ਈਡੀ ਵੱਲੋਂ ‘ਆਪ’ ਵਿਧਾਇਕ ਅਮਾਨਤਉੱਲ੍ਹਾ ਦੇ ਟਿਕਾਣਿਆਂ ’ਤੇ ਛਾਪੇ

ਈਡੀ ਵੱਲੋਂ ‘ਆਪ’ ਵਿਧਾਇਕ ਅਮਾਨਤਉੱਲ੍ਹਾ ਦੇ ਟਿਕਾਣਿਆਂ ’ਤੇ ਛਾਪੇ

ਨਵੀਂ ਦਿੱਲੀ- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਸਬੰਧੀ ਅੱਜ ਦਿੱਲੀ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਾਨਤਉੱਲ੍ਹਾ ਖਾਨ ਦੇ ਟਿਕਾਣਿਆਂ ’ਤੇ ਛਾਪੇ ਮਾਰੇ। ਖਾਨ (49) ਦਿੱਲੀ ਵਿਧਾਨ ਸਭਾ ਵਿੱਚ ਓਖਲਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ। ਜਾਣਕਾਰੀ ਮੁਤਾਬਕ ਈਡੀ ਵੱਲੋਂ ਮਨੀ ਲਾਂਡਰਿੰਗ ਰੋਕੂ ਐਕਟ (ਪੀਐੱਮਐੱਲਏ) ਦੀਆਂ ਧਾਰਾਵਾਂ ਤਹਿਤ ਛਾਪੇ ਮਾਰੇ ਜਾ ਰਹੇ ਹਨ ਅਤੇ ਕਰੀਬ ਤਿੰਨ ਟਿਕਾਣਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਸੰਘੀ ਜਾਂਚ ਏਜੰਸੀ ਨੇ ਦਿੱਲੀ ਵਕਫ ਬੋਰਡ ਵਿੱਚ ਗੈਰ-ਕਾਨੂੰਨੀ ਨਿਯੁਕਤੀਆਂ ਨਾਲ ਸਬੰਧਤ ਇੱਕ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਖਾਨ ਖ਼ਿਲਾਫ਼ ਸੀਬੀਆਈ ਤੇ ਦਿੱਲੀ ਦੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏਸੀਬੀ) ਦੀਆਂ ਐੱਫਾਈਆਰਜ਼ ਦਾ ਨੋਟਿਸ ਲਿਆ ਹੈ। ਖਾਨ ਨੂੰ ਦਿੱਲੀ ਏਸੀਬੀ ਨੇ ਸਤੰਬਰ 2022 ਵਿੱਚ ਗ੍ਰਿਫਤਾਰ ਕੀਤਾ ਸੀ। ਏਸੀਬੀ ਦਾ ਮਾਮਲਾ ‘ਦਿੱਲੀ ਵਕਫ਼ ਬੋਰਡ ਦੇ ਕੰਮਕਾਜ ਵਿੱਚ ਵਿੱਤੀ ਅਤੇ ਹੋਰ ਬੇਨਿਯਮੀਆਂ ਨਾਲ ਸਬੰਧਤ ਹੈ।” ਏਸੀਬੀ ਦੀ ਐੱਫਆਈਆਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਖਾਨ ਨੇ ਦਿੱਲੀ ਵਕਫ਼ ਬੋਰਡ ਦੇ ਚੇਅਰਮੈਨ ਵਜੋਂ ਸੇਵਾ ਕਰਦਿਆਂ ਸਾਰੇ ਨਿਯਮਾਂ ਅਤੇ ਸਰਕਾਰੀ ਨਿਰਦੇਸ਼ਾਂ ਦੀ ਉਲੰਘਣਾ ਕਰਦੇ ਹੋਏ ਗੈਰ-ਕਾਨੂੰਨੀ ਰੂਪ ’ਚ 32 ਲੋਕਾਂ ਦੀ ਭਰਤੀ ਕੀਤੀ ਸੀ। ਉਨ੍ਹਾਂ ’ਤੇ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਦਾ ਵੀ ਦੋਸ਼ ਲਾਇਆ ਗਿਆ ਹੈ।

ਭਾਜਪਾ ‘ਇੰਡੀਆ’ ਤੋਂ ਡਰੀ: ਰਾਘਵ ਚੱਢਾ

ਨਵੀਂ ਦਿੱਲੀ: ‘ਆਪ’ ਆਗੂ ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਕੇਂਦਰੀ ਜਾਂਚ ਏਜੰਸੀਆਂ ਸੀਬੀਆਈ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਰਜ ਕੀਤੇ ਗਏ 95 ਫੀਸਦੀ ਕੇਸ ਵਿਰੋਧੀ ਆਗੂਆਂ ਦੇ ਖ਼ਿਲਾਫ਼ ਹਨ। ਉਨ੍ਹਾਂ ਿਕਹਾ ਕਿ ‘ਆਪ’ ਦੇ ਵਿਧਾਇਕ ਅਮਾਨਤਉੱਲ੍ਹਾ ਖਾਨ ਖ਼ਿਲਾਫ਼ ਈਡੀ ਵੱਲੋਂ ਉਸ ਮਾਮਲੇ ’ਚ ਛਾਪੇ ਮਾਰੇ ਜਾ ਰਹੇ ਹਨ, ਜਿਸ ’ਚ ਉਸ ਨੂੰ ਪਿਛਲੇ ਸਾਲ ਜ਼ਮਾਨਤ ਮਿਲ ਗਈ ਸੀ। ਭਾਜਪਾ ਵਿਰੋਧੀ ਗੱਠਜੋੜ ‘ਇੰਡੀਆ’ ਤੋਂ ਡਰੀ ਹੋਈ ਹੈ।