ਇੱਕ ਰੋਜ਼ਾ ਵਿਸ਼ਵ ਕੱਪ ਦਾ ਆਗਾਜ਼ 5 ਅਕਤੂਬਰ ਤੋਂ

ਇੱਕ ਰੋਜ਼ਾ ਵਿਸ਼ਵ ਕੱਪ ਦਾ ਆਗਾਜ਼ 5 ਅਕਤੂਬਰ ਤੋਂ

ਆਈਸੀਸੀ ਵੱਲੋਂ ਵਿਸ਼ਵ ਕੱਪ ਦਾ ਸ਼ਡਿਊਲ ਜਾਰੀ; ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ 15 ਅਕਤੂਬਰ ਨੂੰ
ਮੁੰਬਈ- ਭਾਰਤ ਅਤੇ ਪਾਕਿਸਤਾਨ ਵਿਚਾਲੇ ਇੱਕ ਰੋਜ਼ਾ ਵਿਸ਼ਵ ਕੱਪ ਦਾ ਬਹੁ-ਚਰਚਿਤ ਮੁਕਾਬਲਾ 15 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। 19 ਨਵੰਬਰ ਨੂੰ ਫਾਈਨਲ ਵੀ ਇਸੇ ਸਟੇਡੀਅਮ ’ਚ ਖੇਡਿਆ ਜਾਵੇਗਾ। ਆਈਸੀਸੀ ਨੇ ਅੱਜ ਇਹ ਐਲਾਨ ਕੀਤਾ ਹੈ। ਟੂਰਨਾਮੈਂਟ ਦੀ ਸ਼ੁਰੂਆਤ 5 ਅਕਤੂਬਰ ਨੂੰ ਅਹਿਮਦਾਬਾਦ ਵਿੱਚ ਪਿਛਲੀ ਜੇਤੂ ਟੀਮ ਇੰਗਲੈਂਡ ਅਤੇ ਉਪ ਜੇਤੂ ਨਿਊਜ਼ੀਲੈਂਡ ਵਿਚਾਲੇ ਮੈਚ ਨਾਲ ਹੋਵੇਗੀ। ਦਰਸ਼ਕਾਂ ਦੀ ਗਿਣਤੀ ਦੇ ਆਧਾਰ ’ਤੇ ਨਰਿੰਦਰ ਮੋਦੀ ਸਟੇਡੀਅਮ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਹੈ ਜਿਸ ਵਿੱਚ 1,32,000 ਦਰਸ਼ਕ ਬੈਠ ਸਕਦੇ ਹਨ, ਜੋ ਮੈਲਬਰਨ ਕ੍ਰਿਕਟ ਗਰਾਊਂਡ (ਐੱਮਸੀਜੀ) ਤੋਂ 32,000 ਵੱਧ ਹਨ।

ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ 15 ਨਵੰਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਅਤੇ ਦੂਜਾ ਸੈਮੀਫਾਈਨਲ ਅਗਲੇ ਦਿਨ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਖੇਡਿਆ ਜਾਵੇਗਾ। ਫਾਈਨਲ ਮੈਚ ਅਹਿਮਦਾਬਾਦ ਵਿੱਚ 19 ਨਵੰਬਰ ਨੂੰ ਹੋਵੇਗਾ। ਇੱਕ ਰੋਜ਼ਾ ਵਿਸ਼ਵ ਕੱਪ ਤੋਂ ਸੌ ਦਿਨ ਪਹਿਲਾਂ ਸ਼ਡਿਊਲ ਦਾ ਐਲਾਨ ਕਰਦਿਆਂ ਆਈਸੀਸੀ ਨੇ ਕਿਹਾ ਕਿ ਮੇਜ਼ਬਾਨ ਭਾਰਤ ਆਪਣੀ ਮੁਹਿੰਮ ਦਾ ਆਗਾਜ਼ ਅੱਠ ਅਕਤੂਬਰ ਨੂੰ ਪੰਜ ਵਾਰ ਦੀ ਵਿਸ਼ਵ ਕੱਪ ਜੇਤੂ ਆਸਟਰੇਲੀਆ ਖ਼ਿਲਾਫ਼ ਚੇਨੱਈ ਵਿੱਚ ਕਰੇਗਾ।

ਵਿਸ਼ਵ ਕੱਪ ਦੇ ਮੈਚ ਹੈਦਰਾਬਾਦ, ਅਹਿਮਦਾਬਾਦ, ਧਰਮਸ਼ਾਲਾ, ਦਿੱਲੀ, ਚੇਨੱਈ, ਲਖਨਊ, ਪੁਣੇ, ਬੰਗਲੂਰੂ, ਮੁੰਬਈ ਅਤੇ ਕੋਲਕਾਤਾ ਵਿੱਚ ਖੇਡੇ ਜਾਣਗੇ। ਇਸੇ ਤਰ੍ਹਾਂ ਗੁਹਾਟੀ ਅਤੇ ਤਿਰੂਵਨੰਤਪੁਰਮ ਤੋਂ ਇਲਾਵਾ ਹੈਦਰਾਬਾਦ ਵਿੱਚ 29 ਸਤੰਬਰ ਤੋਂ 3 ਅਕਤੂਬਰ ਤੱਕ ਅਭਿਆਸ ਮੈਚ ਖੇਡੇ ਜਾਣਗੇ। ਬੀਤੇ ਦਿਨ 12 ਮੇਜ਼ਬਾਨ ਐਸੋਸੀਏਸ਼ਨਾਂ ਨਾਲ ਮੀਟਿੰਗ ਤੋਂ ਬਾਅਦ ਅੱਜ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਸ ਵਿਸ਼ਵ ਕੱਪ ਵਿੱਚ 10 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਵਿੱਚੋਂ ਅੱਠ ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਸੁਪਰ ਲੀਗ ਰਾਹੀਂ ਕੁਆਲੀਫਾਈ ਕੀਤਾ ਹੈ ਅਤੇ ਬਾਕੀ ਦੋ ਜ਼ਿੰਬਾਬਵੇ ਵਿੱਚ ਚੱਲ ਰਹੇ ਕੁਆਲੀਫਾਇਰ ਟੂਰਨਾਮੈਂਟ ਰਾਹੀਂ ਪੁੱਜਣਗੀਆਂ। ਸਾਬਕਾ ਚੈਂਪੀਅਨ ਸ੍ਰੀਲੰਕਾ ਤੋਂ ਇਲਾਵਾ ਵੈਸਟਇੰਡੀਜ਼, ਨੈਦਰਲੈਂਡਜ਼, ਓਮਾਨ, ਸਕਾਟਲੈਂਡ, ਯੂਏਈ, ਅਮਰੀਕਾ ਅਤੇ ਮੇਜ਼ਬਾਨ ਜ਼ਿੰਬਾਬਵੇ ਕੁਆਲੀਫਾਇਰ ਵਿੱਚ ਹਿੱਸਾ ਲੈ ਰਹੇ ਹਨ। ਵਿਸ਼ਵ ਕੱਪ ’ਚ ਸਾਰੀਆਂ ਟੀਮਾਂ ਰਾਊਂਡ ਰੋਬਿਨ ਦੇ ਆਧਾਰ ’ਤੇ ਇੱਕ-ਦੂਜੇ ਨਾਲ ਖੇਡਣਗੀਆਂ, ਜਿਸ ਤੋਂ ਬਾਅਦ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਹੋਣਗੇ।