‘ਈਕੋਸਿੱਖ’ ਸੰਗਠਨ ਨੇ 850 ਪਵਿੱਤਰ ਜੰਗਲ ਤਿਆਰ ਕੀਤੇ

‘ਈਕੋਸਿੱਖ’ ਸੰਗਠਨ ਨੇ 850 ਪਵਿੱਤਰ ਜੰਗਲ ਤਿਆਰ ਕੀਤੇ

ਵਾਸ਼ਿੰਗਟਨ-ਅਮਰੀਕਾ ਅਧਾਰਿਤ ਵਾਤਾਵਰਨ ਸਬੰਧੀ ਸਿੱਖ ਸੰਗਠਨ ‘ਈਕੋਸਿੱਖ’ ਨੇ 850 ‘ਪਵਿੱਤਰ ਜੰਗਲਾਂ’ ਵਿੱਚ ਬੂਟੇ ਦਾ ਲਾਉਣ ਦਾ ਕਾਰਜ ਪੂਰਾ ਕਰ ਲਿਆ ਹੈ। ਸੰਗਠਨ ਵੱਲੋਂ ਹੁਣ ਦੁਬਈ ਵਿੱਚ ਹੋਣ ਵਾਲੇ ਸੰਯੁਕਤ ਰਾਸ਼ਟਰ (ਯੂਐੱਨ) ਜਲਵਾਯੂ ਸਿਖਰ ਸੰਮੇਲਨ ਵਿੱਚ ਇਸ ਸਬੰਧੀ ਪ੍ਰਗਤੀ ਰਿਪੋਰਟ ਅਤੇ ਕਾਰਜ ਯੋਜਨਾ ਪੇਸ਼ ਕੀਤੀ ਜਾਵੇਗੀ। ਸੰਗਠਨ ਨੇ ਹਾਲ ਹੀ ’ਚ ਲੁਧਿਆਣਾ ’ਚ ਇੱਕ ‘ਪਵਿੱਤਰ ਜੰਗਲ’ ਤਿਆਰ ਕੀਤਾ ਹੈ।

ਇੱਕ ਪ੍ਰੈੱਸ ਬਿਆਨ ਮੁੁਤਾਬਕ ‘‘ਈਕੋਸਿੱਖ’’ ਦੇ ਪ੍ਰਧਾਨ ਰਾਜਵੰਤ ਸਿੰਘ ਵਾਤਾਵਰਨ ਪ੍ਰਣਾਲੀ ਦੀ ਬਹਾਲੀ ਲਈ ਇੱਕ ਪ੍ਰਭਾਵਸ਼ਾਲੀ ਜਲਵਾਯੂੁ ਹੱਲ ਵਜੋਂ ‘ਪਵਿੱਤਰ ਜੰਗਲ’ ਦੇ ਉਪਰਾਲੇ ਦਾ ਪ੍ਰਦਰਸ਼ਨ ਕਰਨਗੇ ਅਤੇ ਸਰਕਾਰੀ ਸੰਗਠਨਾਂ ਅਤੇ ਹੋਰ ਗਰੁੱਪਾਂ ਨਾਲ ਸਹਿਯੋਗ ਦੀ ਪੇਸ਼ਕਸ਼ ਕਰਨਗੇ। ਉਨ੍ਹਾਂ ਨੂੰ ਸੀਓਪੀ28 ਦੇ ਸੀਈਓ ਅਦਨਾਨ ਜ਼ੈੱਡ. ਆਮੀਨ ਵੱਲੋਂ ‘‘ਸ਼ਹਿਰੀ ਗਿਆਨ: ਸਵਦੇਸ਼ੀ ਗਿਆਨ ਅਤੇ ਭਵਿੱਖੀ ਸ਼ਹਿਰਾਂ ਦਾ ਸ਼ਾਸਨ’ ਨਾਮੀ ਇੱਕ ਪੈਨਲ ਨੂੰ ਸੰਬੋਧਨ ਕਰਨ ਲਈ ਸੱਦਾ ਦਿੱਤਾ ਗਿਆ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ‘ਈਕੋਸਿੱਖ’ ਲੁਧਿਆਣਾ ਦੇ ਕੇਂਦਰੀ ਹਿੱਸੇ ਵਿੱਚ 1313 ਬੂਟੇ ਲਾ ਕੇ 850ਵਾਂ ਪਵਿੱਤਰ ਜੰਗਲ ਤਿਆਰ ਕੀਤਾ ਹੈ। ਈਕੋਸਿੱਖ ਦੁਬਈ ਵਿੱਚ ਵੱਖ-ਵੱਖ ਹਿੱਤਧਾਰਕਾਂ ਦੀ ਮੀਟਿੰਗ ਵਿੱਚ ਆਪਣੀ ਪ੍ਰਗਤੀ ਰਿਪੋਰਟ ਅਤੇ ਕਾਰਜ ਯੋਜਨਾ ਪੇਸ਼ ਕਰੇਗੀ। ਦੁਬਈ ਵਿੱਚ ਹੋਣ ਵਾਲਾ ਸੀਓਪੀ28 ਸੰਮੇਲਨ ਇਸ ਸਾਲ ਸਭ ਤੋਂ ਵੱਡੇ ਅਤੇ ਅਹਿਮ ਇਕੱਠਾਂ ਵਿੱਚੋਂ ਇੱਕ ਹੋਵੇਗਾ, ਜਿਸ ਵਿੱਚ 60 ਹਜ਼ਾਰ ਤੋਂ 80 ਹਜ਼ਾਰ ਤੱਕ ਡੈਲੀਗੇਟਾਂ ਤੇ 140 ਤੋਂ ਵੱਧ ਮੁਲਕਾਂ ਦੇ ਮੁਖੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਦੱਸਣਯੋਗ ਹੈ ਕਿ ‘ਈਕੋੋਸਿੱਖ’ ਸੰਠਗਨ ਦੀ ਸਥਾਪਨਾ 2009 ਵਿੱਚ ਜਲਵਾਯੂ ਤਬਦੀਲੀ ਪ੍ਰਤੀ ਸਿੱਖ ਭਾਈਚਾਰੇ ਦੇ ਕਦਮਾਂ ਵਜੋਂ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਸਹਿਯੋਗ ਨਾਲ ਕੀਤੀ ਗਈ ਸੀ। ਇਹ ਸੰਗਠਨ ਭਾਰਤ ਵਿੱਚ ਵਾਤਾਵਰਨ ਸਬੰਧੀ ਮੁੱਦਿਆਂ ’ਤੇ ਕੰੰਮ ਕਰ ਰਿਹਾ ਹੈ ਅਤੇ ਹੁਣ ਕੈਨੇਡਾ, ਯੂਕੇ, ਆਇਰਲੈਂਡ ਅਤੇ ਅਮਰੀਕਾ ਵਿੱਚ ਵੀ ਇਸ ਦੀਆਂ ਸ਼ਾਖਾਵਾਂ ਹਨ।