ਕਿਸਾਨ ਆਗੂਆਂ ਨੇ ਸਵਾਮੀਨਾਥਨ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ ਹੈ। ਕਾਂਗਰਸ ਪਾਰਟੀ ਨੇ ਸਵਾਮੀਨਾਥਨ ਵੱਲੋਂ ਖੇਤੀ ਸੈਕਟਰ ’ਚ ਪਾਏ ਯੋਗਦਾਨ ਲਈ ਉਨ੍ਹਾਂ ਨੂੰ ਯਾਦ ਕੀਤਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਸਵਾਮੀਨਾਥਨ ਹਰੇ ਇਨਕਲਾਬ ਦੇ ਬਾਨੀ ਸਨ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਸਵਾਮੀਨਾਥਨ ਨੇ ਹਰਾ ਇਨਕਲਾਬ ਲਿਆ ਕੇ ਦੇਸ਼ ਨੂੰ ਅਨਾਜ ਦੇ ਮਾਮਲੇ ’ਚ ਸਰਪਲਸ ਬਣਾ ਦਿੱਤਾ ਸੀ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਸਵਾਮੀਨਾਥਨ ਨੇ 70ਵਿਆਂ ਦੇ ਅੱਧ ’ਚ ਦੇਸ਼ ਨੂੰ ਚੌਲ ਅਤੇ ਕਣਕ ਦੇ ਮਾਮਲੇ ’ਚ ਆਤਮ-ਨਿਰਭਰ ਬਣਾ ਦਿੱਤਾ ਸੀ। ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵੇਗੌੜਾ ਨੇ ਕਿਹਾ ਕਿ ਕਈ ਮੌਕਿਆਂ ’ਤੇ ਸਵਾਮੀਨਾਥਨ ਦੇ ਵਡਮੁੱਲੇ ਵਿਚਾਰਾਂ ਨਾਲ ਉਨ੍ਹਾਂ ਨੂੰ ਲਾਭ ਹੋਇਆ ਸੀ। ਕੇਂਦਰੀ ਮੰਤਰੀਆਂ ਅਮਿਤ ਸ਼ਾਹ, ਨਰੇਂਦਰ ਸਿੰਘ ਤੋਮਰ, ਪਿਯੂਸ਼ ਗੋਇਲ, ਮਨਸੁਖ ਮਾਂਡਵੀਆ, ਹਰਦੀਪ ਸਿੰਘ ਪੁਰੀ ਅਤੇ ਹੋਰਾਂ ਨੇ ਸਵਾਮੀਨਾਥਨ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਮੁਲਕ ਸਵਾਮੀਨਾਥਨ ਵੱਲੋਂ ਖੇਤੀ ਅਤੇ ਕਿਸਾਨਾਂ ਦੇ ਜੀਵਨ ’ਚ ਲਿਆਂਦੇ ਹਾਂ-ਪੱਖੀ ਬਦਲਾਅ ਨੂੰ ਹਮੇਸ਼ਾ ਯਾਦ ਰੱਖੇਗਾ।