ਉਸਾਰੀ ਕਾਮਿਆਂ ਲਈ ਜਾਰੀ ਪੂਰਾ ਪੈਸਾ ਨਹੀਂ ਵਰਤਿਆ: ਮੋਦੀ

ਈਐੱਸਆਈਸੀ ਤੇ ਆਯੂਸ਼ਮਾਨ ਸਕੀਮ ਦੀ ਵੀ ਸੁਚੱਜੀ ਵਰਤੋਂ ਦਾ ਸੁਨੇਹਾ ਦਿੱਤਾ
ਤਿਰੂਪਤੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀਆਂ ਸੂਬਾਈ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਸਾਰੀ ਵਰਕਰਾਂ ਲਈ ਜਾਰੀ ਫੰਡਾਂ ਦੀ ਪੂਰੀ ਤਰ੍ਹਾਂ ਵਰਤੋਂ ਕੀਤੀ ਜਾਵੇ। ਇਸੇ ਤਰ੍ਹਾਂ ਉਨ੍ਹਾਂ ਨੇ ਈਐੱਸਆਈਸੀ ਤੇ ਆਯੂਸ਼ਮਾਨ ਭਾਰਤ ਸਕੀਮਾਂ ਦੀ ਵੀ ਸੁਚੱਜੀ ਵਰਤੋਂ ਦਾ ਸੁਨੇਹਾ ਦਿੱਤਾ। ਦੇਸ਼ ਦੇ ਕਿਰਤ ਮੰਤਰੀਆਂ ਅਤੇ ਸਕੱਤਰਾਂ ਦੀ ਦੋ ਰੋਜ਼ਾ ਕੌਮੀ ਕਾਨਫਰੰਸ ਦੇ ਉਦਘਾਟਨ ਸਮਾਗਮ ਨੂੰ ਇਥੋਂ ਵੀਡੀਓ ਲਿੰਕ ਰਾਹੀਂ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਉਸਾਰੀ ਵਰਕਰ ਦੇਸ਼ ਦਾ ਅਹਿਮ ਹਿੱਸਾ ਹਨ। ਉਨ੍ਹਾਂ ਕਿਹਾ ਕਿ ਮੇਰੇ ਧਿਆਨ ਵਿੱਚ ਆਇਆ ਹੈ ਕਿ ਸੂਬਾਈ ਸਰਕਾਰਾਂ ਨੇ ਇਨ੍ਹਾਂ ਉਸਾਰੀ ਵਰਕਰਾਂ ਦੀ ਭਲਾਈ ਲਈ 38 ਹਜ਼ਾਰ ਕਰੋੜ ਰੁਪਏ ਦੀ ਪੂਰੀ ਤਰ੍ਹਾਂ ਵਰਤੋਂ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਉਸਾਰੀ ਵਰਕਰਾਂ ਦੀ ਭਲਾਈ ਲਈ ਕਰ ਵੀ ਵਸੂਲਿਆ ਜਾਂਦਾ ਹੈ ਤੇ ਸਰਕਾਰਾਂ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਵੱਧ ਤੋਂ ਵੱਧ ਉਸਾਰੀ ਕਾਮਿਆਂ ਨੂੰ ਇਸ ਕਰ ਤੋਂ ਬਰਾਮਦ ਹੋਣ ਵਾਲੀ ਰਾਸ਼ੀ ਦਾ ਲਾਭ ਦਿੱਤਾ ਜਾ ਸਕੇ। ਉਨ੍ਹਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਸੂਬਾਈ ਸਰਕਾਰਾਂ ਮੁਲਾਜ਼ਮਾਂ ਦੀ ਸਟੇਟ ਬੀਮਾ ਯੋਜਨਾ ਅਤੇ ਆਯੂਸ਼ਮਾਨ ਭਾਰਤ (ਸਿਹਤ) ਸਕੀਮ ਨੂੰ ਲਾਗੂ ਕਰਨ ’ਤੇ ਧਿਆਨ ਕੇਂਦਰਿਤ ਕਰਨ।